ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ‘ਚ ਹੋਵੇਗਾ ਪੱਕੇ ਧਰਨੇ ਦਾ ਐਲਾਨ

ਰਈਆ, 7 ਅਪ੍ਰੈਲ (ਬਲਵਿੰਦਰ ਸਿੰਘ ਸੰਧੂ) – ਅੱਜ ਕਿਸਾਨ ਸੰਘਰਸ਼ ਕਮੇਟੀ ਜੋਨ ਬਾਬਾ ਬਕਾਲਾ ਸਾਹਿਬ ਅਤੇ ਜੋਨ ਮਹਿਤਾ ਵੱਲੋ ਹਜਾਰਾਂ ਕਿਸਾਨਾਂ , ਮਜਦੂਰਾਂ ਅਤੇ ਬੀਬੀਆ ਵੱਲੋ ਪਾਵਰ ਕਾਮ ਦੀਆਂ ਹੋ ਰਹੀਆਂ ਧੱਕੇਸਾਹੀਆਂ ਅਤੇ ਸਹੀ ਤਰੀਕੇ ਨਾਲ ਕੰਮ ਨਾ ਕਰਨ ‘ਤੇ ਸਤਨਾਮ ਸਿੰਘ ਮੱਦੜ ਅਤੇ ਅਮਰੀਕ ਸਿੰਘ ਭੋਏਵਾਲ ਦੀ ਪ੍ਰਧਾਨਗੀ ਹੇਠ ਐਕਸੀਅਨ ਦਫਤਰ ਬਿਆਸ ਦੇ ਸਾਹਮਣੇ ਧਰਨਾ ਦਿੱਤਾ ਗਿਆ।ਹਜਾਰਾਂ ਕਿਸਾਨਾਂ ਮਜਦੂਰਾਂ ਅਤੇ ਬੀਬੀਆਂ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਸਘੰਰਸ਼ ਕਮੇਟੀ ਦੇ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ, ਸੂਬਾ ਆਗੂ ਸਤਨਾਮ ਸਿੰਘ ਜੌਹਲ, ਦਲਬੀਰ ਸਿੰਘ ਬੇਦਾਦਪੁਰ, ਹਰਬਿੰਦਰ ਸਿੰਘ ਭਲਾਈਪੁਰ, ਚਰਨ ਸਿੰਘ ਕਲੇਰ ਘੁਮਾਣ, ਕਰਮ ਸਿੰਘ ਬੱਲ ਸਰਾਂ ਅਤੇ ਤਰਸੇਮ ਸਿੰਘ ਬੁਤਾਲਾ ਨੇ ਦੱਸਿਆ ਕਿ ਇਲਾਕੇ ਵਿੱਚ ਜਿੰਨੇ ਵੀ ਟਰਾਂਸਫਾਰਮਰ ਡੀ ਲੋਡ ਹਨ ਉਹਨਾਂ ਨੂੰ ਲੋਡ ਕੀਤਾ ਜਾਵੇ।ਜਿੰਨੇ ਵੀ ਟਰਾਂਸਫਾਰਮਾਂ ਦੀਆਂ ਪੱਤੀਆਂ ਸਪਾਰਕ ਕਰ ਰਹੀਆਂ ਹਨ ਉਹ ਜਾਂ ਉੱਚੀਆਂ ਕੀਤੀਆਂ ਜਾਣ ਜਾਂ ਬਦਲੀਆਂ ਜਾਣ ।ਜਿੰਨੇ ਵੀ ਸਿੰਗਲ ਫੇਸ ਟਰਾਂਸਫਾਰਮਰ ਲੱਗੇ ਹਨ ਉਹਨਾਂ ਦੇ ਸਵਿੱਚ ਲਗਾਏ ਜਾਣ।ਜਿਹੜੇ ਸਵਿੱਚ ਕੰਮ ਨਹੀ ਕਰ ਰਹੇ ਉਹ ਜਾਂ ਤਾਂ ਰੀਪੇਅਰ ਕੀਤੇ ਜਾਣ ਜਾ ਬਦਲੇ ਜਾਣ।
ਪਿੰਡਾਂ ਵਿੱਚ ਢਿੱਲੀਆਂ ਲਮਕ ਰਹੀਆਂ ਤਾਰਾ ਨੂੰ ਨਵੇ ਪੋਲ ਲਗਾ ਕੇ ਉੱਪਰ ਚੁੱਕਿਆ ਜਾਵੇ ਤਾਂ ਕਿ ਆਮ ਲੋਕ ਹਾਦਸਿਆਂ ਦਾ ਸਿਕਾਰ ਨਾ ਹੋਣ।ਪੁਰਾਣੀਆਂ ਸਾਰੀਆਂ ਤਾਰਾਂ ਬਦਲੀਆਂ ਜਾਣ । ਮੋਟਰਾਂ ਦਾ ਲੋਡ ਵਧਾਉਣ ਵਾਸਤੇ ਕਿਸਾਨਾਂ ਪਾਸੋ 1200 ਰੁਪਿਆ ਪ੍ਰਤੀ ਹਾਊਸਪਾਵਰ ਦੇ ਹਿਸਾਬ ਨਾਲ ਚਾਰਜ ਕਰਕੇ ਲੋਡ ਵਧਾਇਆ ਜਾਵੇ, ਜਿੰਨਾਂ ਚਿਰ ਤੱਕ 1200 ਰੁਪਿਆ ਲੈ ਕੇ ਲੋਡ ਨਹੀ ਵਧਾਇਆ ਜਾਂਦਾ ਉਨਾਂ ਚਿਰ ਤੱਕ ਕਿਸੇ ਵੀ ਮੋਟਰ ਦਾ ਲੋਡ ਚੈਕ ਕਰਕੇ ਨਜਾਇਜ ਜੁਰਮਾਨੇ ਨਾ ਪਾਏ ਜਾਣ ।ਕਿਸਾਨਾਂ ਮਜਦੂਰਾਂ ਅਤੇ ਦੁਕਾਨਦਾਰਾਂ ਤੇ ਨਿਹੱਥੇ ਜੁਰਮਾਨੇ ਪਾਉਣੇ ਬੰਦ ਕੀਤੇ ਜਾਣ ਅਤੇ ਉਹਨਾਂ ਦੀ ਹੈਸੀਅਤ ਮੁਤਾਬਿਕ ਹੀ ਜੁਰਮਾਨਾ ਪਾਇਆ ਜਾਵੇ।ਸੜਿਆ ਅਤੇ ਚੋਰੀ ਹੋਇਆ ਟਰਾਂਸਫਾਰਮਰ 48 ਘੰਟੇ ਵਿੱਚ ਬਿਨਾਂ ਪੈਸੇ ਲਏ ਬਦਲੀ ਕੀਤਾ ਜਾਵੇ ਅਤੇ ਇਹ ਸਾਰੀ ਕਾਰਵਾਈ ਦੀ ਜਿੰਮੇਵਾਰੀ ਜੇ.ਈ. ਦੀ ਹੋਵੇ।ਕਿਸਾਨਾਂ ਨੂੰ ਝੋਨੇ ਦੇ ਸੀਜਨ ਵਿੱਚ 16 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ।ਪਿੰਡਾਂ ਅਤੇ ਡੇਰੇ ਢਾਣੀਆਂ ਨੂੰ 24 ਘੰਟੇ ਬਿਜਲੀ ਨਿਰਵਿਘਨ ਦਿੱਤੀ ਜਾਵੇ।ਜਿੰਨਾਂ ਡੇਰੇ ਢਾਣੀਆਂ ਨੂੰ ਅਰਬਨ ਸਪਲਾਈ ਨਹੀ ਦਿੱਤੀ ਗਈ ਉਹਨਾਂ ਨੂੰ ਇੱਕ ਫੇਸ ਬੱਚਿਆਂ ਦੀ ਪੜਾਈ ਲਈ ਸਵੇਰੇ ਸਾਮ 4 ਘੰਟੇ ਬੱਤੀ ਛੱਡੀ ਜਾਵੇ ।ਜਿੰਨਾਂ ਕਿਸਾਨਾਂ ਕੋਲੋ ਲੱਖਾਂ ਰੁਪਏ ਪਾਵਰਕਾਮ ਨੇ ਲਏ ਹਨ ਉਹਨਾਂ ਨੂੰ ਤੁਰੰਤ ਕੁਨੈਕਸ਼ਨ ਜਾਰੀ ਕੀਤੇ ਜਾਣ।ਡੇਢ ਤੋ ਢਾਈ ਕਿੱਲੇ ਵਾਲੇ ਕਿਸਾਨਾਂ ਨੂੰ ਬਾਦਲ ਸਰਕਾਰ ਦੇ ਵਾਅਦੇ ਮੁਤਾਬਿਕ ਕੁਨੈਕਸ਼ਨ ਤੁਰੰਤ ਜਾਰੀ ਕੀਤੇ ਜਾਣ।ਘਰੇਲੂ ਖਪਤਕਾਰਾਂ ਨੂੰ ਬਿਜਲੀ ਇੱਕ ਰੁਪੈ ਯੂਨਿਟ ਕੀਤੀ ਜਾਵੇ ।22 ਫਰਵਰੀ ਦੇ ਘੱਲੂਘਾਰੇ ਵਿੱਚ ਹੋਏ ਨੁਕਸਾਨ ਦਾ ਸਾਰਾ ਮੁਆਵਜਾ ਤੁਰੰਤ ਦਿੱਤਾ ਜਾਵੇ।
ਇਸ ਮੌਕੇ ਮੁਖਬੈਨ ਸਿੰਘ ਜੋਧਾਨਗਰੀ, ਕੰਵਲਜੀਤ ਸਿੰਘ, ਬੀਬੀ ਰਘਬੀਰ ਕੌਰ, ਬੀਬੀ ਗੁਰਮੀਤ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਸਿਮਰਜੀਤ ਕੌਰ, ਹਰਦਿਆਲ ਸਿੰਘ ਗੱਗੜਭਾਣਾ,ਮੁਖਤਾਰ ਸਿੰਘ ਵਡਾਲਾ, ਜਗਤਾਰ ਸਿੰਘ ਡੇਹਰੀਵਾਲ, ਪ੍ਰਗਟ ਸਿੰਘ ਅਰਜਨਮਾਗਾ, ਬਲਵਿੰਦਰ ਸਿੰਘ ਸੈਦੋਕੇ, ਹਰਦੀਪ ਸਿੰਘ, ਜਰਨੈਲ ਸਿੰਘ ਚੀਮਾਂਬਾਠ, ਇਕਬਾਲ ਸਿੰਘ ਚਾਟੀਵਿੰਡ, ਸੇਵਾ ਸਿੰਘ ਸੈਦੋ ਲੇਹਲ, ਸਵਿੰਦਰ ਸਿੰਘ ਚੰਨਣਕੇ, ਕਰਤਾਰ ਸਿੰਘ ਸਠਿਆਲਾ, ਰਘਬੀਰ ਸਿੰਘ ਠੱਠੀਆਂ, ਰਣਜੀਤ ਸਿੰਘ ਕਲੇਰ ਆਦਿ ਹਾਜਰ ਸਨ।
Punjab Post Daily Online Newspaper & Print Media