ਲੋਕ ਸੰਘਰਸ਼ ਕਮੇਟੀ ਸਮਰਾਲਾ ਵੱਲੋਂ ਇਸ ਵਿੱਚ ਸ਼ਾਮਲ ਹੋਣ ਦਾ ਫੈਸਲਾ
ਸਮਰਾਲਾ, 11 ਮਈ (ਪ. ਪ) – ਲੋਕ ਸੰਘਰਸ਼ ਕਮੇਟੀ ਸਮਰਾਲਾ ਦੇ ਕਨਵੀਨਰ ਸਿੰਕਦਰ ਸਿੰਘ ਤੇ ਕੋ ਕਨਵੀਨਰ ਕੁਲਵੰਤ ਸਿੰਘ ਤਰਕ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਸੰਘਰਸ਼ ਕਮੇਟੀ ਸਮਰਾਲਾ ਦੀ ਕਾਰਜਕਾਰਨੀ ਇੱਕ ਮੀਟਿੰਗ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਮੋਗਾ ਬੱਸ ਕਾਂਡ ਦੀ ਪੁਰਜੋਰ ਨਿੰਦਾ ਕੀਤੀ ਗਈ। ਇਸ ਕਾਂਡ ਵਿੱਚ ਸ਼ਾਮਲ ਦੋਸ਼ੀਆਂ ਅਤੇ ਬੱਸ ਮਾਲਕਾਂ ਖਿਲਾਫ ਕੇਸ ਦਰਜ ਕਰਕੇ, ਉਨ੍ਹਾਂ ਨੂੰ ਸਖਤ ਸਜਾਵਾਂ ਦਿਵਾਉਣ ਲਈ ਵੱਖ ਵੱਖ ਦਰਜਨਾਂ ਜਥੇਬੰਦੀਆਂ ਵੱਲੋਂ ਅੱਜ 12 ਮਈ ਨੂੰ ਡੀ. ਸੀ. ਦਫਤਰ ਲੁਧਿਆਣਾ ਵਿਖੇ ਰੋਸ ਧਰਨਾ ਦੇਣ ਦਾ ਫੈਸਲਾ ਕੀਤਾ ਹੈ, ਜਿਸ ਵਿੱਚ ਲੋਕ ਸੰਘਰਸ਼ ਕਮੇਟੀ ਸਮਰਾਲਾ ਵੱਲੋਂ ਵੀ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ ਹੈ। ਇੱਕ ਮਤੇ ਰਾਹੀਂ ਮੋਗਾ ਬੱਸ ਕਾਂਡ ਸਬੰਧੀ ਫਰੀਦਕੋਟ ਵਿਖੇ ਮੋਗਾ ਬੱਸ ਕਾਂਡ ਖਿਲਾਫ ਵਿਦਿਆਰਥੀਆਂ ਵੱਲੋਂ ਕੀਤੇ ਗਏ ਰੋਸ ਮੁਜਾਹਰੇ ਤੇ ਕੀਤੇ ਗਏ ਪੁਲਿਸ ਲਾਠੀਚਾਰਜ ਦੀ ਨਿੰਦਾ ਕੀਤੀ ਹੈ, ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਦਿਆਰਥੀਆਂ ਤੇ ਪਾਏ ਸੰਗੀਨ ਧਰਾਵਾਂ ਤਹਿਤ ਝੂਠੇ ਕੇਸ ਵਾਪਸ ਲਏ ਜਾਣ ਤੇ ਜੇਲ੍ਹੀਂ ਡੱਕੇ ਵਿਦਿਆਰਥੀਆਂ ਨੂੰ ਰਿਹਾਅ ਕੀਤਾ ਜਾਵੇ।
ਮੀਟਿੰਗ ਵਿੱਚ ਇੱਕ ਮਤੇ ਰਾਹੀਂ ਕਰਜਾਈ ਕਿਸਾਨਾਂ ਦੀਆਂ ਜਮੀਨਾਂ ਦੀ ਕੁਰਕੀ ਸਬੰਧੀ ਬੈਕਾਂ ਵੱਲੋਂ ਕੱਢੇ ਨੋਟਿਸਾਂ ਦੀ ਨਿੰਦਾ ਕਰਦੇ ਹੋਏ ਕਿਸਾਨ ਵਿਰੋਧੀ ਨੋਟਿਸ ਵਾਪਸ ਲੈਣ ਦੀ ਮੰਗ ਕੀਤੀ ਹੈ ਕਿਉਂਕਿ ਬੇਮੌਸਮੀ ਵਰਖਾ ਤੇ ਗੜਿਆਂ ਕਰਕੇ ਕਣਕਾਂ ਦੀ ਫਸਲਾਂ ਦਾ ਝਾੜ ਘੱਟ ਨਿਕਲਣ ਕਰਕੇ ਤੇ ਮੰਡੀਆਂ ਵਿੱਚ ਸਹੀ ਢੰਗ ਨਾਲ ਕਣਕ ਦੀ ਖਰੀਦ ਨਾ ਹੋਣ ਕਰਕੇ ਕਰਜਈ ਕਿਸਾਨ ਕਰਜਾ ਮੋੜਨ ਤੋਂ ਅਸਮਰੱਥ ਹਨ। ਇੱਕ ਪਾਸੇ ਦੇਸ਼ ਦੇ ਹਾਕਮ ਧਨਾਢ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰਾਂ ਦੀ ਕਰਜੇ ਮੁਆਫ ਕਰ ਰਹੀ ਹੈ। ਦੂਜੇ ਪਾਸੇ ਹਾਕਮਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੇ ਕੁਦਰਤੀ ਕਰੋਪੀ ਕਰਕੇ, ਲਏ ਕਰਜੇ ਦੀਆਂ ਕਿਸ਼ਤਾਂ ਨਾ ਭਰਨ ਕਰਕੇ, ਉਨ੍ਹਾਂ ਦੀਆਂ ਜਮੀਨਾਂ ਦੀ ਕੁਰਕੀ ਦੇ ਨੋਟਿਸ ਜਾਰੀ ਕਰਕੇ ਪ੍ਰੇਸ਼ਾਨ ਕਰ ਰਹੀ ਹੈ।
ਆਗੂਆਂ ਨੇ ਕਿਹਾ ਕਿ ਪ੍ਰਾਈਵੇਟ ਬੱਸਾਂ ਵਿੱਚ ਆਏ ਰੋਜ ਵੱਧ ਰਹੀ ਗੁੰਡਾਗਰਦੀ, ਛੇੜਛਾੜ ਦੀਆਂ ਮੰਦਭਾਗੀਆਂ ਘਟਨਾਵਾਂ ਤੇ ਲੁਟੇਰੇ ਹਾਕਮਾਂ ਦੀਆਂ ਲੋਕ ਦੁਸ਼ਮਣ ਨੀਤੀਆਂ ਖਿਲਾਫ ਇੱਕ ਜੁੱਟ ਹੋ ਕੇ ਸੰਘਰਸ਼ ਕਰਨ ਦੀ ਲੋੜ ਤੇ ਜੋਰ ਦਿੱਤਾ ਹੈ। ਆਗੂਆਂ ਨੇ ਬੀਜਾ ਬੱਸ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ ਹੈ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਭੁਪਿੰਦਰਪਾਲ ਸਿੰਘ, ਭਰਭੂਰ ਸਿੰਘ ਅਤੇ ਕੁਲਦੀਪ ਸਿੰਘ ਗਰੇਵਾਲ ਆਦਿ ਨੇ ਵੀ ਹਿੱਸਾ ਲਿਆ।
Punjab Post Daily Online Newspaper & Print Media