
ਬਠਿੰਡਾ (ਤਲਵੰਡੀ ਸਾਬੋ), 1 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਰੇਸ਼ਮ ਦੇ ਕੀੜੇ ਸਾਡੇ ਮਿੱਤਰ ਕੀੜਿਆਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ । ਕੁਦਰਤੀ ਸਿਲਕ (ਰੇਸ਼ਮ) ਪੈਦਾ ਕਰਨ ਵਾਲੇ ਕੀੜਿਆਂ ਦੀਆਂ ਚਾਰ ਕਿਸਮਾਂ ਵਿੱਚੋਂ ਸ਼ਹਿਤੂਤ ਤੇ ਪਲਣ ਵਾਲੇ ਰੇਸ਼ਮ ਦੇ ਕੀੜੇ ਤੋਂ ਪ੍ਰਾਪਤ ਰੇਸ਼ਮ ਬਹੁਤ ਪ੍ਰਸਿੱਧ ਹੈ ਅਤੇ ਦੁਨੀਆਂ ਵਿੱਚ 90% ਰੇਸ਼ਮ ਇਸ ਰੇਸ਼ਮ-ਕੀਟ ਤੋਂ ਹੀ ਪ੍ਰਾਪਤ ਕੀਤਾ ਜਾਦਾਂ ਹੈ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਹਰ ਕੋਰਸ ਦੇ ਵਿਦਿਆਰਥੀਆਂ ਨੂੰ ਲਾਈਵ ਪ੍ਰੋਜੈਕਟਾਂ ਰਾਹੀਂ ਵਿਹਾਰਿਕ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। ਇਸੇ ਲਈ ਲਾਈਵ ਪ੍ਰੋਜੈਕਟ ਤਹਿਤ ਬਾਬਾ ਫ਼ਰੀਦ ਕਾਲਜ ਦੇ ਖੇਤੀਬਾੜੀ ਵਿਭਾਗ ਵਿੱਚ ਬੀ.ਐਸ.ਸੀ.(ਐਗਰੀਕਲਚਰ) ਕਰ ਰਹੇ 60 ਵਿਦਿਆਰਥੀਆਂ ਨੂੰ ਪਿਛਲੇ ਮਹੀਨੇ ਤੋਂ ਰੇਸ਼ਮ-ਕੀਟ ਪਾਲਣ ਦੀ ਅਮਲੀ ਸਿਖਲਾਈ ਦਿੱਤੀ ਗਈ। ਇਸ ਅਮਲੀ ਸਿਖਲਾਈ ਲਈ ਅੰਡੇ ਚੋਂ ਨਿਕਲੀਆਂ ਪਹਿਲੀ ਸਟੇਜ ਦੀਆਂ ਨਵੀਆਂ ਸੂੰਡੀਆਂ ਡਵਿਜ਼ਨਲ ਸੈਰੀਕਲਚਰ ਅਫ਼ਸਰ, ਸੁਜਾਨਪੁਰ (ਪਠਾਨਕੋਟ) ਤੋਂ ਲਿਆਂਦੀਆਂ ਗਈਆਂ। ਸਿਖਿਆਰਥੀਆਂ ਨੂੰ ਰੇਸ਼ਮ-ਕੀਟ ਦੇ ਜੀਵਨ ਚੱਕਰ ਦੀਆਂ ਹਾਲਤਾਂ ਜਿਵੇਂ ਕਿ ਨਰ ਅਤੇ ਮਾਦਾ ਪਤੰਗੇ, ਅੰਡੇ, ਸੂਡੀਆਂ ਅਤੇ ਪਿਊਪੇ, ਮਿਲਾਪ ਕਰ ਰਹੇ ਪਤੰਗੇ ਅਤੇ ਮਾਦਾ ਪਤੰਗ ਦੁਆਰਾ ਅੰਡੇ ਦੇਣੇ ਆਦਿ ਅਮਲੀ ਰੂਪ ਵਿੱਚ ਵਿਖਾਏ ਗਏ।
ਵਿਦਿਆਰਥੀਆਂ ਨੂੰ ਰੇਸ਼ਮ ਦੇ ਕੀੜੇ ਪਾਲਣ ਲਈ ਲੋੜੀਂਦੇ ਸਮਾਨ, ਲੈਬ ਦੀ ਸਫ਼ਾਈ, ਸਹੀ ਤਾਪਮਾਨ ਅਤੇ ਨਮੀ ਬਰਕਰਾਰ ਰੱਖਣ ਦੀ ਜਾਣਕਾਰੀ ਦਿੱਤੀ ਗਈ । ਇਸ ਤੋਂ ਇਲਾਵਾ ਰੇਸ਼ਮ ਕੀਟ ਪਾਲਣ ਪ੍ਰਬੰਧ ਜਿਵੇਂ ਕਿ ਨਾਜ਼ੁਕ ਸੁੰਡੀਆਂ ਨੂੰ ਕੁਤਰੇ ਹੋਏ ਪੱਤਿਆਂ ਦੀ ਖ਼ੁਰਾਕ ਦੇਣੀ, ਰੇਸ਼ਮ-ਕੀਟ ਪਾਲਣ ਸਮੇਂ ਟਰੇਆਂ ਵਿਚੋਂ ਅਣ-ਖਾਧੇ ਪੱਤੇ, ਸੂੰਡੀਆਂ ਦਾ ਮਲ ਤਿਆਗ ਅਤੇ ਕੁੰਜ਼ਾਂ, ਮਰੀਆਂ ਹੋਈਆਂ ਅਤੇ ਰੋਗ-ਗ੍ਰਸਤ ਸੁੰਡੀਆਂ ਦੀ ਸਫ਼ਾਈ ਆਦਿ ਕਰਨ, ਕੁੰਜ ਉਤਾਰਣ ਅਤੇ ਕਕੂਨ ( ਰੇਸ਼ਮ ਦਾ ਗਲੋਟਾ) ਕੱਤ ਰਹੀ ਰੇਸ਼ਮ ਦੀ ਸੁੰਡੀ ਨੂੰ ਬਿਲਕੁਲ ਨਾ ਛੇੜਣ, ਰੇਸ਼ਮੀ ਕਕੂਨ ਦੀ ਕਤਾਈ ਕਰਵਾਉਣ ਲਈ ਪੂਰੀਆਂ ਪਲੀਆਂ ਸੁੰਡੀਆਂ ਨੂੰ ਚੁੱਕ ਕੇ ਚਾਰਟ ਪੇਪਰ ਦੀਆਂ ਬਣਾਈਆਂ ਚੰਦਰੀਕਾਜ਼ ਜਾਂ ਐਗ-ਟਰੇਆਂ ਵਿੱਚ ਦੂਰ-ਦੂਰ ਕਰ ਕੇ ਰੱਖਣ ਅਤੇ ਪੱਕੇ ਰੇਸ਼ਮੀ ਗਲੋਟਿਆਂ ਨੂੰ ਪਾਣੀ ਵਿੱਚ ਉਬਾਲ ਕੇ ਕੀੜੇ ਨੂੰ ਮਾਰਨ ਤੋਂ ਬਾਅਦ ਸੁਕਾ ਕੇ ਵੇਚਣ ਲਈ ਕਕੂਨ ਤਿਆਰ ਕਰਨ ਅਤੇ ਰੇਸ਼ਮੀ ਧਾਗਾ ਉਧੇੜ ਕੇ ਅੱਟੀਆਂ ਬਨਾਉਣ ਬਾਰੇ ਵੀ ਅਮਲੀ ਸਿਖਲਾਈ ਦਿੱਤੀ ਗਈ। ਸਿਖਿਆਰਥੀਆਂ ਨੂੰ ਰੇਸ਼ਮ ਦੇ ਕੀੜੇ ਘਰ ਲਿਜਾ ਕੇ, ਆਪਣੇ ਆਪ ਪਾਲਣ ਦੀ ਹੋਮ-ਅਸਾਇਨਮੇੈਨਟ ਵੀ ਦਿੱਤੀ ਗਈ। ਸਿਖਿਆਰਥੀਆਂ ਦੇ ਦੱਸਣ ਮੁਤਾਬਕ ਰੇਸ਼ਮ ਦੇ ਕੀੜੇ ਪਾਲਣਾ ਪਿੰਡ ਵਾਲਿਆਂ ਨੂੰ ਇੱਕ ਅਚੰਭੇ ਵਾਲੀ ਗੱਲ ਲੱਗੀ ਅਤੇ ਉਨ੍ਹਾਂ ਦੇ ਘਰਾਂ ਵਿੱਚ ਰੇਸ਼ਮ ਦੀ ਕੀੜੇ-ਪਾਲਣਾ ਵੇਖਣ ਲਈ ਪਿੰਡ ਦੇ ਲੋਕਾਂ ਦੀ ਭੀੜ ਲੱਗੀ ਰਹੀ ।
ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਲਾਈਵ-ਪ੍ਰੋਜੈਕਟ ਲਈ ਵਿਸ਼ੇਸ਼ ਦਿਲਚਸਪੀ ਵਿਖਾਈ ਅਤੇ ਉਚੇਚੇ ਤੌਰ ਤੇ ਇਸ ਪ੍ਰੌਜੈਕਟ ਨੂੰ ਵੇਖਣ ਲਈ ਬਾਬਾ ਫ਼ਰੀਦ ਕਾਲਜ ਦੇ ਖੇਤੀਬਾੜੀ ਵਿਭਾਗ ਦੀ ਇਸ ਲੈਬ ਦਾ ਦੌਰਾ ਕੀਤਾ। ਉਨ੍ਹਾਂ ਨੇ ਲਾਈਵ-ਪ੍ਰੋਜੈਕਟ ਤਹਿਤ ਵਿਦਿਆਰਥੀਆਂ ਨਾਲ ਰੇਸ਼ਮ ਪੈਦਾ ਕਰਨ ਦੀ ਅਮਲੀ ਤਕਨੀਕ ਸਾਂਝੀ ਕਰਨ ‘ਤੇ ਇਸ ਪ੍ਰੋਜੈਕਟ ਦੇ ਟੀਚਰ ਇੰਚਾਰਜ਼ ਅਤੇ ਕਾਲਜ ਦੇ ਖੇਤੀਬਾੜੀ ਵਿਭਾਗ ਦੀ ਭਰਪੂਰ ਸ਼ਲਾਘਾ ਕੀਤੀ।
Punjab Post Daily Online Newspaper & Print Media