ਹੁਣ ਹਰ ਵਰ੍ਹੇ ਐਸ.ਜੀ.ਪੀ.ਸੀ ਵੀ ਮਨਾਇਆ ਕਰੇਗੀ ਸਰਦਾਰ ਨਲਵਾ ਦਾ ਸ਼ਹੀਦੀ ਦਿਹਾੜਾ
ਕੋਛੜ ਨੇ ਸੰਨ 2009 ਵਿੱਚ ਕੀਤੀ ਸੀ ਨਲਵਾ ਦਾ ਸ਼ਹੀਦੀ ਦਿਹਾੜਾ ਮਨਾਉਣ ਦੀ ਸ਼ੁਰੂਆਤ

ਅੰਮ੍ਰਿਤਸਰ, 24 ਅਪ੍ਰੈਲ ( ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੁਣ ਹਰ ਵਰ੍ਹੇ ਵਿਸ਼ਾਲ ਪੱਧਰ ‘ਤੇ ਸz. ਹਰੀ ਸਿੰਘ ਨਲਵਾ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ।ਸ. ਨਲਵਾ ਦੇ ਸ਼ਹੀਦੀ ਦਿਹਾੜੇ ਨੂੰ ਨਾਨਕਸ਼ਾਹੀ ਕੈਲੰਡਰ ਵਿਚ ਸ਼ਾਮਿਲ ਕਰਕੇ ਵੱਡੇ ਪੱਧਰ ‘ਤੇ ਮਨਾਏ ਜਾਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਇਤਿਹਾਸਕਾਰ ਤੇ ਖੋਜਕਰਤਾ ਸ਼੍ਰੀ ਸੁਰਿੰਦਰ ਕੋਛੜ ਨੂੰ ਅੱਜ ਸਵੇਰੇ ਫੋਨ ‘ਤੇ ਐਸ.ਜੀ.ਪੀ.ਸੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਇਹ ਜਾਣਕਾਰੀ ਦਿੱਤੀ।ਜਥੇਦਾਰ ਮੱਕੜ ਨੇ ਸ਼੍ਰੀ ਕੋਛੜ ਨੂੰ ਉਹਨਾਂ ਦੀ ਇਸ ਕਾਮਯਾਬੀ ‘ਤੇ ਵਧਾਈ ਦਿੰਦਿਆਂ ਕਿਹਾ ਕਿ 30 ਅਪ੍ਰੈਲ ਨੂੰ ਸਵੇਰੇ ਸ੍ਰੀ ਦਰਬਾਰ ਸਾਹਿਬ ਦੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ. ਨਲਵਾ ਦਾ 178ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ।
ਸੰਨ 2009 ਵਿਚ ਸ. ਨਲਵਾ ਦੇ ਸ਼ਹੀਦੀ ਦਿਹਾੜੇ ਨੂੰ ਮਨਾਏ ਜਾਣ ਦੀ ਸ਼ੁਰੂਆਤ ਕਰਨ ਵਾਲੇ ਸ਼੍ਰੀ ਕੋਛੜ ਨੇ ਕਿਹਾ ਕਿ 13 ਸਾਲ ਪਹਿਲਾਂ ਜਦੋਂ ਉਹਨਾਂ ਨੇ ਸ. ਨਲਵਾ ‘ਤੇ ‘ਖ਼ਾਲਸਾ ਰਾਜ ਦੀ ਨੀਂਹ-ਹਰੀ ਸਿੰਘ ਨਲਵਾ’ ਪੁਸਤਕ ਲਿਖਣੀ ਸ਼ੁਰੂ ਕੀਤੀ ਤਾਂ ਉਦੋਂ ਤੋਂ ਹੀ ਕੋਸ਼ਿਸ਼ ਕਰ ਕਰ ਰਹੇ ਸਨ ਕਿ ਕਿਸੇ ਵੀ ਸਿਰਕੱਢ ਸਿੱਖ ਸੰਸਥਾ ਵਲੋਂ ਵੱਡੇ ਪੱਧਰ ‘ਤੇ ਸ. ਨਲਵਾ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇ, ਜਿਸ ਵਿਚ ਉਹਨਾਂ ਨੂੰ ਇਸ ਵਾਰ ਸਫ਼ਲਤਾ ਮਿਲੀ ਹੈ।ਸ਼੍ਰੀ ਕੋਛੜ ਨੇ ਕਿਹਾ ਕਿ ਸ. ਨਲਵਾ ਸਿੱਖ ਰਾਜ ਦੇ ਇਕ ਅਜਿਹੇ ਬਹਾਦਰ ਜਰਨੈਲ ਸਨ, ਜਿਨ੍ਹਾਂ ਨੇ ਆਪਣੀ ਥੋੜੀ ਜਿਹੀ ਫੌਜ ਦੇ ਨਾਲ ਅਫ਼ਗਾਨੀ ਪਠਾਣਾਂ ਦੇ ਦਿਲਾਂ ਵਿਚ ਸਿੱਖ ਹਕੂਮਤ ਦੇ ਪ੍ਰਤੀ ਅਜਿਹਾ ਖ਼ੌਫ਼ ਪੈਦਾ ਕਰ ਦਿੱਤਾ ਕਿ ਅਫ਼ਗਾਨੀ ਔਰਤਾਂ ਆਪਣੇ ਸ਼ਰਾਰਤੀ ਬੱਚਿਆਂ ਨੂੰ ਸz. ਨਲਵਾ ਦਾ ਨਾਂ ਲੈ ਕੇ ਡਰਾਉਂਦੀਆਂ ਸਨ।ਜਦੋਂਕਿ ਅੱਜ ਪੂਰੇ ਸੰਸਾਰ ਦੀਆਂ ਸਰਕਾਰਾਂ ਮਿਲ ਕੇ ਵੀ ਉਹਨਾਂ ਅਫ਼ਗਾਨੀ ਤਾਲਿਬਾਣ ‘ਤੇ ਕਾਬੂ ਪਾਉਣ ਤੋਂ ਅਸਮਰਥ ਵਿਖਾਈ ਦੇ ਰਹੀਆਂ ਹਨ।
Punjab Post Daily Online Newspaper & Print Media