ਭ੍ਰਿਸ਼ਟਾਚਾਰੀਆਂ ਅਤੇ ਦਾਗੀਆਂ ਨੂੰ ਸ਼ਹਿ ਦੇਣਾ ਕਾਂਗਰਸ ਦੇ ਪਤਨ ਦਾ ਕਾਰਨ ਬਣੇਗਾ ਮਜੀਠੀਆ

ਅੰਮ੍ਰਿਤਸਰ, 8 ਅਪ੍ਰੈਲ (ਸੁਖਬੀਰ ਸਿੰਘ) – ਕਾਂਗਰਸ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਹਲਕਾ ਮਜੀਠਾ ਵਿਖੇ ਲਗਾਤਾਰ ਲੱਗ ਰਹੇ ਝਟਕਿਆਂ ਵਿੱਚ ਤੇਜ਼ੀ ਆ ਰਹੀ ਹੈ। ਅੱਜ ਪਿੰਡ ਕੋਟਲਾ ਸੁਲਤਾਨ ਸਿੰਘ ਦੇ ਡੇਢ ਦਰਜਨ ਤੋਂ ਵੱਧ ਸਰਗਰਮ ਕਾਂਗਰਸੀ ਕਾਰਕੁਨਾਂ ਅਤੇ ਪਰਿਵਾਰਾਂ ਨੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਮੌਜੂਦਗੀ ਵਿੱਚ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਜਿਨ ਦਾ ਸ: ਮਜੀਠੀਆ ਵੱਲੋਂ ਸਵਾਗਤ ਕਰਦਿਆਂ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਅੰਮ੍ਰਿਤਸਰ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਅਕਾਲੀ-ਭਾਜਪਾ ਉਮੀਦਵਾਰ ਸ੍ਰੀ ਅਰੁਣ ਜੇਤਲੀ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸਾਡੀ ਸਰਕਾਰ ਵੱਲੋਂ ਸੀਮਿਤ ਸਾਧਨਾਂ ਦੇ ਬਾਵਜੂਦ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਕੇਂਦਰ ਵਿੱਚ ਮੋਦੀ ਦੀ ਸਰਕਾਰ ਆਉਣ ‘ਤੇ ਕੇਂਦਰ ਦੇ ਖ਼ਜ਼ਾਨੇ ਦਾ ਮੂੰਹ ਵੀ ਪੰਜਾਬ ਲਈ ਖੁੱਲ ਜਾਵੇਗਾ ਫਿਰ ਪੰਜਾਬ ਦੇ ਸਰਵਪੱਖੀ ਵਿਕਾਸ ਅਤੇ ਖੁਸ਼ਹਾਲੀ ਲਈ ਪੈਸੇ ਦੀ ਕੋਈ ਕਮੀ ਨਹੀਂ ਰਹੇਗੀ। ਉਨਾਂ ਕਿਹਾ ਕਿ ਕਾਂਗਰਸ ਵਿੱਚ ਆਪੋਧਾਪੀ ਬਣੀ ਹੋਈ ਹੈ । ਕੈਪਟਨ ਅਤੇ ਪ੍ਰਤਾਪ ਸਿੰਘ ਬਾਜਵਾ ਇੱਕ ਦੂਜੇ ਨੂੰ ਠਿੱਬੀ ਲਾਉਂਦਿਆਂ ਸਿਆਸੀ ਭੋਗ ਪਾਉਣ ਲਈ ਉਤਾਵਲੇ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਨੂੰ ਵਿਖਾਏ ਗਏ ਕਾਲੇ ਝੰਡਿਆਂ ਬਾਰੇ ਸਵਾਲ ‘ਤੇ ਉਨਾਂ ਕਿਹਾ ਕਿ ਕਾਂਗਰਸ ਸਿਰਫ਼ ਤੇ ਸਿਰਫ਼ ਉਨਾਂ ਲੋਕਾਂ ਅਤੇ ਨੇਤਾਵਾਂ ਵਿੱਚ ਫੱਸ ਗਈ ਹੈ ਜਿੰਨਾਂ ਦਾ ਪਿਛੋਕੜ ਦਾਗੀ ਹੈ। ਜਿਸ ਕਰਕੇ ਪਹਿਲਾਂ ਵੀ ਕਾਂਗਰਸ ਹਾਰਦੀ ਰਹੀ ਅਤੇ ਹੁਣ ਕਾਂਗਰਸ ਦੇ ਪਤਨ ਦਾ ਕਾਰਨ ਵੀ ਬਣੇਗਾ। ਕਾਂਗਰਸੀ ਆਗੂ ਬੀਰਦਵਿੰਦਰ ਸਿੰਘ ਨੂੰ ਮੁਖਾਤਿਬ ਹੁੰਦਿਆਂ ਉਨਾਂ ਕਿਹਾ ਕਿ ਕੱਲ ਤੱਕ ਕੈਪਟਨ ਨੂੰ ਭ੍ਰਿਸ਼ਟ ਨੇਤਾ ਗਰਦਾਨ ਕੇ ਜਨਤਕ ਤੌਰ ‘ਤੇ ਭੰਡਦੇ ਰਹੇ ਬੀਰਦਵਿੰਦਰ ਨੂੰ ਆਪਣੇ ਅੰਦਰ ਅਤੇ ਪਿਛੋਕੜ ਵੱਲ ਵੀ ਝਾਤੀ ਮਾਰ ਲੈਣੀ ਚਾਹੀਦੀ ਹੈ।
ਸ: ਮਜੀਠੀਆ ਨੇ ਬੀਰਦਵਿੰਦਰ ਦੀ ਖਿੱਲੀ ਉਡਾਉਂਦਿਆਂ ਕਿਹਾ ਕਿ ਗਿਰਗਿਟ ਵਾਂਗੂੰ ਰੰਗ ਬਦਲਣ ਵਾਲਾ ਇਹ ਆਗੂ ਦੱਸੇ ਕਿ ਉਹ ਕਿਹੜਾ ਘਾਟ ਬਚਿਆ ਹੈ ਜਿੱਥੋਂ ਦਾ ਉਸਨੇ ਪਾਣੀ ਨਹੀਂ ਪੀਤਾ। ਇਹ ਵੀ ਨਹੀਂ ਪਤਾ ਕਿ ਉਹ ਹੁਣ ਕਿਸ ਵਕਤ ਕੈਪਟਨ ਦੇ ਦੁਆਲੇ ਹੋ ਜਾਣ ਅਤੇ ਉਸ ਦੀ ਸ਼ਾਮਤ ਲੈ ਆਉਣ। ਉਨਾਂ ਕਿਹਾ ਕਿ ਨਿਸ਼ਚਿਤ ਨਾਮੋਸ਼ੀਜਨਕ ਹਾਰ ਨੂੰ ਦੇਖਦਿਆਂ ਮਜੀਠੇ ਨਾਲ ਸਬੰਧਿਤ ਕੁੱਝ ਮੁੱਠੀ ਭਰ ਕਾਂਗਰਸੀ ਆਗੂ ਬੌਖਲਾਹਟ ਵਿੱਚ ਹਨ। ਉਨਾਂ ਕਿਹਾ ਕਿ ਮਜੀਠੇ ਦੇ ਵੋਟਰਾਂ ਨੇ ਹਰ ਵਾਰ ਅਕਾਲੀ ਦਲ ਦੇ ਹੱਕ ਵਿੱਚ ਭਾਰੀ ਵੋਟਾਂ ਪੋਲ ਕਰਕੇ ਵਿਕਾਸ ਅਤੇ ਤਰੱਕੀ ਪ੍ਰਤੀ ਮੋਹਰ ਲਗਾਈ ਹੈ। ਮਜੀਠੇ ‘ਚ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਆ ਰਹੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਸਬੰਧੀ ਪੁੱਛੇ ਜਾਣ ‘ਤੇ ਉਨਾਂ ਕਿਹਾ ਕਿ ਮਜੀਠਾ ਹਲਕੇ ਦਾ ਹਰ ਬਾਸ਼ਿੰਦਾ ਉਨਾਂ ਦਾ ਪਰਿਵਾਰ ਹੈ । ਜਿੰਨਾਂ ਦਾ ਮਜੀਠੇ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਵੱਡਾ ਯੋਗਦਾਨ ਰਿਹਾ ਹੈ। ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਦੀ ਪ੍ਰੇਰਨਾ ਸਦਕਾ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਵਾਲਿਆਂ ‘ਚ ਸ: ਜਗੀਰ ਸਿੰਘ, ਬਲਕਾਰ ਸਿੰਘ, ਦਿਲਬਾਗ ਸਿੰਘ, ਕੁਲਵਿੰਦਰ ਸਿੰਘ, ਵਜ਼ੀਰ ਸਿੰਘ, ਜੱਜਪ੍ਰੀਤ ਸਿੰਘ, ਗਗਨਦੀਪ ਸਿੰਘ, ਕਰਨਦੀਪ ਸਿੰਘ, ਜੋਧ ਵੀਰ ਸਿੰਘ, ਹਰਚਰਨ ਸਿੰਘ, ਗੁਰਇੰਦਰ ਸਿੰਘ, ਹਰਵਿੰਦਰ ਸਿੰਘ, ਅਨਮੋਲਦੀਪ ਸਿੰਘ, ਰੋਜ਼ ਦੀਪ ਸਿੰਘ ਅਤੇ ਰਾਮ ਸਿੰਘ ਵੀ ਸ਼ਾਮਿਲ ਸਨ। ਇਸ ਮੌਕੇ ਸ: ਸੰਤੋਖ ਸਿੰਘ ਸਮਰਾ, ਉਪਕਾਰ ਸੰਧੂ, ਮੇਜਰ ਸ਼ਿਵਚਰਨ ਸਿੰਘ, ਭਗਵੰਤ ਸਿੰਘ ਸਿਆਲਕਾ, ਨਿਰਮਲ ਸਰਪੰਚ, ਭੁਪਿੰਦਰ ਸਿੰਘ, ਹਰਪਾਲ ਸਿੰਘ, ਖੁਸ਼ਪਾਲ ਸਿੰਘ, ਗੁਰਬੀਰ ਸਿੰਘ ਸਮਰਾ, ਜਗੀਰ ਸਿੰਘ, ਬੱਬੀ ਭੰਗਵਾਂ, ਹਰਦੀਪ ਸਿੰਘ, ਨਿਰਮਲ ਸਿੰਘ, ਮੋਹਿੰਦਰ ਸਿੰਘ, ਕੁਲਦੀਪ ਸਿੰਘ ਸਰਪੰਚ, ਤਰਸੇਮ ਸਿੰਘ ਫੌਜੀ, ਰਣਧੀਰ ਸਿੰਘ, ਸੁਖਦੀਪ ਸਿੱਧੂ, ਪ੍ਰੋ: ਸਰਚਾਂਦ ਸਿੰਘ ਅਤੇ ਗਗਨਦੀਪ ਸਿੰਘ ਭਕਨਾ ਵੀ ਮੌਜੂਦ ਸਨ।
Punjab Post Daily Online Newspaper & Print Media