ਜੰਡਿਆਲਾ ਗੁਰੂ ਤੇ ਰਈਆ ਦਾਣਾ ਮੰਡੀਆਂ ਦਾ ਕੀਤਾ ਦੌਰਾ

ਰਈਆ/ਜੰਡਿਆਲਾ ਗੁਰ, 26 ਅਪ੍ਰੈਲ (ਬਲਵਿੰਦਰ ਸਿੰਘ ਸੰਧੂ, ਹਰਿੰਦਰਪਾਲ ਸਿੰਘ) – ਸ੍ਰੀ ਆਰ.ਵੈਕਟਰਤਨਮ ਕਮਿਸ਼ਨਰ ਜਲੰਧਰ ਡਵੀਜ਼ਨ ਵਲੋ ਰਈਆ ਤੇ ਜੰਡਿਅਲਾ ਮੰਡੀ ਦਾਣਾ ਮੰਡੀਆਂ ਦਾ ਅਚਨਚੇਤ ਦੌਰਾ ਕੀਤਾ ਗਿਆ ਅਤੇ ਮੰਡੀ ਵਿਚ ਕਣਕ ਦੀ ਕੀਤੀ ਜਾ ਰਹੀ ਖਰੀਦ ਆਦਿ ਬਾਰੇ ਮੁਕੰਮਲ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੀ ਮੌਜੂਦ ਸਨ।
ਇਸ ਮੌਕੇ ਸ੍ਰੀ ਆਰ ਵੈਂਕਟਰਤਨਮ ਨੇ ਕਣਕ ਦੀ ਖ੍ਰੀਦ ਤੇ ਚੁਕਾਈ ਸਬੰਧੀ ਹਾਜ਼ਰ ਖ੍ਰੀਦ ਏਜੰਸੀਆਂ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਆੜ੍ਹਤੀਆਂ ਤੇ ਜਿਣਸ ਵੇਚਣ ਆਏ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਤੰਗੀ ਨਹੀ ਹੋਣੀ ਚਾਹੀਦੀ। ਉਨਾਂ ਕਣਕ ਦੀ ਖ੍ਰੀਦ ਸਬੰਧੀ ਕਿਸਾਨਾਂ ਦੀਆਂ ਸ਼ਿਕਾਇਤਾਂ ਤੇ ਖ੍ਰੀਦ ਪ੍ਰਬੰਧਾਂ ਦਾ ਜਾਇਜਾ ਲਿਆ।
ਇਸ ਤੋਂ ਉਪਰੰਤ ਉਨਾਂ ਸਥਾਨਕ ਬਚਤ ਭਵਨ ਵਿਖੇ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ , ਜਿਸ ਵਿਚ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੇ ਸ. ਬਲਵਿੰਦਰ ਸਿੰਘ ਧਾਲੀਵਾਲ ਡਿਪਟੀ ਕਮਿਸ਼ਨਰ ਤਰਨਤਾਰਨ ਵੀ ਮੌਜੂਦ ਸਨ।
ਮੀਟਿੰਗ ਦੌਰਾਨ ਸ੍ਰੀ ਆਰ.ਵੈਕਟਰਤਨਮ ਕਮਿਸ਼ਨਰ ਜਲੰਧਰ ਡਵੀਜ਼ਨ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀ ਵਿਚ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨੂੰ ਆਦੇਸ਼ ਦਿੱਤੇ ਕਿ ਉਹ ਮਾਪਦੰਡਾਂ ਤੇ ਆਧਾਰਿਤ ਕਣਕ ਦੀ ਖਰੀਦ ਕਰਨ ਵਿਚ ਕੋਈ ਢਿੱਲਮੱਠ ਨਾ ਵਰਤਣ। ਉਨਾਂ ਦੱਸਿਆ ਕਿ ਐਫ.ਸੀ.ਆਈ ਵਲੋਂ ਸਟੇਟ ਪੱਧਰ ਤੇ ਕਣਕ ਦੇ ਨਮੂਨੇ ਇਕੱਠੇ ਕੀਤੇ ਗਏ ਸਨ, ਜਿਸ ਵਿਚ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹਿਆਂ ਦੇ ਨਮੂਨੇ ਰਾਜ ਭਰ ਵਿਚੋਂ ਸਹੀ ਪਾਏ ਗਏ ਹਨ। ਉਨਾਂ ਕਿਹਾ ਕਿ ਸਰਕਾਰੀ ਮਾਪਢੰਡਾਂ ਦੇ ਅਨੁਕੂਲ ਕਣਕ ਦੀ ਖਰੀਦ ਨੂੰ ਬਿਨਾਂ ਕਿਸੇ ਦੇਰੀ ਦੇ ਖਰੀਦਿਆ ਜਾਵੇ।
ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਅੰਦਰ ਬਾਰਦਾਨੇ ਦੀ ਕੋਈ ਕਮੀ ਨਹੀਂ ਹੈ। ਜਿਣਸ ਦੇ ਸਟੋਰ ਕਰਨ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਉਨਾਂ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀ ਵਿਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣੀ ਚਾਹਦੀ ਹੈ।ਉਨਾਂ ਕਿਸਾਨਾਂ ਲਈ ਬੈਠਣ, ਪੀਣ ਵਾਲਾ ਸਾਫ ਪਾਣੀ, ਲਾਈਟ ਦਾ ਪ੍ਰਬੰਧ ਤੇ ਛਾਂ ਆਦਿ ਸਬੰਧੀ ਮੰਡੀ ਵਿਚ ਕੀਤੇ ਗਏ ਢੁੱਕਵੇਂ ਪ੍ਰਬੰਧਾਂ ਦਾ ਜਾਇਜਾ ਵੀ ਲਿਆ।ਉਨਾਂ ਸਮੂਹ ਐਸ.ਡੀ.ਐਮਜ ਨੂੰ ਨਿਰਦੇਸ਼ ਦਿੱਤੇ ਕਿ ਉਹ ਮੰਡੀਆਂ ਵਿਚ ਜਿਣਸ ਨੂੰ ਚੁਕਾਉਣ ਸਬੰਧੀ ਸਮੇ ਸਮੇ ਤੇ ਨਿਗਰਾਨੀ ਕਰਨ ਤੇ ਰੋਜਾਨਾ ਮੰਡੀਆਂ ਦਾ ਦੌਰਾ ਕਰਨ ਅਤੇ ਕਿਸਾਨਾਂ ਦੀ ਹਰ ਮੁਸ਼ਕਿਲ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ।
ਇਸ ਮੌਕੇ ਜ਼ਿਲਾ ਮੰਡੀ ਅਫ਼ਸਰ ਸ੍ਰੀ ਸੁਖਬੀਰ ਸਿੰਘ ਸੋਢੀ ਨੇ ਦੱਸਿਆ ਕਿ ਜ਼ਿਲੇ ਅੰਦਰ ਐਫ.ਸੀ.ਆਈ ਤੇ ਪਨਗਰੇਨ ਵਲੋਂ 2850 ਮੀਟਰਕ ਟਨ ਦੀ ਚੁਕਾਈ ਕੀਤੀ ਜਾ ਚੁੱਕੀ ਹੈ ਹੈ। ਉਨਾਂ ਦੱਸਿਆ ਕਿ ਬੇਮੌਸਮੀ ਕਾਰਨ ਮੰਡੀਆਂ ਵਿਚ ਕਣਕ ਦੀ ਆਮਦ ਘੱਟ ਹੋਈ ਹੈ ਪਰ ਅਗਲੇ ਦਿਨਾਂ ਤਕ ਆਮਦ ਤੇਜ਼ੀ ਨਾਲ ਵਧਣ ਦੀ ਸੰਭਾਵਨਾ ਹੈ।
ਇਸ ਮੌਕੇ ਸ੍ਰੀ ਭੁਪਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਸ੍ਰੀ ਵਿਮਲ ਸੇਤੀਆ ਐਸ.ਡੀ.ਐਮ ਬਾਬਾ ਬਕਾਲਾ, ਸ੍ਰੀ ਰਾਜੇਸ਼ ਸ਼ਰਮਾ ਐਸ.ਡੀ.ਐਮ ਅੰਮ੍ਰਿਤਸਰ-2, ਸ੍ਰੀ ਸੁਰਿੰਦਰ ਸਿੰਘ ਐਸ.ਡੀ.ਐਮ ਅਜਨਾਲਾ, ਸ੍ਰੀਮਤੀ ਲਵਜੀਤ ਕੌਰ ਕਲਸੀ ਜ਼ਿਲ੍ਹਾ ਟਰਾਂਸਪੋਰਟ ਅਫਸਰ, ਸਰੀ ਬਲਬੀਰ ਸਿੰਘ ਐਸ.ਪੀ ਹੈੱਡਕੁਆਟਰ, ਏ.ਸੀ.ਪੀ ਹਰਕਮਲ ਕੌਰ ਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਆਦਿ ਹਾਜ਼ਰ ਸਨ।
Punjab Post Daily Online Newspaper & Print Media