
ਪਠਾਨਕੋਟ, 4 ਮਈ (ਪ.ਪ) – ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਇੱਕੋ ਛੱਤ ਥੱਲ੍ਹੇ ਸਾਰੀਆਂ ਸਰਕਾਰੀ ਸੇਵਾਵਾਂ ਮੁਹਈਆ ਕਰਨ ਲਈ ਮਲਿਕਪੁਰ ਨੇੜੇ 45 ਕਰੋੜ 79 ਲੱਖ 63 ਹਜ਼ਾਰ ਰੁਪਏ ਦੀ ਲਾਗਤ ਨਾਲ 19 ਏਕੜ ਵਿੱਚ ਬਹੁਮੰਜਿਲੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਉਸਾਰੀ ਜੰਗੀ ਪੱਧਰ ‘ਤੇ ਚੱਲ ਰਹੀ ਹੈ।ਇਹ ਪ੍ਰਗਟਾਵਾ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਕਰਦਿਆਂ ਦੱਸਿਆ ਕਿ ਇਸ ਰਾਸ਼ੀ ਵਿਚੋਂ 32 ਕਰੋੜ 2 ਲੱਖ 12 ਹਜ਼ਾਰ ਰੁਪਏ ਸਿਵਲ ਵਰਕਸ ‘ਤੇ, 4 ਕਰੋੜ 78 ਲੱਖ 68 ਹਜ਼ਾਰ ਰੁਪਏ ਪਬਲਿਕ ਹੈਲਥ ਦੇ ਕੰਮਾਂ ‘ਤੇ ਅਤੇ 8 ਕਰੋੜ 84 ਲੱਖ 52 ਹਜ਼ਾਰ ਰੁਪਏ ਬਿਜਲੀ ਦੇ ਕੰਮਾਂ ‘ਤੇ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਕੰਪਲੈਕਸ ਤਿੰਨ ਮੰਜਿਲੀ ਹੋਵੇਗਾ। ਇਸ ਕੰਪਲੈਕਸ ਵਿੱਚ ਡਿਪਟੀ ਕਮਿਸ਼ਨਰ, ਐਸ.ਐਸ.ਪੀ., ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੋਕ ਨਿਰਮਾਣ ਵਿਭਾਗ, ਜ਼ਿਲ੍ਹਾ ਖਜ਼ਾਨਾ ਦਫ਼ਤਰ, ਜ਼ਿਲ੍ਹਾ ਟਰਾਂਸਪੋਰਟ ਦਫ਼ਤਰ, ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਦਾ ਦਫ਼ਤਰ, ਕਰ ਤੇ ਅਬਕਾਰੀ ਵਿਭਾਗ ਦਾ ਦਫ਼ਤਰ, ਸੁਵਿਧਾ ਸੈਂਟਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਐਲੀਮੈਂਟਰੀ ਅਤੇ ਹੋਰ ਬਾਕੀ ਸਾਰੇ ਸਰਕਾਰੀ ਦਫ਼ਤਰ ਬਣਨਗੇੇ।
ਸ਼੍ਰੀ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਇਸ ਕੰਪਲੈਕਸ ਦੇ 4 ਬਲਾਕ ਬਣਨਗੇ। ਜਿਸ ਵਿੱਚ ਸਾਰੇ ਦਫ਼ਤਰਾਂ ਲਈ ਲਗਭਗ 150 ਕਮਰੇ ਹੋਣਗੇ ਅਤੇ ਇਸ ਤੋਂ ਇਲਾਵਾ ਇੱਕ ਵੱਡਾ ਕਾਨਫਰੰਸ ਹਾਲ ਵੀ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਕੰਪਲੈਕਸ ਦੇ ਬਣਨ ਨਾਲ ਜਿੱਥੇ ਲੋਕਾਂ ਨੂੰ ਇੱਕੋ ਛੱਤ ਥੱਲੇ ਸਾਰੀਆਂ ਸਰਕਾਰੀ ਸੇਵਾਵਾਂ ਮਿਲਣਗੀਆਂ, ਉੱਥੇ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬਚੱਤ ਵੀ ਹੋਵੇਗੀ। ਉਨ੍ਹਾਂ ਦੱਸਿਆ ਇਸ ਪ੍ਰਬੰਧਕੀ ਕੰਪਲੈਕਸ ਦੀਆਂ ਲਗਭਗ ਦੋ ਮੰਜਿਲਾਂ ਬਣ ਗਈਆਂ ਹਨ ਅਤੇ ਤੀਸਰੀ ਮੰਜਿਲ ਦਾ ਕੰਮ ਚੱਲ ਰਿਹਾ ਹੈ। ਇਹ ਪ੍ਰਬੰਧਕੀ ਕੰਪਲੈਕਸ ਦਸੰਬਰ, 2015 ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਦੂਜੇ ਫੇਜ ਵਿੱਚ ਡਿਪਟੀ ਕਮਿਸ਼ਨਰ, ਐਸ.ਐਸ.ਪੀ ਅਤੇ ਬਾਕੀ ਸਟਾਫ਼ ਦੇ ਰਹਿਣ ਲਈ ਰਿਹਾਇਸ਼ੀ ਇਮਾਰਤਾਂ ਦੀ ਉਸਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਇੱਕੋਂ ਛੱਤ ਹੇਠਾਂ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਨ ਲਈ ਕੋਰਟ ਕੰਪਲੈਕਸ ਦੀ ਉਸਾਰੀ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ।ਇਸ ਕੰਪਲੈਕਸ ਵਿੱਚ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਦੀ ਕੋਰਟ, ਦੋ ਵਧੀਕ ਜ਼ਿਲ੍ਹਾ ਤੇ ਸ਼ੈਸਨ ਜੱਜਾਂ ਦੀਆਂ ਕੋਰਟਾਂ ਅਤੇ 4 ਹੋਰ ਜੱਜਾਂ ਦੀਆਂ ਕੋਰਟਾਂ ਚੱਲ ਰਹੀਆਂ ਹਨ।
Punjab Post Daily Online Newspaper & Print Media