ਹਲਕਾ ਖੇਮਕਰਨ ਤੋਂ ਬੁਲਾਰੀਆ ਅਤੇ ਵਲਟੋਹਾ ਨੇ ਭਰਤੀ ਮੁਹਿੰਮ ਦੀ ਕੀਤੀ ਸ਼ੁਰੂਆਤ

ਭਿੱਖੀਵਿੰਡ, 14 ਮਈ (ਕੁਲਵਿੰਦਰ ਸਿੰਘ ਕੰਬੋਕੇ, ਲਖਵਿੰਦਰ ਸਿੰਘ ਗੋਲਣ) – ਯੂਥ ਅਕਾਲੀ ਦਲ ਦੀ ਭਰਤੀ ਮੁਹਿੰਮ ਦੇ ਅੱਜ ਦੂਜੇ ਦਿਨ ਯੂਥ ਅਕਾਲੀ ਦਲ ਮਾਝਾ ਜੋਨ ਦੇ ਪ੍ਰਧਾਨ ਸz: ਇੰਦਰਬੀਰ ਸਿੰਘ ਬੁਲਾਰੀਆ ਮੁੱਖ ਸੰਸਦੀ ਸਕੱਤਰ ਪੰਜਾਬ ਨੇ ਵਿਧਾਨ ਸਭਾ ਹਲਕਾ ਖੇਮਕਰਨ ਵਿਖੇ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ। ਹਲਕਾ ਵਿਧਾਇਕ ਤੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਪ੍ਰੋ: ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਵਿੱਚ ਭਿੱਖੀਵਿੰਡ ਵਿਖੇ ਹੋਏ ਸਮਾਗਮ ਦੌਰਾਨ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਯੂਥ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰਦਿਆਂ ਭਰਤੀ ਫਾਰਮ ਭਰੇ।ਇੰਦਰਬੀਰ ਸਿੰਘ ਬੁਲਾਰੀਆ ਤੇ ਵਿਰਸਾ ਸਿੰਘ ਵਲਟੋਹਾ ਨੇ ਮੌਕੇ ਤੇ ਨੌਜਵਾਨਾਂ ਨੂੰ ਸ਼ਨਾਖਤੀ ਕਾਰਡ ਜਾਰੀ ਵੀ ਕੀਤੇ। ਇਸ ਮੌਕੇ ਤੇ ਹਜ਼ਾਰਾਂ ਨੌਜਵਾਨਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਯੂਥ ਅਕਾਲੀ ਦਲ ਨਿਰਣਾਇਕ ਭੂਮਿਕਾ ਅਦਾ ਕਰੇਗਾ। ਉਨ੍ਹਾਂ ਆਖਿਆ ਕਿ ਨੌਜਵਾਨਾਂ ਨੇ ਹਮੇਸ਼ਾਂ ਹੀ ਅਕਾਲੀ ਦਲ ਦਾ ਸਾਥ ਦਿੱਤਾ ਹੈ, ਜਿਸਦੀ ਬਦੌਲਤ ਪਿਛਲੇ 7 ਸਾਲ ਤੋਂ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਹੀ ਹੈ।
ਸz. ਬੁਲਾਰੀਆ ਨੇ ਇਹ ਵੀ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਹੀ ਨੌਜਵਾਨ ਵਰਗ ਦੇ ਹਿੱਤਾਂ ਦੀ ਰਖਵਾਲੀ ਕਰ ਸਕਦਾ ਹੈ, ਜਦਕਿ ਕਾਂਗਰਸ ਸਣੇ ਦੂਜੀਆਂ ਪਾਰਟੀਆਂ ਨੇ ਹਮੇਸ਼ਾਂ ਇਸ ਵਰਗ ਨੂੰ ਆਪਣੇ ਹਿੱਤਾਂ ਲਈ ਵਰਤਿਆ ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਨੌਜਵਾਨ ਵਰਗ ਨੂੰ ਸਰਕਾਰ ਵਿੱਚ ਅਹਿਮ ਜਿੰਮੇਵਾਰੀਆਂ ਤੇ ਅਹੁਦੇ ਦੇ ਕੇ ਨਿਵਾਜਿਆ ਹੈ। ਬੁਲਾਰੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸz: ਸੁਖਬੀਰ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਪੰਜਾਬ ਦਾ ਸਮੁੱਚਾ ਨੌਜਵਾਨ ਵਰਗ ਅਕਾਲੀ ਦਲ ਦੀ ਪਿੱਠ ਤੇ ਚਟਾਨ ਵਾਂਗ ਖੜਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਯੂਥ ਵਿੰਗ ਸਿਆਸੀ ਸਰਗਰਮੀਆਂ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਵੱਧ ਚੜ੍ਹ ਕੇ ਯੋਗਦਾਨ ਪਾ ਰਿਹਾ ਹੈ।ਉਨ੍ਹਾਂ ਨੌਜਵਾਨਾਂ ਨੂੰ ਜੋਸ਼ ਦੇ ਨਾਲ-ਨਾਲ ਹੋਸ਼ ਤੇ ਸੰਜਮ ਵਿੱਚ ਰਹਿਣ ਦੀ ਅਪੀਲ ਕਰਦਿਆਂ ਯੂਥ ਅਕਾਲੀ ਦਲ ਦੇ ਮੈਂਬਰ ਬਣ ਕੇ ਸਮਾਜ ਤੇ ਦੇਸ਼ ਲਈ ਸਮਰਪਿਤ ਹੋਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਬੋਲਦਿਆਂ ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਆਖਿਆ ਕਿ ਸਰਹੱਦੀ ਹਲਕਾ ਖੇਮਕਰਨ ਹਮੇਸ਼ਾਂ ਹੀ ਅਕਾਲੀ ਦਲ ਦਾ ਗੜ੍ਹ ਰਿਹਾ ਹੈ ਤੇ ਹਰ ਮੁਸ਼ਕਿਲ ਘੜੀ ਵਿੱਚ ਇੱਥੋਂ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਹੈ।ਗੌਰਵਦੀਪ ਸਿੰਘ ਵਲਟੋਹਾ ਨੇ ਬੁਲਾਰੀਆ ਨੂੰ ਵਿਸ਼ਵਾਸ਼ ਦਿਵਾਇਆ ਕਿ ਇਸ ਹਲਕੇ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਪਾਰਟੀ ਨਾਲ ਜੁੜਣਗੇ।ਸz. ਇੰਦਰਬੀਰ ਸਿੰਘ ਬੁਲਾਰੀਆ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ, ਐਸ.ਓ.ਆਈ. ਮਾਝਾ ਜੋਨ ਦੇ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ ਡਾਇਰੈਕਟਰ ਯੂਥ ਵਿਕਾਸ ਬੋਰਡ ਪੰਜਾਬ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਚ-ਸਰਪੰਚ, ਨੌਜਵਾਨ ਆਗੂ ਵੱਡੀ ਗਿਣਤੀ ਵਿੱਚ ਮੌਜੂਦ ਸਨ।
Punjab Post Daily Online Newspaper & Print Media