ਵੁੱਡਲੈਂਡ ਪੇਰੈਂਟਸ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਹੋਈ ਅਹਿਮ ਮੀਟਿੰਗ
ਸਕੂਲ ਪ੍ਰਬੰਧਕਾਂ ਵੱਲੋਂ ਧਿਆਨ ਨਾ ਦੇਣ ‘ਤੇ ਮਾਮਲਾ ਹਾਈ ਕੋਰਟ ਵੱਲੋਂ ਗਠਿਤ ਫੀਸ ਕਮੇਟੀ ਸਾਹਮਣੇ ਲਿਜਾਣ ਦੀ ਦਿੱਤੀ ਚੇਤਾਵਨੀ
ਹੁਸ਼ਿਆਰਪੁਰ, 7 ਮਈ (ਸਤਵਿੰਦਰ ਸਿੰਘ) – ਵੁੱਡਲੈਂਡ ਪੇਰੈਂਟਸ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਇੱਕ ਅਹਿਮ ਮੀਟਿੰਗ ਸੰਜੀਵ ਸ਼ਰਮਾ ਦੀ ਪ੍ਰਧਾਨਗੀ ਹੇਠ ਮਈਆ ਜੀ ਅਸੀਂ ਨੌਕਰ ਤੇਰੇ ਧਾਮ ਭਰਵਾਈਂ ਰੋਡ ਹੁਸ਼ਿਆਰਪੁਰ ਵਿਖੇ ਹੋਈ। ਜਿਸ ਵਿੱਚ ਵੱਡੀ ਗਿਣਤੀ ‘ਚ ਬੱਚਿਆਂ ਦੇ ਮਾਤਾ ਪਿਤਾ ਨੇ ਸ਼ਿਰਕਤ ਕੀਤੀ।ਇਸ ਮੀਟਿੰਗ ਵਿੱਚ ਸਕੂਲ ਵਲੋਂ ਹਰ ਸਾਲ ਫੀਸਾਂ,ਸਲਾਨਾ ਵਸੂਲੀਆਂ,ਬੱਸਾਂ ਦੇ ਕਿਰਾਏ ਭਾੜੇ,ਕਿਤਾਬਾਂ ਦੀਆਂ ਕੀਮਤਾਂ ਵਿੱਚ ਕੀਤੇ ਜਾ ਰਹੇ ਬੇਤਹਾਸ਼ਾ ਵਾਧੇ ‘ਤੇ ਭਾਰੀ ਚਿੰਤਾ ਦਾ ਇਜ਼ਹਾਰ ਕਰਦਿਆਂ ਪੇਰੈਂਟਸ ਨੇ ਸਕੂਲ ਪ੍ਰਬੰਧਕਾਂ ਦੇ ਰੱਵਈਏ ‘ਤੇ ਭਾਰੀ ਰੋਸ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਆਪਣੇ ਸੰਬੋਧਨ ਵਿੱਚ ਬੁਲਾਰਿਆਂ ਨੇ ਸਕੂਲ ਦੀਆਂ ਵਰਦੀਆਂ ਕੇਵਲ ਇੱਕੋ ਹੀ ਦੁਕਾਨ ‘ਤੇ ਉਪਲਬਧ ਹੋਣਾ,ਕਿਤਾਬਾਂ ਦੇ ਬਿੱਲ ਜਾਰੀ ਨਾ ਕਰਨਾ ਤੇ ਹੋਰ ਭਖਦੀਆਂ ਮੰਗਾਂ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਸਕੂਲ ਪ੍ਰਬੰਧਕਾਂ ਨੇ ਇਸ ਪਾਸੇ ਵੱਲ ਧਿਆਨ ਨਾ ਦਿੱਤਾ ਤਾਂ ਮਾਮਲਾ ਜ਼ਿਲੇ ਦੀ ਹਾਇਰ ਅਥਾਰਿਟੀ ਕੋਲ ਲਿਜਾਇਆ ਜਾਵੇਗਾ ਅਤੇ ਮਾਣਯੋਗ ਹਾਈ ਕੋਰਟ ਵੱਲੋਂ ਗਠਿਤ ਕੀਤੀ ਗਈ ਫੀਸ ਕਮੇਟੀ ਦੇ ਸਾਹਮਣੇ ਸਾਰਾ ਕੇਸ ਪੇਸ਼ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਮਾਊਂਟ ਕਾਰਮਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਜਿ. ਤੋਂ ਸੰਜੀਵ ਕੁਮਾਰ ਠੁਕਰਾਲ, ਰਣਜੀਤ ਸਿੰਘ ਰਾਣਾ, ਰਘੂਵੀਰ ਸਿੰਘ, ਵਿਸ਼ਾਲ ਅਰੋੜਾ ਨੇ ਸ਼ਿਰਕਤ ਕੀਤੀ ਅਤੇ ਵੁੱਡਲੈਂਡ ਪੇਰੈਂਟਸ ਐਸੋਸੀਏਸ਼ਨ ਹੁਸ਼ਿਆਰਪੁਰ ਨੂੰ ਹਰ ਸੰਘਰਸ਼ ਵਿੱਚ ਪੂਰਨ ਸਹਿਯੋਗ ਦੇਣ ਦਾ ਯਕੀਨ ਦਿਵਾਇਆ।ਇਸ ਮੌਕੇ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।ਜਿਸ ਵਿੱਚ ਅਮਰਜੀਤ ਸਿੰਘ, ਰਿੰਕਲ ਬਾਂਸਲ, ਨਵੀਨ ਕੁਮਰਾ, ਕਮਲ ਕੁਮਰਾ, ਪ੍ਰੀਤ ਠਾਕੁਰ, ਅਰਵਿੰਦਰ ਕੌਰ, ਪੂਜਾ ਬੇਦੀ, ਗੁਲਸ਼ਨ ਰਾਏ ਪਾਸੀ, ਦੀਪਕ ਸ਼ਾਰਦਾ, ਬਲਜੀਤ ਸਿੰਘ, ਸੁਰਪ੍ਰੀਤ ਆਦਿ ਨੂੰ ਸ਼ਾਮਿਲ ਕੀਤਾ ਗਿਆ।
Punjab Post Daily Online Newspaper & Print Media