
ਪਠਾਨਕੋਟ, 24 ਅਪ੍ਰੈਲ (ਪੱਤਰ ਪ੍ਰੇਰਕ) – ਪੰਜਾਬ ਸਰਕਾਰ ਵੱਲੋਂ ਤਹਿਸੀਲ ਦਫ਼ਤਰ ਪਠਾਨਕੋਟ ਨੇੜੇ 8 ਕਰੋੜ 22 ਲੱਖ 56 ਹਜਾਰ 628 ਰੁਪਏ ਦੀ ਲਾਗਤ ਨਾਲ 0.46 ਏਕੜ ਰਕਬੇ ਵਿੱਚ ਸ਼ਾਪਿੰਗ ਕੰਪਲੈਕਸ ਦੀ ਉਸਾਰੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਇਸ ਕੰਪਲੈਕਸ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਅਤੇ 35 ਪ੍ਰਤੀਸ਼ਤ ਕੰਮ ਮੁਕੰਮਲ ਕਰ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਸ਼ਾਪਿੰਗ ਕੰਪਲੈਕਸ ਵਿੱਚ ਅੰਡਰ ਗਰਾਊਂਡ ਪਾਰਕਿੰਗ ਬਣਾਈ ਜਾ ਰਹੀ ਹੈ ਅਤੇ ਇਸ ਦੇ ਉੱਪਰ ਦੁਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਅੰਡਰ ਗਰਾਊਂਡ ਪਾਰਕਿੰਗ ਬਣਨ ਨਾਲ ਲੋਕਾਂ ਨੂੰ ਆਪਣੇ ਵਹੀਕਲ ਪਾਰਕ ਕਰਨ ਲਈ ਸਹੂਲਤ ਮਿਲੇਗੀ ਅਤੇ ਟ੍ਰੈਫਿਕ ਦੀ ਸਮੱਸਿਆ ਵੀ ਹੱਲ ਹੋਵੇਗੀ।
ਉਨ੍ਹਾਂ ਦੱਸਿਆ ਕਿ ਪਠਾਨਕੋਟ ਵਿਖੇ 3 ਕਰੋੜ 76 ਲੱਖ 1 ਹਜਾਰ 763 ਰੁਪਏ ਦੀ ਲਾਗਤ ਨਾਲ ਬਣ ਰਹੇ ਆਡੀਟੋਰੀਅਮ ਦੀ ਉਸਾਰੀ ਦਾ ਕੰਮ 90 ਪ੍ਰਤੀਸ਼ਤ ਮੁਕੰਮਲ ਹੋ ਗਿਆ ਹੈ ਅਤੇ ਬਾਕੀ ਰਹਿੰਦਾ ਕੰਮ ਜਲਦੀ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਆਡੀਟੋਰੀਅਮ ਦੇ ਬਣਨ ਨਾਲ ਕਲਾਕਾਰਾਂ ਅਤੇ ਕਲਾ ਪ੍ਰੇਮੀਆਂ ਨੂੰ ਆਪਣੀ ਪ੍ਰਤਿਭਾ ਨੂੰ ਉਭਾਰਨ ਦੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਆਡੀਟੋਰੀਅਮ ਵਿੱਚ 500 ਵਿਅਕਤੀਆਂ ਦੇ ਬੈਠਣ ਦੀ ਵਿਵਸਥਾ ਹੋਵੇਗੀ ਅਤੇ ਇਹ ਆਡੀਟੋਰੀਅਮ ਵਾਤਾਅਨੁਕੂਲ ਹੋਵੇਗਾ।ਉਨ੍ਹਾਂ ਦੱਸਿਆ ਕਿ ਆਡੀਟੋਰੀਅਮ ਵਿੱਚ ਬੈਠਣ ਲਈ ਚੇਅਰ- ਸਟੇਜ਼, ਲਾਇਟਿੰਗ ਅਤੇ ਫਰਨਿਸਿੰਗ ਉੱਪਰ 61.54 ਲੱਖ ਰੁਪਏ ਅਤੇ ਆਡੀਟੋਰੀਅਮ ਵਿੱਚ ਏਅਰ ਕੰਡੀਸ਼ਨ ਲਗਾਉਣ ਉੱਪਰ 34.39 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ 8 ਕਰੋੜ 84 ਲੱਖ 30 ਹਜ਼ਾਰ 625 ਰੁਪਏ ਦੀ ਲਾਗਤ ਨਾਲ ਸੈਲੀ ਰੋਡ ਵਿਖੇ ਟਰੱਕ ਸਟੈਂਡ ਨੇੜੇ 60 ਐਮ.ਜੀ.ਆਈ. ਫਲੈਟਾਂ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਇੰਨ੍ਹਾਂ ਫਲੈਟਾਂ ਦੀ ਉਸਾਰੀ ਦਾ ਕੰਮ 80 ਪ੍ਰਤੀਸ਼ਤ ਮੁਕੰਮਲ ਹੋ ਗਿਆ ਹੈ ਅਤੇ ਰਹਿੰਦਾ ਕੰਮ ਜਲਦੀ ਮੁਕੰਮਲ ਕਰ ਲਿਆ ਜਾਵੇਗਾ।
Punjab Post Daily Online Newspaper & Print Media