ਸਿੱਖ ਕੌਮ ਦੀ ਮੰਗ, ਪੰਜਾਬ ਸਰਕਾਰ ਕਰੇ ਵਿਸ਼ੇਸ਼ ਯਤਨ
ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ) ਦੇ ਜਿਲਾ ਪ੍ਰਧਾਨ ਤੇ ਮੈਂਬਰ ਜੇਲ੍ਹ ਬੋਰਡ ਪੰਜਾਬ ਕੰਵਰਬੀਰ ਸਿੰਘ ਗਿੱਲ ਨੇ ਧਾਰਮਿਕ ਤੇ ਇਤਿਹਾਸਕ ਮਹੱਤਤਾ ਦੇ ਸ਼ਹਿਰ ਸ੍ਰੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ।ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿੱਲ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੁਨੀਆਂ ਦੇ ਸਰਵਉੱਚ ਧਾਰਮਿਕ ਅਸਥਾਨਾਂ ਵਿਚੋਂ ਇੱਕ ਹੈ, ਜਿਥੇ ਸਿੱਖਾਂ ਦੇ ਨਾਲ-ਨਾਲ ਸੰਸਾਰ ਭਰ ਦੇ ਲੋਕਾਂ ਦੀ ਆਸਥਾ ਦਾ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਸ਼ੁਸ਼ੋਭਿਤ ਹੈ।ਉਨਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਜ ਪਾਵਨ ਸਰੋਵਰਾਂ ਸਮੇਤ ਦੋ ਦਰਜਨ ਦੇ ਕਰੀਬ ਧਾਰਮਿਕ ਅਸਥਾਨ ਹਨ । ਉਨਾਂ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਜੋ ਸਿੱਖ ਕੌਮ ਦਾ ਸਰਵ ਉਚ ਅਸਥਾਨ ਹੈ, ਜੋ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਚਲਾਈ ਗਈ ਮੀਰੀ ਪੀਰੀ ਦੀ ਪ੍ਰੰਪਰਾ ਨੂੰ ਅੱਗੇ ਵਧਾ ਰਿਹਾ ਹੈ। ਇਸ ਦੇ ਨਾਲ-ਨਾਲ ਇਤਿਹਾਸਕ ਜਲਿਆਂਵਾਲਾ ਬਾਗ ਜਿੱਥੇ 1919 ਵਿੱਚ ਹਜਾਰਾਂ ਪੰਜਾਬੀਆਂ ਖਾਸਕਰ ਸਿੱਖਾਂ ਨੂੰ ਵਿਸਾਖੀ ਵਾਲੇ ਦਿਨ ਬਿਨਾਂ ਕਿਸੇ ਕਸੂਰ ਦੇ ਗੋਲੀਆਂ ਨਾਲ ਉਡਾ ਦਿਤਾ ਗਿਆ ਸੀ।ਇਸੇ ਤਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖ ਕੌਮ ਦੇ ਗੁਰਦੁਆਰਾ ਸਾਹਿਬ ਤੇ ਹੋਰ ਅਸਥਾਨਾਂ ਦੀ ਦੇਖ-ਰੇਖ ਲਈ 1925 ਵਿੱਚ ਹੌਂਦ ਵਿੱਚ ਆਈ, ਜਿਸ ਦੀ ਸ਼ੁਰੂਆਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹੀ ਹੋਈ ਅਤੇ ਸਿੱਖਾਂ ਦੇ ਨੌਵੇਂ ਗੁਰੁ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਅਸਥਾਨ ਗੁਰਦੁਆਰਾ ਗੁਰੁ ਕਾ ਮਹਿਲ ਵੀ ਇਸੇ ਗੁਰੂ ਨਗਰੀ ‘ਚ ਹੈ।
ਗਿੱਲ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਕੇ ਸ਼ਹਿਰ ਵਿੱਚ ਮੀਟ-ਆਂਡਾ-ਮੱਛੀ, ਸ਼ਰਾਬ, ਤੰਬਾਕੂ ਤੇ ਹੋਰ ਨਸ਼ੀਲੇ ਪਦਾਰਥਾਂ ਦੇ ਦੀ ਵਿਕਰੀ ਤੇ ਸੇਵਨ ‘ਤੇ ਤੁਰੰਤ ਪਾਬੰਦੀ ਲਾਗਈ ਜਾਵੇ । ਉਨਾਂ ਕਿਹਾ ਕਿ ਪਵਿੱਤਰ ਸ਼ਹਿਰ ਕਰਾਰ ਦੇਣ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੁਨੀਆਂ ਦਾ ਅਜਿਹਾ ਨਿਵੇਕਲਾ ਸ਼ਹਿਰ ਬਣੇਗਾ ਜਿਥੇ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਅਸਥਾਨਾਂ ਦੇ ਦਰਸ਼ਨਾਂ ਲਈ ਅਉਣ ਵਾਲੇ ਪੂਰੀ ਦੁਨੀਆਂ ਦੇ ਲੋਕ ਇਸ ਨਗਰੀ ਦੇ ਅਧਿਆਤਮਕ ਰਸ ਦਾ ਅਨੰਦ ਮਹਿਸੂਸ ਕਰ ਸਕਣਗੇ ।ਕੰਵਰਬੀਰ ਸਿੰਘ ਨੇ ਕਿਹਾ ਕਿ ਸਰਕਾਰਾਂ ਵਲੋਂ ਇਹ ਕਦਮ ਪਹਿਲਾਂ ਹੀ ਉਠਾ ਲੈਣਾ ਚਾਹੀਦਾ ਸੀ, ਜੋ ਅਜੇ ਤੱਕ ਨਹੀ ਹੋ ਸਕਿਆ। ਇਸ ਲਈ ਅਕਾਲੀ ਸਰਕਾਰ ਨੂੰ ਅਪੀਲ ਹੈ ਕਿ ਸਿੱਖ ਕੌਮ ਦੀ ਇਸ ਮੰਗ ‘ਤੇ ਪਹਿਲ ਦੇ ਅਧਾਰ ‘ਤੇ ਕਾਰਵਾਈ ਕਰਦਿਆਂ ਗੁਰੂ ਨਗਰੀ ਨੂੰ ਪਵਿੱਤਰ ਸ਼ਹਿਰ ਕਰਾਰ ਦੇਣ ਦੀ ਕਾਰਵਾਈ ਜਲਦ ਅੰਜ਼ਾਮ ਦੇਵੇ।