
ਨਵੀਂ ਦਿੱਲੀ, 16 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਧਰਮ ਪ੍ਰਚਾਰ ਮੁਖੀ ਇੰਦਰਪਾਲ ਸਿੰਘ ਖਾਲਸਾ ਦੇ ਕੀਤੇ ਕਾਰਜਾਂ ਨੂੰ ਦਰਸ਼ਾਉਂਦੀ ਅਭੂੱਲ ਯਾਦਾਂ-ਇੰਦਰਪਾਲ ਸਿੰਘ ਖਾਲਸਾ ਨਾਂ ਦੀ ਕਿਤਾਬ ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਜੀ ਦੀ ਮੌਜੂਦਗੀ ਵਿੱਚ ਜਾਰੀ ਕੀਤੀ ਗਈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਖਾਲਸਾ ਦੇ ਸਪੁੱਤਰ ਭੂਪਿੰਦਰ ਸਿੰਘ ਖਾਲਸਾ ਵੱਲੋਂ ਤਿਆਰ ਕੀਤੀ ਗਈ ਇਸ ਪੁਸਤਕ ਨੂੰ ਜਾਰੀ ਕੀਤਾ। ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਵਿਖੇ ਇਸ ਪੁਸਤਕ ਨੂੰ ਜਾਰੀ ਕਰਦੇ ਹੋਏ ਜੀ.ਕੇ. ਨੇ ਖਾਲਸਾ ਵੱਲੋਂ ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਮੁੱਖੀ ਵਜੋਂ ਕੀਤੀਆਂ ਗਈਆਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਬੇਮਿਸਾਲ ਦੱਸਿਆ ਹੈ। ਖਾਲਸਾ ਦੇ ਨਿਮਾਣੇ ਅਤੇ ਪੰਥ ਦਰਦੀ ਸੁਭਾਅ ਦਾ ਜ਼ਿਕਰ ਕਰਦੇ ਹੋਏ ਜੀ.ਕੇ. ਨੇ ਕੌਮ ਅਤੇ ਪੰਥ ਵਾਸਤੇ ਖਾਲਸਾ ਵਰਗੇ ਧਰਮ ਪ੍ਰਚਾਰਕਾਂ ਦੀ ਲੋੜ ਨੂੰ ਵੀ ਜ਼ਰੂਰੀ ਦੱਸਿਆ। ਕਮੇਟੀ ਦੇ ਸੀਨੀਅਰ ਮੈਂਬਰ ਕੁਲਮੋਹਨ ਸਿੰਘ ਨੇ ਇਸ ਕਿਤਾਬ ਨੂੰ ਜਾਰੀ ਹੋਣ ਉਪਰੰਤ ਖਾਲਸਾ ਦੇ ਜੀਵਨ ਤੇ ਪ੍ਰਤਿਕ੍ਰਮ ਦਿੰਦੇ ਹੋਏ ਖਾਲਸਾ ਦੇ ਨਾਲ ਕੰਮ ਕਰਕੇ ਮਾਣ ਮੋਹਸੂਸ ਕਰਨ ਦਾ ਵੀ ਦਾਅਵਾ ਕੀਤਾ। ਖਾਲਸਾ ਦੀ ਜੀਵਨ ਜਾਂਚ ਅਤੇ ਧਰਮ ਦੇ ਖੇਤਰ ਵਿੱਚ ਕੀਤੀਆਂ ਗਈਆਂ ਨਿਸ਼ਕਾਮ ਸੇਵਾਵਾਂ ਕਰਕੇ ਆਪਣੇ ਜੀਵਨ ਵਿੱਚ ਯੋਗ ਸੁਧਾਰ ਲਿਆਉਣ ਵਾਸਤੇ ਪ੍ਰੇਰਿਤ ਹੋਣ ਦਾ ਵੀ ਕੁਲਮੋਹਨ ਸਿੰਘ ਨੇ ਹਵਾਲਾ ਦਿੱਤਾ। ਇਸ ਮੌਕੇ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ, ਜੁੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸਾਬਕਾ ਮੀਤ ਪ੍ਰਧਾਨ ਤਨਵੰਤ ਸਿੰਘ, ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਇੰਦਰਜੀਤ ਸਿੰਘ ਮੌਂਟੀ ਅਤੇ ਕੈਪਟਨ ਇੰਦਰਪ੍ਰੀਤ ਸਿੰਘ ਮੌਜੂਦ ਸਨ।
Punjab Post Daily Online Newspaper & Print Media