ਦਿੱਲੀ ਕਮੇਟੀ ਨੇ ਮਹਾਰਾਸ਼ਟਰ ਸਰਕਾਰ ਨੂੰ ਤਾਰਾ ਸਿੰਘ ਨੂੰ ਹਟਾਉਣ ਦੀ ਕੀਤੀ ਮੰਗ

ਨਵੀਂ ਦਿੱਲੀ, 9 ਅਪ੍ਰੈਲ ( ਅੰਮ੍ਰਿਤ ਲਾਲ ਮੰਨਣ) – ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਤੇ ਮਹਾਰਸ਼ਟਰ ‘ਚ ਭਾਜਪਾ ਸਰਕਾਰ ਵੱਲੋਂ ਆਪਣੇ ਵਿਧਾਇਕ ਤਾਰਾ ਸਿੰਘ ਨੂੰ ਪ੍ਰਧਾਨ ਥਾਪਣਾ ਵਿਵਾਦਾ ‘ਚ ਘਿਰਦਾ ਨਜ਼ਰ ਆ ਰਿਹਾ ਹੈ। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਮਾਹਰਾਸ਼ਟਰ ਦੇ ਮੁੱਖਮੰਤਰੀ ਦਵਿੰਦਰ ਫੜਨਵੀਸ ਨੂੰ ਤਾਰਾ ਸਿੰਘ ਨੂੰ ਇਸ ਅਹੁਦੇ ਤੋਂ ਤੁਰੰਤ ਫਾਰਗ ਕਰਨ ਦੀ ਅਪੀਲ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਿਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਕ ਬਨਣ ਵਾਸਤੇ ਅੰਮ੍ਰਿਤ ਛਕਣ ਅਤੇ ਇਕ ਅਕਾਲ ਪੁਰਖ ਤੇ ਭਰੋਸਾ ਰੱਖਣ ਦੀ ਜ਼ਰੂਰੀ ਲਗਾਈ ਗਈ ਸ਼ਰਤ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਤਾਰਾ ਸਿੰਘ ਨੂੰ ਸਿੱਖ ਰਹਿਤ ਮਰਿਯਾਦਾ ਤੋਂ ਦੂਰ ਗੈਰ ਅੰਮ੍ਰਿਤਧਾਰੀ ਸਿੱਖ ਵੀ ਕਰਾਰ ਦਿੱਤਾ ਹੈ।
ਗੁਰਦੁਆਰਾ ਏਕਟ ‘ਚ ਵੀ ਉਕਤ ਸ਼ਰਤਾਂ ਹੋਣ ਦਾ ਦਾਅਵਾ ਕਰਦੇ ਹੋਏ ਜੀ.ਕੇ. ਨੇ ਸਵਾਲ ਕੀਤਾ ਕਿ ਜਦੋ ਕਿਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਨਣ ਵਾਸਤੇ ਇਨ੍ਹਾਂ ਸ਼ਰਤਾਂ ਨੂੰ ਪੂਰਾ ਕੀਤਾ ਜਾਂਦਾ ਹੈ ਤੇ ਫਿਰ ਕਿਸੇ ਤਖ਼ਤ ਦੇ ਪ੍ਰਧਾਨ ਦੇ ਅਹੁਦੇ ਵਾਸਤੇ ਉਕਤ ਸ਼ਰਤਾ ਨੂੰ ਕਿਵੇਂ ਨੁਕਰੇ ਲਾਇਆ ਜਾ ਸਕਦਾ ਹੈ ? ਤਾਰਾ ਸਿੰਘ ਦੇ ਫੇਸਬੁਕ ਅਕਾਉਂਟ ਤੇ ਗੁਰਮਤਿ ਮਰਿਯਾਦਾ ਦੀਆਂ ਅਵਗਿਆ ਕਰਨ ਵਾਲੀਆਂ ਤਸਵੀਰਾਂ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਫੜਨਵੀਸ ਨੂੰ ਆਪਣੇ ਇਸ ਫੈਸਲੇ ਤੇ ਫਿਰ ਵਿਚਾਰ ਕਰਨ ਦੀ ਵੀ ਸਲਾਹ ਦਿੱਤੀ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਲੋਕ ਗਮਨ ਨਾਲ ਸੰਬਧਿਤ ਸਿੱਖ ਧਰਮ ਦੇ ਇਸ ਵੱਡਮੁੱਲੇ ਤਖ਼ਤ ਦੇ ਪ੍ਰਬੰਧ ਦੀ ਸੇਵਾ ਦੇਣ ਵੇਲ੍ਹੇ ਫੜਨਵੀਸ ਸਰਕਾਰ ਤੇ ਸਥਾਨਿਕ ਕਮੇਟੀ ਮੈਂਬਰਾਂ ਦੇ ਹੱਕਾਂ ਤੇ ਡਾਕਾ ਮਾਰਨ ਦਾ ਵੀ ਜੀ.ਕੇ. ਨੇ ਦੋਸ਼ ਲਗਾਇਆ।
ਜੀ.ਕੇ. ਨੇ ਸਵਾਲ ਕੀਤਾ ਕਿ ਰਹਿਤ ਮਰਿਯਾਦਾ ਤੋਂ ਦੂਰ ਕੋਈ ਪ੍ਰਬੰਧਕ ਕਿਵੇਂ ਗੁਰਧਾਮਾਂ ‘ਚ ਰਹਿਤ ਮਰਿਯਾਦਾ ਕਾਇਮ ਰੱਖਣ ਅਤੇ ਸਟਾਫ ਵੱਲੋਂ ਉਸ ਨੂੰ ਲਾਗੂ ਕਰਵਾਉਣ ਦੀ ਸੇਵਾ ਪੂਰੀ ਤਨਦੇਹੀ ਨਾਲ ਨਿਭਾ ਸਕਦਾ ਹੈ ? ਗੁਰਦੁਆਰਾ ਪ੍ਰਬੰਧਕਾਂ ਦੇ ਕਾਰਜ ਖੇਤਰ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧ ਧਾਰਮਿਕ ਸਿਧਾਂਤਾ ਤੇ ਪਹਿਰਾ ਦੇਣ ਅਤੇ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਮਰਪਿਤ ਹੋਣ ਦਾ ਦੂਜਾ ਨਾਂ ਹੈ, ਪਰ ਮਹਾਰਾਸ਼ਟਰ ਸਰਕਾਰ ਵੱਲੋਂ ਗਿਣੀ ਮਿਥੀ ਸਾਜਿਸ਼ ਤਹਿਤ ਸਿੱਖਾਂ ਦੀਆਂ ਭਾਵਨਾਵਾਂ ਦੀ ਪਰਵਾਹ ਨਾ ਕਰਦੇ ਹੋਏ ਤਖ਼ਤ ਦੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਦੇ ਅਹੁਦੇ ਨੂੰ ਮਾਰਕਿਟ ਕਮੇਟੀ, ਨਿਗਮ ਜਾਂ ਕਿਸੇ ਕਮੀਸ਼ਨ ਦਾ ਚੇਅਰਮੈਨ ਲਾਉਣ ਵਾਸਤੇ ਪਾਰਟੀ ਦਾ ਵਫਾਦਾਰ ਹੋਣ ਦੀ ਲਗਾਈ ਜਾਉਂਦੀ ਮੁੱਢਲੀ ਸ਼ਰਤ ਦਾ ਹੀ ਪਾਲਨ ਕੀਤਾ ਗਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਹਾਰਾਸ਼ਟਰ ਸਰਕਾਰ ਨੂੰ ਦਿੱਤੀਆਂ ਗਈਆਂ ਸਲਾਹਵਾਂ ਤੇ ਮਹਾਰਾਸ਼ਟਰ ਸਰਕਾਰ ਵੱਲੋਂ ਪਾਸਾ ਵੱਟਣ ਤੇ ਵੀ ਜੀ.ਕੇ. ਨੇ ਅਫਸੋਸ ਜਤਾਇਆ। ਜੀ.ਕੇ. ਨੇ ਸਾਫ ਕੀਤਾ ਕਿ ਤਾਰਾ ਸਿੰਘ ਪਿਛਲੇ ਲੰਬੇ ਸਮੇਂ ਤੋਂ ਵਿਧਾਇਕ ਹਨ ਇਸ ਕਰਕੇ ਉਨ੍ਹਾਂ ਦੀ ਪ੍ਰਸ਼ਾਸਨਿਕ ਕੁਸ਼ਲਤਾ ਅਤੇ ਲੋਕਾਂ ਨਾਲ ਵਿਵਹਾਰ ਚੰਗਾ ਹੋਣ ਬਾਰੇ ਹੀ ਦਾਅਵਾ ਕੀਤਾ ਜਾ ਸਕਦਾ ਹੈ ਪਰ ਤਖ਼ਤ ਸਾਹਿਬ ਦੇ ਪ੍ਰਧਾਨ ਦੇ ਅਹੁਦੇ ਵਾਸਤੇ ਤਾਰਾ ਸਿੰਘ ਦੀਆਂ ਇਨ੍ਹਾਂ ਖੁਬੀਆਂ ਨੂੰ ਗੁਰਦੁਆਰਾ ਪ੍ਰਬੰਧਕ ਬਨਾਉਣ ਦਾ ਅਧਾਰ ਨਹੀਂ ਬਨਾਇਆ ਜਾ ਸਕਦਾ।
Punjab Post Daily Online Newspaper & Print Media