Thursday, March 19, 2026

ਔਰਬਿਟ ਦੇ ਅਸਲੀ ਮਾਲਕ ਸੁਖਬੀਰ ਬਾਦਲ ‘ਤੇ ਹੋਵੇ ਮਾਮਲਾ ਦਰਜ – ਐਕਸ਼ਨ ਕਮੇਟੀ

ਡੀ. ਸੀ. ਦੇ ਦਫ਼ਤਰ ਦੇ ਘਿਰਾਓ ਵੇਲੇ ਪੁਲਿਸ ਤੇ ਜਥੇਬੰਦੀਆਂ ਦੇ ਆਗੂਆਂ ‘ਚ ਹੋਇਆ ਹਲਕਾ ਟਕਰਾਅ

PPN1205201506

ਬਠਿੰਡਾ, 12 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਮਾਲਕੀ ਵਾਲੀ ਔਰਬਿਟ ਟਰਾਂਸਪੋਰਟ ਦੇ ਗੁੰਡਿਆਂ ਵੱਲੋਂ ਦਲਿਤ ਲੜਕੀ ਦੇ ਕਤਲ ਵਿਰੁੱਧ ਐਕਸ਼ਨ ਕਮੇਟੀ ਦੇ ਸੱਦੇ ‘ਤੇ ਸੂਬਾ ਭਰ ਵਿੱਚ ਜਬਰਦਸਤ ਮੁਜ਼ਾਹਰੇ ਹੋਏ।ਬੀਤੇ 29 ਅਪ੍ਰੈਲ ਨੂੰ ਮੋਗਾ ਜਿਲ੍ਹੇ ਦੇ ਪਿੰਡ ਗਿੱਲ ਕਲਾਂ ਦੇ ਬੱਸ ਅੱਡੇ ‘ਤੇ ਬੱਸ ਵਿੱਚੋਂ ਹੇਠਾ ਸੁੱਟ ਕੇ ਮਾਰੀ ਗਈ 13 ਸਾਲਾਂ ਦਲਿਤ ਲੜਕੀ ਦੇ ਮਾਮਲੇ ਵਿੱਚ ਔਰਬਿਟ ਦੇ ਮਾਲਕ ਨੂੰ ਕਤਲ ਦੇ ਮਾਮਲੇ ਵਿੱਚ ਸ਼ਾਮਲ ਕਰਨ ਤੇ ਔਰਬਿਟ ਟਰਾਂਸਪੋਰਟ ‘ਤੇ ਪਾਬੰਦੀ ਲਗਾਉਣ ਦੇ ਮਾਮਲੇ ‘ਤੇ ਸੂਬਾ ਭਰ ਵਿੱਚ ਰੋਹਲੀ ਗਰਜ਼ ਨੇ ਹਾਕਮਾਂ ਦੇ ਮਹਿਲਾਂ ਤੱਕ ਅਵਾਜ਼ ਪੁੱਜਦੀ ਕੀਤੀ।ਲੋਕ ਰੋਹ ਪ੍ਰਦਰਸ਼ਨਾਂ ਵਿੱਚ ਬਾਦਲਾਂ ਦੇ ਰਿਸ਼ਤੇਦਾਰ ਤੇ ਨਿਊ ਦੀਪ ਟਰਾਂਸਪੋਰਟ ਵੱਲੋਂ ਕੀਤੀ ਗਈ ਗੁੰਡਾਗਰਦੀ ਤੇ ਇਸ ਦਾ ਵਿਰੋਧ ਕਰਨ ਵਾਲੇ ਵਿਦਿਆਰਥੀਆਂ ‘ਤੇ ਕੀਤੇ ਇਰਾਦਾ ਕਤਲ ਕੇਸ ਦੇ ਪਰਚੇ ਵੀ ਤੁਰੰਤ ਰੱਦ ਕਰਨ ਦੀ ਗੱਲ ਕੀਤੀ।
ਔਰਬਿਟ ਮੋਗਾ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਵਿੱਚ ਸ਼ਾਮਲ ਪੰਜਾਬ ਦੀਆਂ 24 ਜਮਹੂਰੀ, ਇਨਕਲਾਬੀ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਡੀ. ਸੀ. ਦਫ਼ਤਰਾਂ ਦਾ ਘਿਰਾਓ ਕੀਤਾ ਗਿਆ ਗੁੰਡਾਗਰਦੀ ਮੁਕੰਮਲ ਤੌਰ ‘ਤੇ ਬੰਦ ਨਾ ਹੋਣ ਵਿਰੁੱਧ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ।ਪੰਜਾਬ ਦੀਆਂ ਜਨਤਕ ਤੇ ਜਮਹੂਰੀ ਧਿਰਾਂ ਦੇ ਸੱਦੇ ‘ਤੇ ਕੀਤੇ ਪ੍ਰਦਰਸ਼ਨਾਂ ਵਿੱਚ ਔਰਬਿਟ ਬੱਸ ਦੇ ਗੁੰਡਿਆਂ ਵੱਲੋਂ ਮਾਰੀ ਗਈ ਬੱਚੀ ਅਰਸ਼ਦੀਪ ਕੌਰ ਦੇ ਮਾਮਲੇ ਵਿੱਚ ਬਾਦਲ ਹਕੂਮਤ ਵੱਲੋਂ ਅਨੈਤਿਕ, ਮਾਨਵਤਾ ਵਿਰੋਧੀ, ਸੰਵਿਧਾਨ ਵਿਰੋਧੀ, ਗੁੰਮਰਾਹਕੁੰਮਨ ਭੂਮਿਕਾ ਦੀ ਵੀ ਰੱਜ ਕੇ ਨਿਖੇਧੀ ਕਰਦਿਆ ਝੂਠ ਤੇ ਬਦਮਾਸਾਂ ਦੇ ਰਾਜ ਨੂੰ ਤੁਰੰਤ ਦਫ਼ਾ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ ਹੈ।ਬਠਿੰਡਾ ਵਿੱਚ ਡੀ. ਸੀ. ਦੇ ਦਫ਼ਤਰ ਦੇ ਘਿਰਾਓ ਵੇਲੇ ਮਿੰਨੀ ਸਕੱਤਰੇਤ ਦੀ ਇੱਕ ਗੈਲਰੀ ਵਿੱਚ ਪੁਲਿਸ ਤੇ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਵਿੱਚ ਹਲਕਾ ਟਕਰਾਅ ਵੀ ਹੋਇਆ। ਲੋਕ ਰੋਹ ਭਾਂਪਦਿਆ ਪੁਲਿਸ ਵਾਲਿਆਂ ਨੂੰ ਪੈਰ ਪਿਛਾਂਹ ਖਿੱਚਣੇ ਪਏ ਤੇ ਵਰਕਰ ਰੋਹ ਵਿੱਚ ਆਏ ਅੱਗੇ ਵੱਧ ਗਏ।ਇਸ ਹਲਕੇ ਟਕਰਾਅ ਵਿੱਚ ਇੱਕ ਦੋ ਪੁਲਿਸ ਮੁਲਾਜ਼ਮਾਂ ਦੀਆਂ ਟੋਪੀਆਂ ਲਹਿ ਗਈਆਂ ਤੇ ਕਈਆਂ ਦੀਆਂ ਜੇਬ ‘ਤੇ ਲੱਗੀਆਂ ਨੇਮ ਪਲੇਟਾਂ ਵੀ ਡਿੱਗ ਪਈਆਂ, ਪੁਲਿਸ ਵਾਲੇ ਕੰਧ ਬਣਾ ਕੇ ਡੰਡਿਆਂ ਦੇ ਜੋਰ ਨਾਲ ਪਿੱਛੇ ਹਟਾਉਣ ਦਾ ਨਾਕਾਮ ਯਤਨ ਵੀ ਕੀਤਾ।
ਬਠਿੰਡਾ ਦੇ ਮਿੰਨੀ ਸਕੱਤਰੇਤ ਦੇ ਘਿਰਾਓ ਦੌਰਾਨ ਭਾਰੀ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ ਗਿੱਲ, ਖ਼ੇਤ ਮਜ਼ਦੂਰ ਯੂਨੀਅਨ ਦੇ ਜੋਰਾ ਸਿੰਘ ਨਸਰਾਲੀ, ਬੀ. ਕੇ. ਯੂ. ਉਗਰਾਹਾਂ ਦੇ ਝੰਡਾ ਸਿੰਘ ਜੇਠੂਕੇ, ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਕਾ. ਮਹੀਪਾਲ, ਜਮਹੂਰੀ ਕਿਸਾਨ ਸਭਾ ਦੇ ਸੁਖਦੇਵ ਸਿੰਘ ਨਥਾਣਾ, ਮਜ਼ਦੂਰ ਮੁਕਤੀ ਮੋਰਚਾ ਦੇ ਬੀਰਬਲ ਸੀਂਗੋ, ਪੰਜਾਬ ਕਿਸਾਨ ਯੂਨੀਅਨ ਦੇ ਭੋਲਾ ਸਿੰਘ ਬੁਗਰ, ਟੈਕਨੀਕਲ ਸਰਵਿਸ ਯੂਨੀਅਨ ਦੇ ਗੁਰਦੀਪ ਸਿੰਘ, ਟੀ. ਐਸ. ਯੂ. ਦੇ ਓਮ ਪ੍ਰਕਾਸ਼, ਟੀ. ਐਸ. ਯੂ. ਥਰਮਲ ਬਠਿੰਡਾ ਦੇ ਪਕਾਸ਼ ਸਿੰਘ, ਟੀ. ਐਸ. ਯੂ. ਲਹਿਰਾ ਥਰਮਲ ਦੇ ਮੇਜਰ ਸਿੰਘ ਦਾਦੂ, ਪੰਜਾਬ ਸੁਬੋਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ ਦੇ ਗੁਰਦੀਪ ਸਿੰਘ ਬਰਾੜ, ਪੀ. ਡਬਲਯੂ. ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਮੱਖਣ ਸਿੰਘ ਖਣਗਵਾਲ, ਨੌਜਵਾਨ ਭਾਰਤ ਸਭਾ ਦੇ ਅਮਰਜੀਤ ਸਿੰਘ ਹਨੀ, ਨੌਜਵਾਨ ਭਾਰਤ ਸਭਾ ਦੇ ਪਾਵੇਸ ਕੁੱਸਾ, ਨਾਰੀ ਸੰਗਰਾਮ ਮੰਚ ਦੀ ਮੁਖਤਿਆਰ ਕੌਰ, ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਬੱਗਾ ਸਿੰਘ ਨੇ ਪ੍ਰਸ਼ਸ਼ਨਿਕ ਮਸ਼ੀਨਰੀ ਦੇ ਦਬਾਅ ਰਾਹੀਂ ਸਾਰੀਆਂ ਸੰਵਿਧਾਨਕ ਮਰਿਆਦਾਵਾਂ ਤੋੜ ਕੇ ਅਖੌਤੀ ਮੁਆਵਜਾ ਦੇ ਕੇ ਆਪਣੇ ਆਪ ਨੂੰ ਪਾਕ ਸਾਫ਼ ਸਾਬਤ ਕਰਨ ਦਾ ਅਸਫ਼ਲ ਯਤਨ ਕੀਤਾ ਹੈ, ਜਦੋਂ ਕਿ ਟਰਾਂਸਪੋਰਟ ਮਾਫ਼ੀਏ ਵੱਲੋਂ ਥਾਂ ਪੁਰ ਥਾਂ ਅਜੇ ਵੀ ਗੁੰਡਾਗਰਦੀ ਬਾਦਸਤੂਰ ਜਾਰੀ ਹੈ ਜਿਸ ਵਿਰੁੱਧ ਸਮੂਹ ਪੰਜਾਬ ਵਾਸੀਆਂ ਨੂੰ ਮਨਾਂ ਵਿੱਚ ਪਨਪ ਰਹੇ ਲੋਕ ਰੋਹ ਨੂੰ ਲੋਕ ਸੰਗਰਾਮ ਦਾ ਰੂਪ ਦੇਣ ਦੀ ਲੋੜ ਹੈ।
ਇਸ ਤੋਂ ਇਲਾਵਾ ਔਰਬਿਟ ਕਤਲ ਕਾਂਡ ਦੇ ਕੇਂਦਰ ਬਿੰਦੂ ਮੋਗਾ ਤੇ ਫ਼ਰੀਦਕੋਟ ਵਿੱਚ ਵੀ ਜਬਰਦਸਤ ਰੋਸ ਮੁਜ਼ਾਹਰੇ ਕੀਤੇ ਗਏ।ਫ਼ਰੀਦਕੋਟ ਵਿੱਚ ਕੀਤੇ ਗਏ ਰੋਸ ਪ੍ਰਦਰਸ਼ਨ ਵਿੱਚ ਇਸੇ ਸ਼ਹਿਰ ਦੀ ਜੇਲ੍ਹ ਵਿੱਚ ਬੰਦ ਵਿਦਿਆਰਥੀਆਂ ਤੇ ਨੌਜਵਾਨਾਂ ਦੇ ਮਾਪਿਆਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਕੇ ਦੱਸ ਦਿੱਤਾ ਕਿ ‘ਰੰਗਰੇਟੇ ਗੁਰੂ ਕੇ ਬੇਟਿਆਂ’ ਨੂੰ ਅਖ਼ੋਤੀ ਪੰਥਕ ਸਰਕਾਰ ਦਾ ਤਸ਼ੱਦਦ ਨਾਲ ਹਿਲਾ ਤੇ ਡੌਲਾ ਨਹੀਂ ਸਕਦਾ। ਸ਼ਾਮਲ ਪਰਿਵਾਰ ਨੇ ਪ੍ਰਣ ਕੀਤਾ ਕਿ ਉਹ ਆਪਣੇ ਮਹਾਨ ਸ਼ਹੀਦ ਭਾਈ ਜੀਵਨ ਸਿੰਘ ਜੈਤਾ ਵਾਂਗ ਬੰਦ ਬੰਦ ਕੱਟਵਾਂ ਦੇਵਾਗਾ ਪਰ ਪਿੱਛੇ ਨਹੀਂ ਹਟਾਂਗੇ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply