
ਪਠਾਨਕੋਟ, 11 ਮਈ (ਪ.ਪ) – ਸ਼੍ਰੀ ਰਾਕੇਸ਼ ਕੌਸ਼ਲ ਐਸ.ਐਸ.ਪੀ. ਪਠਾਨਕੋਟ ਨੇ ਦੱਸਿਆ ਕਿ ਭਗੌੜਿਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਚਲਾਈ ਮੁਹਿੰਮ ਦੇ ਤਹਿਤ ਡੀ.ਐਸ.ਪੀ. ਇੰਨਵੇਸਟੀਗੇਸ਼ਨ ਸ. ਜਗਜੀਤ ਸਿੰਘ ਭੁਗਤਾਨਾ ਦੀ ਅਗਵਾਈ ਹੇਠ ਪੀ.ਓ ਸਟਾਫ਼ ਦੇ ਇੰਚਾਰਜ ਸ. ਲਖਵਿੰਦਰ ਸਿੰਘ ਐਸ.ਆਈ, ਹੈਡ ਕਾਂਸਟੇਬਲ ਸੁਰਿੰਦਰ ਮੋਹਣ ਅਤੇ ਬੀਰਬਾਲ ਨੇ ਮੁਕਦਮਾ ਨੰਬਰ 98 ਮਿਤੀ 26 ਦਸੰਬਰ, 2012 ਜੁਰਮ 363, 366, 34 ਆਈ.ਪੀ.ਸੀ. ਥਾਣਾ ਸਦਰ ਪਠਾਨਕੋਟ ਵਿੱਚ ਮਾਨਯੋਗ ਅਦਾਲਤ ਵੱਲੋਂ ਐਲਾਨੇ 4 ਭਗੌੜਿਆਂ ਪਾਲੀ ਉਰਫ ਸੈਫ ਅਲੀ ਸਪੁੱਤਰ ਸ਼ੇਰ ਮੁਹੰਮਦ ਕੋਮ ਮੁਸਲਮਾਨ ਵਾਸੀ ਪਿੰਡ ਹਲੇੜ, ਹਸਨਦੀਨ ਸਪੁੱਤਰ ਸ਼ੇਰ ਮੁਹੰਮਦ ਵਾਸੀ ਪਿੰਡ ਹਲੇੜ, ਮੱਖਣ ਸਪੁੱਤਰ ਫਕੀਰ ਮੁਹੰਮਦ ਵਾਸੀ ਗੋਸਾਂਈਪੁਰ ਥਾਣਾ ਸੁਜਾਨਪੁਰ, ਮਾਹੀ ਸਪੁੱਤਰ ਫਕੀਰ ਮੁਹੰਮਦ ਵਾਸੀ ਪਿੰਡ ਗੋਸਾਂਈਪੁਰ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ।
ਸ਼੍ਰੀ ਕੌਸ਼ਲ ਨੇ ਅੱਗੇ ਦੱਸਿਆ ਕਿ 26 ਦਸੰਬਰ, 2012 ਨੂੰ ਬਮੀਰ ਸਪੁੱਤਰ ਨੂਰ ਆਲਮ ਕੋਮ ਗੁਜਰ ਵਾਸੀ ਪਿੰਡ ਲਾਹੜੀ ਬ੍ਰਾਹਮਣਾ ਨੇ ਪੁਲਿਸ ਪਾਸ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਲੜਕੀ ਮੁੰਨੀ ਜੋ ਦੁੱਧ ਵੇਚਣ ਦਾ ਕੰਮ ਕਰਦੀ ਸੀ 5 ਮਈ, 2012 ਨੂੰ ਉਸ ਦੀ ਲੜਕੀ ਦੁੱਧ ਲੈ ਕੇ ਪਠਾਨਕੋਟ ਵੇਚਣ ਗਈ ਸੀ ਅਤੇ ਘਰ ਵਾਪਿਸ ਨਹੀਂ ਆਈ। ਮੁਦੱਈ ਨੂੰ ਪਤਾ ਲੱਗਾ ਕਿ ਉਸ ਦੀ ਲੜਕੀ ਮੁੰਨੀ ਨੂੰ ਪਾਲੀ ਸਪੁੱਤਰ ਸ਼ੇਰ ਮੁਹਿੰਮਦ ਕੋਮ ਮੁਸਲਮਾਨ ਵਾਸੀ ਪਿੰਡ ਹਲੇੜ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਕੇ ਫੁਸਲਾ ਕੇ ਲੈ ਗਿਆ ਹੈ। ਉਸ ਦੇ ਨਾਲ ਮੁੱਖਣ ਸਪੁੱਤਰ ਫਕੀਰ ਮੁਹੰਮਦ ਵਾਸੀ ਗੋਸਾਈਪੁਰ, ਮਾਹੀ ਸਪੁੱਤਰ ਫਕੀਰ ਮੁਹੰਮਦ ਵਾਸੀ ਗੋਸਾਂਈਪੁਰ ਅਤੇ ਹਸਨਦੀਨ ਸਪੁੱਤਰ ਸ਼ੇਰ ਮੁਹੰਮਦ ਵਾਸੀ ਹਲੇੜ ਸ਼ਾਮਲ ਸਨ। ਮੁਦਈ ਨੇ ਆਪਣੀ ਲੜਕੀ ਨੂੰ ਲੱਭਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਲੜਕੀ ਕਿੱਧਰੇ ਵੀ ਨਹੀਂ ਮਿਲੀ। ਜਿਸ ‘ਤੇ ਪੁਲਿਸ ਨੇ ਮੁਦੱਈ ਦੇ ਬਿਆਨਾਂ ‘ਤੇ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਦੋਸ਼ੀ ਦੇ ਘਰ ਤੋਂ ਅੱਗੇ ਪਿਛੇ ਰਹਿਣ ਕਰਕੇ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਰਹੇ ਮਾਨਯੋਗ ਅਦਾਲਤ ਵੱਲੋਂ ਦੋਸ਼ੀਆਂ ਦਾ ਵਰੰਟ ਗ੍ਰਿਫਤਾਰੀ ਵੀ ਜਾਰੀ ਕੀਤਾ ਗਿਆ ਸੀ ਜੋ ਕਿ ਦੋਸ਼ੀਆਂ ਦੇ ਘਰ ਤੋਂ ਅੱਗੇ ਪਿਛੇ ਹੋ ਜਾਣ ਕਰਕੇ ਪੁਲਿਸ ਦੇ ਕਾਬੂ ਨਹੀਂ ਸਨ ਆਏ। ਦੋਸ਼ੀ ਮੁਕੱਦਮਾ ਦਰਜ ਹੋਣ ਤੋਂ ਲੈ ਕੇ ਅੱਜ ਤੱਕ 29 ਮਹੀਨਿਆਂ ਤੋਂ ਭਗੌੜੇ ਚੱਲ ਆ ਰਹੇ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀ ਆਪਣੇ ਰਿਸਤੇਦਾਰਾਂ ਦੇ ਵੱਖ ਵੱਖ ਡੇਰਿਆਂ ‘ਤੇ ਪਿਛਲੇ 29 ਮਹੀਨਿਆਂ ਤੋਂ ਲੁੱਕ ਲੁੱਕ ਕੇ ਰਹਿ ਰਹੇ ਸਨ। ਜਿਨ੍ਹਾਂ ਨੂੰ ਅੱਜ ਡੀ.ਐਸ.ਪੀ./ ਇੰਨਵੇਸਟੀਗੇਸ਼ਨ ਸ. ਜਗਜੀਤ ਸਿੰਘ ਭੁਗਤਾਨਾ ਅਗਵਾਈ ਹੇਠ ਪੀ.ਓ. ਸਟਾਫ਼ ਦੇ ਕਰਮਚਾਰੀਆਂ ਨੇ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਰੰਭ ਕਰ ਦਿੱਤੀ ਹੈ।
Punjab Post Daily Online Newspaper & Print Media