ਜ਼ਿਲ੍ਹੇ ਦੀ ਸੰਗਤ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਨ ਲਈ ਬੇਤਾਬ – ਸੇਖਵਾਂ
ਬਟਾਲਾ, 7 ਮਈ (ਨਰਿੰਦਰ ਬਰਨਾਲ) – ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਾਵਨ ਨਿਸ਼ਾਨੀਆਂ ਤੇ ਸ਼ਸ਼ਤਰਾਂ ਦੇ ਸੰਗਤਾਂ ਨੂੰ ਦਰਸ਼ਨ ਕਰਾਉਣ ਲਈ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੁਹੰਚ ਰਹੀ ਧਾਰਮਿਕ ਦਰਸ਼ਨ ਯਾਤਰਾ ਦੇ ਪ੍ਰਬੰਧਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ ਹੋ ਗਿਆ ਹੈ। ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਧਾਰਮਿਕ ਦਰਸ਼ਨ ਯਾਤਰਾ ਦੇ ਰਸਤੇ ਦਾ ਜਾਇਜਾ ਲਿਆ ਗਿਆ। ਇਸ ਮੌਕੇ ਪੰਜਾਬ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਸ. ਸੇਵਾ ਸਿੰਘ ਸੇਖਵਾਂ, ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ, ਸਾਬਕਾ ਵਿਧਾਇਕ ਸ. ਲਖਬੀਰ ਸਿੰਘ ਲੋਧੀਨੰਗਲ ਵੀ ਨਾਲ ਹਾਜ਼ਰ ਸਨ। ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਾਵਨ ਧਾਰਮਿਕ ਦਰਸ਼ਨ ਯਾਤਰਾ ਅੰਮ੍ਰਿਤਸਰ ਤੋਂ ਹੁੰਦੀ ਹੋਈ ਸ਼ੇਖੁਪੁਰਾ ਰਾਹੀਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਦਾਖਲ ਹੋਵੇਗੀ।ਉਨ੍ਹਾਂ ਦੱਸਿਆ ਕਿ ਇਸ ਉਪਰੰਤ ਇਹ ਯਾਤਰਾ ਪਹਿਲਾਂ ਬਟਾਲਾ ਸ਼ਹਿਰ ਜਾਵੇਗੀ ਅਤੇ ਸੰਗਤਾਂ ਨੂੰ ਪਾਵਨ ਸ਼ਸ਼ਤਰਾਂ ਦੇ ਦਰਸ਼ਨ ਕਰਾਉਂਦੀ ਹੋਈ ਸ੍ਰੀ ਹਰਗੋਬਿੰਦਪੁਰ ਨੂੰ ਰਵਾਨਾ ਹੋ ਜਾਵੇਗੀ। ਸ੍ਰੀ ਹਰਗੋਬਿੰਦਪੁਰ ਤੋਂ ਬਾਅਦ ਯਾਤਰਾ ਦਾ ਅਗਲਾ ਪੜਾਅ ਕਾਹਨੂੰਵਾਨ ਵਿਖੇ ਹੋਵੇਗਾ ਅਤੇ ਰਾਤ ਨੂੰ ਗੁਰਦੁਆਰਾ ਛੋਟਾ ਘੱਲੂਘਾਰਾ ਵਿਖੇ ਯਾਤਰਾ ਦਾ ਠਹਿਰਾਅ ਹੋਵੇਗਾ।ਅਗਲੇ ਦਿਨ ਯਾਤਰਾ ਗੁਰਦੁਆਰਾ ਘੱਲੂਘਾਰਾ ਤੋਂ ਗੁਰਦਾਸਪੁਰ ਸ਼ਹਿਰ ਪਹੁੰਚੇਗੀ ਅਤੇ ਸੰਗਤਾਂ ਨੂੰ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਾਉਣ ਉਪਰੰਤ ਮੁਕੇਰੀਆਂ ਰਸਤੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਦਾਖਲ ਹੋ ਜਾਵੇਗੀ। ਡਿਪਟੀ ਕਮਿਸ਼ਨਰ ਡਾ. ਤ੍ਰਿਖਾ ਨੇ ਦੱਸਿਆ ਕਿ ਯਾਤਰਾ ਵਾਲੀ ਸੁਭਾਗੀ ਬੱਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕੀਤੀ ਗਈ ਹੈ, ਜਿਸਦੀ ਲੰਬਾਈ 12 ਮੀਟਰ, ਚੌੜਾਈ 2.5 ਮੀਟਰ ਅਤੇ ਉਚਾਈ 3.5 ਮੀਟਰ ਹੈ। ਉਨ੍ਹਾਂ ਕਿਹਾ ਕਿ ਬੱਸ ਦੀ ਲੰਬਾਈ ਅਤੇ ਚੌੜਾਈ ਨੂੰ ਦੇਖਦੇ ਹੋਏ ਨਿਰਧਾਰਤ ਰਸਤੇ ‘ਚ ਦਰੱਖਤਾਂ ਦੇ ਨੀਵੇਂ ਟਹਣਿਆਂ, ਬਿਜਲੀ ਦੀਆਂ ਤਾਰਾਂ ਆਦਿ ਨੂੰ ਹਟਾਉਣ ਦੇ ਹੁਕਮ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਧਾਰਮਿਕ ਯਾਤਰਾ ਦੇ ਸਾਰੇ ਰਸਤੇ ‘ਚ ਜਿਥੇ ਕਿਤੇ ਵੀ ਸੜਕ ਟੁੱਟੀ ਹੋਈ ਹੈ ਉਸਦੀ ਮੁਰੰਮਤ ਕੀਤੀ ਜਾਵੇ ਅਤੇ ਸੜਕਾਂ ਕਿਨਾਰੇ ਜੰਗਲੀ ਬੂਟੀ ਨੂੰ ਕੱਟ ਕੇ ਸਾਫ-ਸਫਾਈ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਧਾਰਮਿਕ ਦਰਸ਼ਨ ਯਾਤਰਾ ਦੇ ਸਵਾਗਤ ਲਈ ਜ਼ਿਲ੍ਹੇ ਦੀਆਂ ਸੰਗਤਾਂ ਤੇ ਸਮੁੱਚੇ ਪ੍ਰਸ਼ਾਸ਼ਨ ਵੱਲੋਂ ਪੂਰੇ ਜੋਸ਼ ਨਾਲ ਸਵਾਗਤ ਕੀਤਾ ਜਾਵੇਗਾ ਅਤੇ ਸੰਗਤਾਂ ਦੀ ਪੂਰੀ ਟਹਿਲ ਸੇਵਾ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣਗੇ।
ਗੁਰਦੁਆਰਾ ਛੋਟਾ ਘੱਲੂਘਾਰਾ ਵਿਖੇ ਧਾਰਮਿਕ ਦਰਸ਼ਨ ਯਾਤਰਾ ਦੇ ਠਹਿਰਾਅ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਨੂੰ ਲੈ ਕੇ ਚੇਅਰਮੈਨ ਸੇਵਾ ਸਿੰਘ ਸੇਖਵਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਪ੍ਰਸ਼ਾਸਨ ਵੱਲੋਂ ਮੀਟਿੰਗ ਵੀ ਕੀਤੀ ਗਈ। ਮੀਟਿੰਗ ਦਾ ਬਿਓਰਾ ਦਿੰਦਿਆਂ ਚੇਅਰਮੈਨ ਸ. ਸੇਖਵਾਂ ਨੇ ਦੱਸਿਆ ਕਿ ਦਿਨ ਭਰ ਜ਼ਿਲ੍ਹੇ ਦੀਆਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਾਉਣ ਉਪਰੰਤ ਰਾਤ ਨੂੰ ਯਾਤਰਾ ਦਾ ਠਹਿਰਾਅ ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਹੋਵੇਗਾ।ਉਨ੍ਹਾਂ ਕਿਹਾ ਕਿ ਠਹਿਰਾਅ ਸਮੇਂ ਜਿਥੇ ਸੰਗਤਾਂ ਨੂੰ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਾਏ ਜਾਣਗੇ ਉਥੇ ਨਾਲ ਹੀ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਦੀਵਾਨ ਵੀ ਸਜਾਏ ਜਾਣਗੇ, ਜਿਸ ਵਿੱਚ ਰਾਗੀ ਢਾਡੀ ਜਥਿਆਂ ਵੱਲੋਂ ਗੁਰ ਉਸਤਤ ਗਾਇਨ ਕੀਤੀ ਜਾਵੇਗੀ।ਸ. ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਉੱਦਮ ਨਾਲ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਾਉਣ ਦਾ ਜੋ ਉਪਰਾਲਾ ਕੀਤੀ ਗਿਆ ਹੈ ਇਹ ਬਹੁਤ ਹੀ ਵਧੀਆ ਉੱਦਮ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀ ਸਮੁੱਚੀ ਸੰਗਤ ਧਾਰਮਿਕ ਦਰਸ਼ਨ ਯਾਤਰਾ ਦੌਰਾਨ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਨ ਲਈ ਬੇਤਾਬ ਹੈ ਅਤੇ ਯਾਤਰਾ ਦੌਰਾਨ ਸੰਗਤਾਂ ਦੀ ਸੇਵਾ ‘ਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਐੱਸ.ਐੱਸ.ਪੀ. ਗੁਰਦਾਸਪੁਰ ਸ. ਗੁਰਪ੍ਰੀਤ ਸਿੰਘ ਤੂਰ, ਐੱਸ.ਐੱਸ.ਪੀ. ਬਟਾਲਾ ਸ. ਇੰਦਰਬੀਰ ਸਿੰਘ, ਐੱਸ.ਡੀ.ਐੱਮ. ਬਟਾਲਾ ਜਨਾਬ ਸ਼ੌਕਤ, ਐੱਸ.ਡੀ.ਐੱਮ. ਗੁਰਦਾਸਪੁਰ ਮਨਮੋਹਨ ਸਿੰਘ ਕੰਗ, ਐੱਸ.ਪੀ. ਬਟਾਲਾ ਅਮਰੀਕ ਸਿੰਘ ਪੁਆਰ, ਐਕਸੀਅਨ ਪੀ.ਐੱਸ. ਟਿਵਾਣਾ ਤੋਂ ਇਲਾਵਾ ਹੋਰ ਜ਼ਿਲ੍ਹਾ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media
