Friday, March 6, 2026

30 ਲੱਖ ਦੀ ਹਿੰਦੂ ਆਬਾਦੀ ਵਾਲੇ ਪਾਕਿਸਤਾਨ ਵਿਚ ਸਾਰੇ ਹਿੰਦੂ ਕੁਆਰੇ – ਕੋਛੜ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨ ਵਿਚ ਹਿੰਦੂਆਂ ਦੀ ਆਬਾਦੀ ਇਸ ਸਮੇਂ 30 ਲੱਖ ਦੇ ਕਰੀਬ ਹੈ।ਹੈਰਾਨੀ ਦੀ ਗੱਲ ਹੈ ਕਿ ਪਾਕਿਸਤਾਨ ਦੇ ਸਭ ਤੋਂ ਵੱਡੇ ਘੱਟ-ਗਿਣਤੀ ਹਿੰਦੂ ਸਮੁਦਾਇ ਵਿਚ ਕੋਈ ਵੀ ਹਿੰਦੂ ਸ਼ਾਦੀ-ਸ਼ੁਦ੍ਹਾ ਨਹੀਂ ਹੈ ਜਾਂ ਇੰਝ ਕਹਿ ਲਵੋ ਕਿ ਸਾਰੇ ਪਾਕਿਸਤਾਨੀ ਹਿੰਦੂ ਕੁਆਰੇ ਹਨ।ਇਹ ਇਕ ਕੌੜਾ ਸੱਚ ਹੈ ਅਤੇ ਇਸ ਸੱਚ ‘ਤੇ ਪਾਕਿਸਤਾਨ ਦੀ ਸੁਪ੍ਰੀਮ ਕੋਰਟ ਅਤੇ ਸਰਕਾਰ ਵੀ ਆਪਣੀ ਮੋਹਰ ਲਗਾ ਚੁਕੀ ਹੈ।ਇਤਿਹਾਸਕਾਰ ਤੇ ਖੋਜਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਬੁੱਧਵਾਰ ਸਵੇਰੇ ਉਪਰੋਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਕਿਸਤਾਨ ਵਿਚ ਕਿਸੇ ਵੀ ਹਿੰਦੂ ਦੇ ਕੋਲ ਵਿਆਹ ਦਾ ਪ੍ਰਮਾਣ-ਪੱਤਰ ਜਾਂ ਸਰਟੀਫਿਕੇਟ ਨਹੀਂ ਹੈ, ਜਿਸ ਨਾਲ ਇਹ ਸਾਬਤ ਹੋ ਸਕੇ ਕਿ ਪਾਕਿਸਤਾਨ ਵਿੱਚ ਰਹਿੰਦੇ ਕਿੰਨੇ ਹਿੰਦੂ ਵਿਆਹੇ ਹੋਏ ਹਨ।ਉਹਨਾਂ ਕਿਹਾ ਕਿ ਪਾਕਿਸਤਾਨੀ ਹਿੰਦੂ ਅਨੇਕਾ ਵਾਰ ਪਾਕਿਸਤਾਨ ਸਰਕਾਰ ਪਾਸੋਂ ਹਿੰਦੂ ਵਿਆਹ ਪੰਜੀਕਰਨ ਐਕਟ ਪਾਸ ਕਰਨ ਦੀ ਗੁਹਾਰ ਲਗਾ ਚੁਕੇ ਹਨ।

              ਸ਼੍ਰੀ ਕੋਛੜ ਨੇ ਦੱਸਿਆ ਕਿ ਪਾਕਿਸਤਾਨ ਵਿਚ ਹਿੰਦੂ ਵਿਆਹ ਪੰਜੀਕਰਨ ਐਕਟ ਪਾਸ ਨਾ ਹੋਣ ਕਰਕੇ ਉਥੇ ਹੋਈਆਂ ਹਿੰਦੂ ਸ਼ਾਦੀਆਂ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਨਹੀਂ ਹੈ ਅਤੇ ਇਸ ਕਾਰਨ ਉਥੇ ਰਹਿ ਰਹੇ ਹਿੰਦੂਆਂ ਨੂੰ ਕਈ ਸਮਾਜਿਕ ਅਤੇ ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਬਿਨਾਂ ਮੈਰਿਜ ਸਰਟੀਫਿਕੇਟ ਜਿਥੇ ਇਕ ਪਾਸੇ ਵਿਧਵਾ ਔਰਤਾਂ ਆਪਣੇ ਮ੍ਰਿਤਕ ਪਤੀ ਦੀ ਸੰਪਤੀ ‘ਤੇ ਦਾਵਾ ਨਹੀਂ ਕਰ ਸਕਦੀਆਂ, ਉਥੇ ਹੀ ਜਦੋਂ ਵਿਆਹੁਤਾ ਹਿੰਦੂ ਔਰਤਾਂ ਨਾਲ ਮੁਸਲਿਮ ਅਗਵਾਕਾਰਾਂ ਦੁਆਰਾ ਅਪਹਰਨ ਦੇ ਬਾਅਦ ਜਬਰਦਸਤੀ ਵਿਆਹ ਕੀਤਾ ਜਾਂਦਾ ਹੈ ਤਾਂ ਹਿੰਦੂ ਮੈਰਿਜ ਸਰਟੀਫਿਕੇਟ ਪਾਸ ਨਾ ਹੋਣ ਕਰਕੇ ਅਦਾਲਤਾਂ ਪਾਸੋਂ ਵੀ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ।ਸ਼੍ਰੀ ਕੋਛੜ ਨੇ ਕਿਹਾ ਕਿ ਇਹ ਐਕਟ ਲਾਗੂ ਨਾ ਹੋਣ ਦੇ ਕਾਰਨ ਆਪਣੇ ਪਤੀਆਂ ਨਾਲ ਮਤਭੇਦ ਜਾਂ ਉਹਨਾਂ ਦੀਆਂ ਕਈ ਵਧੀਕੀਆਂ ਦੇ ਬਾਵਜੂਦ ਹਿੰਦੂ ਔਰਤਾਂ ਅਦਾਲਤ ਵਿਚ ਤਲਾਕ ਜਾਂ ਮੁੜ ਵਿਆਹ ਲਈ ਅਪੀਲ ਨਹੀਂ ਕਰ ਸਕਦੀਆਂ।ਉਹਨਾਂ ਦੱਸਿਆ ਕਿ ਪਾਕਿਸਤਾਨੀ ਹਿੰਦੂਆਂ ਦੀ ਮੰਗ ‘ਤੇ ਸੰਨ 2014 ਵਿਚ ਹਿੰਦੂ ਮੈਰਿਜ ਬਿਲ ਨੈਸ਼ਨਲ ਅਸੈਂਬਲੀ ਵਿਚ ਪੇਸ਼ ਕੀਤਾ ਗਿਆ ਸੀ, ਪਰੰਤੂ ਉਹ ਬਿਲ ਪਾਸ ਨਾ ਹੋ ਸਕਿਆ।ਉਸਦੇ ਬਾਅਦ ਸੰਨ 2015 ਦੇ ਆਰੰਭ ਵਿਚ ਪਾਕਿਸਤਾਨ ਸੁਪ੍ਰੀਮ ਕੋਰਟ ਨੇ ਮੌਜੂਦਾ ਨਵਾਜ਼ ਸ਼ਰੀਫ਼ ਸਰਕਾਰ ਨੂੰ ਪ੍ਰਸਤਾਵਿਤ ਹਿੰਦੂ ਵਿਆਹ ਰਜਿਸਟਰੇਸ਼ਨ ਬਿਲ ਜਨਵਰੀ ਦੇ ਦੂਸਰੇ ਹਫ਼ਤੇ ਤਕ ਕੋਰਟ ਵਿਚ ਪੇਸ਼ ਕਰਨ ਦਾ ਹੁਕਮ ਜਾਰੀ ਕੀਤਾ ਸੀ, ਪਰੰਤੂ ਇਕ ਵਾਰ ਫਿਰ ਕੋਰਟ ਦੇ ਆਦੇਸ਼ ਅਤੇ ਪਾਕਿਸਤਾਨੀ ਹਿੰਦੂਆਂ ਦੀ ਗੁਹਾਰ ਅਦਾਲਤਾਂ ਦੀਆਂ ਫਾਈਲਾਂ ਦੇ ਹੇਠਾਂ ਦਸ ਕੇ ਰਹਿ ਗਈ।

ਚਾਈਲਡ ਮੈਰਿਜ ਰਿਸਟਰੇਂਟ (ਪ੍ਰਤੀਬੰਦ) ਐਕਟ ਵੀ ਹੋਵੇ ਲਾਗੂ
ਸ਼੍ਰੀ ਕੋਛੜ ਦੇ ਅਨੁਸਾਰ ਪਾਕਿਸਤਾਨੀ ਹਿੰਦੂ ਚਾਈਲਡ ਮੈਰਿਜ ਰਿਸਟਰੇਂਟ (ਪ੍ਰਤੀਬੰਦ) ਐਕਟ 2013, ਜਿਸ ਦੇ ਅਧੀਨ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਧਰਮ ਜਾਂ ਸਮੁਦਾਇ ਦੇ ਲੜਕੇ ਜਾਂ ਲੜਕੀ ਦਾ ਵਿਆਹ ਨਹੀਂ ਕੀਤਾ ਜਾ ਸਕਦਾ, ਨੂੰ ਵੀ ਸਖ਼ਤੀ ਨਾਲ ਲਾਗੂ ਕਰਨ ਦੀ ਗੁਹਾਰ ਲਗਾਈ ਹੈ।ਉਹਨਾਂ ਦੱਸਿਆ ਕਿ ਸਿੰਧ ਵਰਗੇ ਬਹੁ-ਗਿਣਤੀ ਵਾਲੇ ਹਿੰਦੂ ਸੂਬੇ ਵਿਚ ਵੀ ਸਰੇਆਮ ਮੁਸਲਿਮ ਨੌਜਵਾਨਾਂ ਦੁਆਰਾ ਨਾਬਾਲਗ ਹਿੰਦੂ ਲੜਕੀਆਂ ਦਾ ਅਪਹਰਨ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਜਬਰਨ ਇਸਲਾਮ ਕਬੂਲ ਕਰਵਾ ਕੇ ਮੁਸਲਮਾਨ ਬਣਾ ਦਿੱਤਾ ਜਾਂਦਾ ਹੈ।ਉਹਨਾਂ ਕਿਹਾ ਕਿ ਚਾਈਲਡ ਮੈਰਿਜ ਰਿਸਟਰੇਂਟ ਐਕਟ ਸਖ਼ਤੀ ਨਾਲ ਲਾਗੂ ਨਾ ਹੋਣ ਕਰਕੇ ਕਿਸੇ ਵੀ ਜੱਜ ਨੇ ਅਜੇ ਤਕ ਕਿਸੇ ਘਟ ਉਮਰ ਪਾਕਿਸਤਾਨੀ ਹਿੰਦੂ ਲੜਕੀ ਦੇ ਇਸ ਮਾਮਲੇ ਵਿਚ ਅਦਾਲਤ ਵਿਚ ਪੇਸ਼ ਹੋਣ ‘ਤੇ ਉਸ ਦੀ ਉਮਰ ਜਾਣਨ ਦੀ ਜ਼ਹਿਮਤ ਨਹੀਂ ਕੀਤੀ।ਇਸ ਲਈ ਅਦਾਲਤ ਵਿਚ ਪੇਸ਼ ਕੀਤੇ ਜਾਣ ਵਾਲੇ ਜ਼ਿਆਦਾਤਰ ਮਾਮਲਿਆਂ ਵਿਚ ਫਰਿਆਦ ਕਰਨ ਵਾਲੇ ਹਿੰਦੂਆਂ ਨੂੰ ਇਨਸਾਫ਼ ਨਹੀਂ ਮਿਲਦਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply