
ਨਵੀਂ ਦਿੱਲ਼ੀ, 16 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਗੁਰੁੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਦੇ 31ਵੇਂ ਸਲਾਨਾ ਦਿਹਾੜੇ ਮੌਕੇ ਮਹਿਨਤੀ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਗਏ। ਕਾਲਜ ਦੇ ਸਾਹਿਬਜ਼ਾਦਾ ਅਜੀਤ ਸਿੰਘ ਆਡੀਟੋਰੀਅਮ ਵਿਖੇ ਹੋਏ ਸਮਾਗਮ ਦੌਰਾਨ ਮੁੱਖ ਮਹਿਮਾਨ ਸਾਬਕਾ ਕੇਂਦਰੀ ਖਜਾਨਾ ਮੰਤਰੀ ਯਸ਼ਵੰਤ ਸਿਨਹਾ, ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਹਾਜਰੀ ਭਰਦੇ ਹੋਏ ਸਿੱਖਿਆ ਦੇ ਖੇਤਰ ਵਿੱਚ ਕਾਲਜ ਦੇ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਭਾਰਤ ਦੇ 15 ਪ੍ਰਮੁਖ ਕਾਮਰਸ ਕਾਲਜਾਂ ਵਿਚ ਆਉਂਦੇ ਇਸ ਕਾਲਜ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦੇ ਹੋਏ ਯਸ਼ਵੰਤ ਸਿਨਹਾ ਨੇ ਕਾਲਜ ਦੇ ਬੱਚਿਆਂ ਵੱਲੋਂ ਪੜਾਈ ਅਤੇ ਹੋਰ ਕਾਰਜਾਂ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਦਿੱਲੀ ਯੁਨਿਵਰਸਿਟੀ ਦੀ ਟੋਪਰ ਲਿਸਟ ਵਿੱਚ ਕਾਲਜ ਦੇ ਵਿਦਿਆਰਥੀਆਂ ਦੇ ਨਾਂ ਆਉਣ ਤੇ ਸਿਨਹਾ ਨੇ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ। ਕਲ ਦੇ ਬੇਹਤਰ ਭਵਿੱਖ ਵਾਸਤੇ ਕਾਲਜ ਵੱਲੋਂ ਨਿਭਾਈ ਜਾ ਰਹੀ ਉਸਾਰੂ ਭੂਮਿਕਾ ਕਰਕੇ ਦੇਸ਼ ਦੇ ਅਗਲੇ ਕਈ ਦਹਾਕਿਆਂ ਦੌਰਾਨ ਕਾਲਜ ਦੇ ਵਿਦਿਆਰਥੀਆਂ ਵੱਲੋਂ ਅਗਵਾਈ ਕਰਨ ਦਾ ਵੀ ਸਿਨਹਾ ਨੇ ਦਾਅਵਾ ਕੀਤਾ। ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕਾਲਜ ਵੱਲੋਂ ਹਰ ਖੇਤਰ ਵਿੱਚ ਮਾਰੀਆਂ ਜਾ ਰਹੀਆਂ ਮੱਲ੍ਹਾ ਬਾਰੇ ਸੁਣ ਕੇ ਉਨ੍ਹਾਂ ਨੂੰ ਬਹੁਤ ਚੰਗਾ ਲਗਿਆ, ਕਿਉਂਕੀ ਕਾਲਜ ਇਕ ਛੱਤ ਥੱਲੇ ਹੀ ਕਾਮਰਸ, ਇਕਨਾਮਿਕਸ ਅਤੇ ਮੈਨੇਜਮੈਂਟ ਵਰਗੇ ਵਕਾਰੀ ਵਿਸ਼ਿਆਂ ਤੇ ਅਗਾਹਵੱਧੂ ਪੜਾਈ ਕਰਵਾ ਰਿਹਾ ਹੈ। ਕਾਲਜ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਦਾ ਇਸ ਸਲਾਨਾ ਸਮਾਗਮ ਵਿੱਚ ਬੁਲਾਉਣ ਵਾਸਤੇ ਢੀਂਡਸਾ ਨੇ ਧੰਨਵਾਦ ਵੀ ਕੀਤਾ। ਜੀ.ਕੇ. ਨੇ ਕਾਲਜ ਦੇ ਵਿਦਿਆਰਥੀ ਚੇਤਨਿਆ ਬਵੇਜਾ ਅਤੇ ਨਿਸ਼ੀਮਾ ਅਰੋੜਾ ਵੱਲੋਂ ਬੀ.ਟੈਕ. ਫੱਸਟ ਈਅਰ ਵਿੱਚ ਦਿੱਲੀ ਯੁਨਿਵਰਸਿਟੀ ਵਿਖੇ ਕ੍ਰਮਵਾਰ ਪਹਿਲਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਤੇ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ। ਬੀ.ਬੀ.ਈ. ਤੀਸਰੇ ਸਾਲ ਦੇ ਵਿਦਿਆਰਥੀ ਨਿਤੀਨ ਜੈਨ ਵੱਲੋਂ ਦੂਜਾ ਅਤੇ ਬੀ.ਐਸ.ਸੀ. ਫੋਰਥ ਸਮਿਸਟਰ ਦੇ ਗੌਰਵ ਗਰੋਵਰ ਵੱਲੋਂ ਤੀਜਾ ਸਥਾਨ ਯੁਨਿਵਰਸਿਟੀ ਲੈਵਲ ਤੇ ਪ੍ਰਾਪਤ ਕਰਨ ਦੀ ਜਾਣਕਾਰੀ ਸਿਰਸਾ ਨੇ ਮੌਜੂਦ ਪੱਤਵੰਤਿਆਂ ਨਾਲ ਸਾਂਝੀ ਕੀਤੀ। ਕਾਲਜ ਦੀ ਗਵਰਨਿੰਗ ਬੋਡੀ ਦੇ ਚੇਅਰਮੈਨ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਆਨੰਦ, ਖਜਾਨਚੀ ਹਰਪ੍ਰੀਤ ਸਿੰਘ ਜੌਲੀ ਅਤੇ ਪ੍ਰਿੰਸੀਪਲ ਜਤਿੰਦਰਬੀਰ ਸਿੰਘ ਵੱਲੋਂ ਆਏ ਹੋਏ ਪੱਤਵੰਤਿਆਂ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਪਾਸੋਂ ਇਨਾਮ ਵੀ ਤਕਸੀਮ ਕਰਵਾਏ।
Punjab Post Daily Online Newspaper & Print Media