Thursday, March 26, 2026

ਪੰਚਾਇਤੀ ਜਮੀਨ ਨੂੰ ਲੈ ਕੇ ਦਲਿਤ ਵਰਗ ਤੇ ਪੁਲਿਸ ਪ੍ਰਸ਼ਾਸ਼ਨ ਆਹਮਣੋ ਸਾਹਮਣੇ

ਮਰਦਾਂ ਸਮੇਤ ਕਈ ਅੋਰਤਾਂ ਜਖਮੀ, ਅੱਥਰੂ ਗੈਸ ਦੇ ਗੋਲੇ ਗਏ ਦਾਗੇ

PPN0105201505

ਬਠਿੰਡਾ (ਤਲਵੰਡੀ ਸਾਬੋ), 1 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕਸਬਾ ਭਗਤਾ ਭਾਈ ਕਾ ਦੇ ਨੇੜਲੇ ਪਿੰਡ ਹਮੀਰਗੜ ਵਿਖੇ ਸਥਿਤੀ ਉਦੋ ਤਨਾਅਪੂਰਨ ਬਣ ਗਈ ਜਦੋ ਪੰਚਾਇਤੀ ਜਮੀਨ ਕਰੀਬ 6 ਮਰਲੇ ਨੂੰ ਲੈ ਕੇ ਪਿੰਡ ਦੇ ਹੀ ਦਲਿਤ ਵਰਗ ਦੇ ਲੋਕ ਅਤੇ ਜਿਮੀਦਾਰ ਭਾਈਚਾਰਾ ਆਹਮਣੋ ਸਾਹਮਣੇ ਹੋ ਗਏ।ਮਸਲੇ ਨੂੰ ਗੰਭੀਰਤਾ ਨਾਲ ਲੈਦੇ ਹੋਏ ਪ੍ਰਸ਼ਾਸ਼ਨ ਵਲੋ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ।ਮਾਮਲਾ ਉਦੋ ਹੋਰ ਜਿਆਦਾ ਵਿਗੜ ਗਿਆ ਜਦੋ ਦਲਿਤ ਵਰਗ ਦੇ ਲੋਕਾਂ ਵਲੋ ਪੁਲਿਸ ਪ੍ਰਸ਼ਾਸ਼ਨ ਉਪਰ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਜਵਾਬੀ ਕਾਰਵਾਈ ਦੋਰਾਨ ਪੁਲਿਸ ਵਲੋ ਲਾਠੀਚਾਰਜ ਦੇ ਨਾਲ ਨਾਲ ਅੱਥਰੂ ਗੈਸ ਦੇ ਗੋਲੇ ਵੀ ਸੁੱਟੇ ਤੇ ਜਿਸ ਦੇ ਚਲਦਿਆਂ ਇੱਕ ਦੋ ਪੁਲਿਸ ਮੁਲਾਜਮਾਂ ਦੇ ਜਖਮੀ ਹੋਣ ਦੇ ਨਾਲ ਨਾਲ ਦਲਿਤ ਵਰਗ ਦੇ ਲੋਕ ਵੀ ਬੁਰੀ ਤਰਾਂ ਜਖਮੀ ਹੋ ਗਏ ਤੇ ਜਿਨਾਂ ਦੀ ਹਾਲਤ ਵੀ ਕਾਫੀ ਗੰਭੀਰ ਦੱਸੀ ਜਾ ਰਹੀ ਹੈ।
ਅਸਲ ਮਾਮਲਾ ਹੈ ਕੀ:ਮਾਮਲਾ ਇਹ ਹੈ ਕਿ ਪਿੰਡ ਹਮੀਰਗੜ ਵਿੱਚ ਸ਼ਮਸ਼ਾਨਘਾਟ ਦੇ ਨਾਲ ਪੰਚਾਇਤ ਦੀ ਕਰੀਬ 6 ਮਰਲੇ ਜਮੀਨ ਪਈ ਹੈ।ਇਸ ਜਮੀਨ ਵਿੱਚ ਦਲਿਤ ਵਰਗ ਦੇ ਲੋਕ ਰੂੜੀਆਂ ਲਗਾਉਣੀਆਂ ਚਾਹੁੰਦੇ ਹਨ ਤੇ ਜਿਸ ਦੇ ਚਲਦਿਆਂ ਪੰਚਾਇਤ ਵਲੋ ਇਸ ਜਮੀਨ ਨੂੰ ਠੇਕੇ ਤੇ ਦੇ ਦਿੱਤਾ ਜਾਂਦਾ ਹੈ।ਇਸ ਵਾਰ ਵੀ ਜਮੀਨ ਦੀ ਠੇਕੇ ਸੰਬੰਧੀ ਬੋਲੀ ਹੋਣੀ ਸੀ ਤੇ ਦਲਿਤ ਵਰਗ ਦੇ ਲੋਕਾਂ ਵਲੋ ਜਮੀਨ ਨੂੰ ਠੇਕੇ ਤੇ ਨਾ ਚੜਨ ਦੇਣ ਲਈ ਇਸ ਤੇ ਦੁਬਾਰਾ ਰੂੜੀਆਂ ਲਗਵਾਉਣ ਲਈ ਇਸ ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਗਈ।ਇਸ ਮੋਕੇ ਪੁਲਿਸ ਪ੍ਰਸ਼ਾਸ਼ਨ ਵਲੋ ਪਹਿਲਾਂ ਤਾਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਲੋਕਾਂ ਦੇ ਵਧਦੇ ਹੋਏ ਰੋਹ ਨੂੰ ਦੇਖਦਿਆਂ ਪੁਲਿਸ ਵਲੋ ਲਾਠੀਚਾਰਜ ਕਰ ਦਿੱਤਾ ਗਿਆ।ਇਸ ਸਾਰੇ ਮਸਲੇ ਵਿੱਚ ਦਿਆਲਪੁਰਾ ਦੇ ਚੋਕੀ ਇੰਚਾਰਜ ਬੂਟਾ ਸਿੰਘ ਵੀ ਪਥਰਾਅ ਦੋਰਾਨ ਜਖਮੀ ਹੋ ਗਏ।ਭਾਵੇ ਕਿ ਪੰਚਾਇਤ ਵਲੋ ਇਸ ਜਮੀਨ ਨੂੰ ਵਾਹ ਦਿੱਤਾ ਗਿਆ ਸੀ ਪਰ ਦਲਿਤ ਵਰਗ ਦੇ ਲੋਕ ਆਪਣੀ ਜਿੱਦ ਤੇ ਅੜੇ ਹੋਏ ਸਨ।ਦਲਿਤ ਵਰਗ ਦੇ ਲੋਕਾਂ ਦਾ ਕਹਿਣਾ:ਇਸ ਮੋਕੇ ਜਦੋ ਦਲਿਤ ਵਰਗ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਵਲੋ ਪੁਲਿਸ ਅਤੇ ਪਿੰਡ ਦੀ ਹੀ ਪੰਚਾਇਤ ਤੇ ਗੰਭੀਰ ਦੋਸ਼ ਲਗਾਉਦੇ ਹੋਏ ਕਿਹਾ ਗਿਆ ਕਿ ਕੁਝ ਲੋਕਾਂ ਵਲੋ ਆਪਣੇ ਅਸਲੇ ਨਾਲ ਫਾਇਰ ਕੀਤੇ ਗਏ ਜਿਨਾਂ ਦੀ ਵਜਹ ਕਾਰਨ ਸਾਡੇ ਕੁਝ ਲੋਕ ਜਖਮੀ ਹੋ ਗਏ ਹਨ।ਉਨਾਂ ਕਿਹਾ ਕਿ ਪੁਲਿਸ ਵਲੋ ਵੀ ਜਬਰਦਸਤ ਲਾਠੀਚਾਰਜ ਕੀਤਾ ਗਿਆ।ਉਹ ਕਹਿ ਰਹੇ ਸਨ ਕਿ ਪਿੰਡ ਵਿਚਲੀ ਸ਼ਾਮਲਾਟ ਨੂੰ ਵੀ ਕਬਜਾ ਮੁਕਤ ਕਰਵਾਇਆ ਜਾਵੇ।ਇਸ ਮੋਕੇ ਇੱਕ ਸਕੂਲੀ ਬੱਚੇ ਨੂੰ ਜਖਮੀ ਪਿਆ ਦੇਖਿਆ ਗਿਆ ਤਾਂ ਉਸ ਨਾਲ ਗੱਲਬਾਤ ਕਰਨ ਤੇ ਉਸ ਵਲੋ ਪੁਲਿਸ ਤੇ ਗੰਭੀਰ ਦੋਸ਼ ਲਗਾਉਦੇ ਹੋਏ ਕਿਹਾ ਕਿ ਪੁਲਿਸ ਵਲੋ ਮੈਨੂੰ ਕਾਫੀ ਜਿਆਦਾ ਕੁੱਟਿਆ ਗਿਆ ਹੈ।
ਭਾਵੇ ਕਿ ਪੁਲਿਸ ਦੇ ਵੱਡੇ-ਵੱਡੇ ਅਫਸਰਾਂ ਦੁਆਰਾ ਇਸ ਜਗ੍ਹਾ ਦਾ ਦੋਰਾ ਤਾਂ ਕੀਤਾ ਗਿਆ ਪਰ ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀ. ਐਸ. ਪੀ ਫੂਲ ਗੁਰਦੀਪ ਸਿੰਘ ਗੋਸਲ ਨੇ ਕਿਹਾ ਕਿ ਇਹ ਜਮੀਨ ਪੰਚਾਇਤ ਦੀ ਹੈ।ਉਨਾਂ ਕਿਹਾ ਕਿ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਕਾਰਨ ਅਸੀ ਕੁਝ ਲੋਕਾਂ ਉਪਰ ਪਰਚਾ ਦਰਜ ਕੀਤਾ ਹੈ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।ਪਰ ਹੁਣ ਦੇਖਣਾ ਇਹ ਹੈ ਕਿ ਇਸ ਜਮੀਨ ਉਪਰੋ ਤਾਂ ਦਲਿਤ ਵਰਗ ਦੇ ਲੋਕਾਂ ਤੋ ਕਬਜਾ ਲੈ ਲਿਆ ਗਿਆ ਤੇ ਜਿਹੜੀ ਸ਼ਾਮਲਾਟ ਜਮੀਨ ਉਪਰ ਕਬਜ਼ੇ ਦੀ ਗੱਲ ਦਲਿਤ ਵਰਗ ਦੇ ਲੋਕ ਕਰ ਰਹੇ ਹਨ ਕੀ ਉਹ ਕਬਜ਼ਾ ਛੁਡਵਾਇਆ ਜਾਵੇਗਾ ਜਾਂ ਨਹੀ।ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply