Tuesday, February 24, 2026

ਪਿੰਡ ਧਰਾਂਗਵਾਲਾ ਦਾ ਇਕ ਹਜ਼ਾਰ ਏਕੜ ਰਕਬਾ ਸੇਮ ਦੀ ਮਾਰ ਹੇਠ

PPN060411
ਫਾਜਿਲਕਾ, 6 ਅਪ੍ਰੈਲ (ਵਿਨੀਤ ਅਰੋੜਾ)-  ਫ਼ਾਜ਼ਿਲਕਾ ਜ਼ਿਲੇ ਨਾਲ ਸਬੰਧਿਤ ਅਰਨੀਵਾਲਾ ਤੋਂ ਨੇੜਲੇ ਪਿੰਡ ਧਰਾਂਗਵਾਲੇ ਦਾ ਇਕ ਹਜ਼ਾਰ ਏਕੜ ਰਕਬਾ ਇਸ ਸਮੇਂ ਪੂਰੀ ਤਰਾਂ ਸੇਮ ਦੀ ਮਾਰ ਹੇਠ ਹੈ। ਪਿਛਲੇ ਇਕ ਦਹਾਕੇ ਤੋਂ ਪਿੰਡ ਦੇ ਸੇਮ ਪ੍ਰਭਾਵਿਤ ਰਕਬੇ ਵਿਚ ਕਿਸਾਨਾਂ ਦੀ ਫ਼ਸਲ ਨਾ ਹੋਣ ਕਾਰਨ ਆਰਥਿਕ ਮੰਦਹਾਲੀ ‘ਚੋਂ ਗੁਜ਼ਰ ਰਹੇ ਕਿਸਾਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਕਰਦਿਆਂ ਉਨਾਂ ਨੂੰ ਸੇਮ ਦੀ ਮਾਰ ਤੋਂ ਬਚਾਉਣ ਦੀ ਗੁਹਾਰ ਲਾਈ ਹੈ। ਉਕਤ ਸੇਮ ਪ੍ਰਭਾਵਿਤ ਪਿੰਡ ਦਾ ਦੌਰਾ ਕਰਨ ਸਮੇਂ ਕਿਸਾਨਾਂ, ਪਿੰਡ ਵਾਸੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਬੱਲੂਆਣਾ ਦਾ ਇਹ ਪਿੰਡ ਜਿਸ ਦੇ ਰਕਬੇ ਦੀ ਹੱਦ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕਾ ਲੰਬੀ ਦੇ ਪਿੰਡ ਰੱਤਾ ਟਿੱਬਾ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਨਿੱਜੀ ਹਲਕਾ ਜਲਾਲਾਬਾਦ ਦੇ ਪਿੰਡ ਮੁਰਾਦ ਵਾਲਾ ਦਲ ਸਿੰਘ ਨਾਲ ਲਗਦੀ ਹੈ। ਪਿੰਡ ਦੇ ਸੇਮ ਪੀੜਤ ਕਿਸਾਨ ਪਰਮਿੰਦਰ ਸਿੰਘ ਆਦਿ ਨੇ ਆਪਣੀ ਤਰਸਯੋਗ ਹਾਲਤ ਬਿਆਨ ਕਰਦਿਆਂ ਦੱਸਿਆ ਕਿ ਸਭ ਤੋਂ ਪਹਿਲਾਂ ਸੇਮ ਨੇ ਸੰਨ 2000 ਵਿਚ ਉਨਾਂ ਦੇ ੬੫ ਏਕੜ ਰਕਬੇ ਵਿਚ ਦਸਤਕ ਦਿੱਤੀ। ਇਹ ਰਕਬਾ ਉਕਤ ਦਰਸਾਏ ਤਿੰਨ ਵਿਧਾਨ ਸਭਾ ਹਲਕਿਆਂ ਦੀ ਹੱਦ ਨਾਲ ਲੱਗਦਾ ਨੇੜਲੇ ਖੇਤਾਂ ਤੋਂ ਕਰੀਬ ਚਾਰ ਪੰਜ ਫੁੱਟ ਨੀਵਾਂ ਰਕਬਾ ਹੈ।ਇਸ ਤੋਂ ਬਾਅਦ ਹਰ ਸਾਲ ਵੱਧ ਰਹੀ ਸੇਮ ਨੇ ਇਸ ਸਮੇਂ ਧਰਾਂਗਵਾਲਾ ਦੇ ਕਿਸਾਨ ਮੰਗਲ ਸਿੰਘ ਦੀ 10 ਏਕੜ, ਇਕਬਾਲ ਸਿੰਘ 24 ਏਕੜ, ਗਗਨਦੀਪ ਸਿੰਘ ਰੰਧਾਵਾ, ਬਲਵੰਤ ਸਿੰਘ ਬਰਾੜ, ਬਹਾਲ ਸਿੰਘ ਪੁੱਤਰ ਜਰਨੈਲ ਸਿੰਘ ਦੀ 10 ਏਕੜ, ਜੋਗਿੰਦਰ ਸਿੰਘ, 10 ਏਕੜ ਮਹਿੰਦਰ ਸਿੰਘ, ਜਸਵੰਤ ਸਿੰਘ ਸਾਢੇ 7 ਏਕੜ, ਲਖਵੰਤ ਸਿੰਘ, ਕਰਨੈਲ ਸਿੰਘ 7 ਏਕੜ, ਅਮਰੀਕ ਸਿੰਘ ਪੁੱਤਰ ਦਾਰਾ ਸਿੰਘ ਆਦਿ ਸਮੇਤ ਪਿੰਡ ਦੀ ਕਰੀਬ 1000 ਏਕੜ ਜ਼ਮੀਨ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਕਿਸਾਨਾਂ ਦੇ ਦੋਸ਼ ਅਨੁਸਾਰ ਸੇਮ ਕੱਢਣ ਲਈ ਸਰਕਾਰ ਵੱਲੋਂ ਇਥੇ ਕੱਢੀ ਗਈ ਅਸਪਾਲ ਡਰੇਨ ਬਰਸਾਤਾਂ ਸਮੇਂ ਓਵਰ ਫਲੋਅ ਹੋ ਕੇ ਚੱਲਣ ਨਾਲ ਹੀ ਕਿਸਾਨਾਂ ਦੀ ਵੱਡੀ ਤਬਾਹੀ ਦਾ ਸਬੱਬ ਬਣੀ ਹੈ। ਜਿਸ ਕਾਰਨ ਧਰਤੀ ਹੇਠਲੇ ਪਾਣੀ ਲੈਵਲ ਉੱਪਰ ਆ ਜਾਣ ਨਾਲ ਇਸ ਸਮੇਂ ਧਰਾਂਗਵਾਲਾ, ਰੱਤਾ ਟਿੱਬਾ, ਮੁਰਾਦਵਾਲਾ, ਕੁੰਡਲ, ਮੰਮੂਖੇੜਾ ਖਾਟਵਾਂ, ਪਾਕਾਂ, ਮੂਲਿਆਂਵਾਲੀ ਆਦਿ ਪਿੰਡਾਂ ਵਿਚ ਸੇਮ ਦੇ ਪ੍ਰਤੱਖ ਲੱਛਣ ਨਜ਼ਰ ਆ ਰਹੇ ਹਨ, ਜਿਸ ਨਾਲ ਜਿੱਥੇ ਫ਼ਸਲਾਂ ਤਬਾਹ ਹੋ ਗਈਆਂ ਹਨ ਉਥੇ ਧਰਾਂਗਵਾਲਾ ਪਿੰਡ ਦੇ ਤਿੰਨੇ ਸਕੂਲ, ਗੁਰਦੁਆਰਾ ਸਾਹਿਬ, ਪੰਚਾਇਤੀ ਜ਼ਮੀਨ, ਸ਼ਮਸ਼ਾਨਘਾਟ ਅਤੇ ਖੇਡ ਸਟੇਡੀਅਮ ਵਿਚ ਖੜਾ ਸੇਮ ਦਾ ਪਾਣੀ, ਕੁੰਭਕਰਨ ਦੀ ਨੀਂਦ ਸੁੱਤੇ ਪ੍ਰਸ਼ਾਸਨ ਅਧਿਕਾਰੀਆਂ ਅਤੇ ਸਮੇਂ ਦੇ ਹਾਕਮਾਂ ਨੂੰ ਇਨਸਾਫ਼ ਦਿਓ ਦੀ ਦੁਹਾਈ ਪਾ ਰਿਹਾ ਹੈ। ਪਿੰਡ ਦੇ ਸੇਮ ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਦੇ ਭੱਖ ਰਹੇ ਦੰਗਲ ਵਿਚ ਵੋਟਾਂ ਮੰਗਣ ਆਏ ਉਮੀਦਵਾਰ ਦੀ ਸਾਨੂੰ ਇਸ ਮੁਸੀਬਤ ਵਿਚੋਂ ਕੱਢਣਗੇ ਜਾਂ ਪਹਿਲਾਂ ਵਾਂਗੂ ਚੋਣ ਮੁੱਦਾ ਬਣਾ ਕੇ ਸਿਆਸੀ ਰੋਟੀਆਂ ਹੀ ਸੇਕਣਗੇ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply