Saturday, March 21, 2026

ਜਲ ਸਰੋਤਾਂ ਦੀ ਸੰਭਾਲ ਲਈ ਸਮਾਜ ਦੇ ਸਮੁੱਚੇ ਵਰਗਾਂ ਦੇ ਸਾਂਝੇ ਯਤਨਾਂ ਦੀ ਲੋੜ – ਪ੍ਰੋ: ਸੋਲੰਕੀ

ਵਣ ਚੇਤਨਾ ਪਾਰਕ ਵਿਖੇ ਸੋਲਰ ਫੈਸਿੰਗ ਪ੍ਰੋਜੈਕਟ ਦਾ ਉਦਘਾਟਨ

PPN1405201509

ਹੁਸ਼ਿਆਰਪੁਰ, 15 ਮਈ (ਸਤਵਿੰਦਰ ਸਿੰਘ) – ਜਲ ਸਰੋਤਾਂ ਦੀ ਸੰਭਾਲ ਨੂੰ ਮੁਲਕ ਦੇ ਮੌਜੂਦਾ ਸੰਵੇਦਨਸ਼ੀਲ ਮੁੱਦਿਆਂ ਵਿੱਚੋਂ ਇੱਕ ਐਲਾਨਦਿਆਂ ਪੰਜਾਬ ਦੇ ਰਾਜਪਾਲ ਪ੍ਰੋ: ਕਪਤਾਨ ਸਿੰਘ ਸੋਲੰਕੀ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ, ਜਲ ਸਰੋਤਾਂ ਦੀ ਸੰਭਾਲ ਅਤੇ ਇਸ ਦੀ ਅਹਿਮੀਅਤ ਤੋਂ ਲੋਕਾਂ ਨੂੰ ਜਾਣੂ ਕਰਾਉਣ ਲਈ ਸਮਾਜ ਦੇ ਸਾਰੇ ਵਰਗਾਂ ਦੀ ਸ਼ਮੂਲੀਅਤ ਨਾਲ ਵੱਡੇ ਪੈਮਾਨੇ ‘ਤੇ ਸਾਂਝੇ ਯਤਨਾਂ ਦੀ ਜ਼ਰੂਰਤ ਹੈ। ਅੱਜ ਬੀ.ਐਸ.ਐਫ਼. ਟਰੇਨਿੰਗ ਸੈਂਟਰ ਖੜ੍ਹਕਾਂ ਅਤੇ ਪੀ.ਆਰ.ਟੀ.ਸੀ ਜਹਾਨਖੇਲਾਂ ਵਿਖੇ ਪਾਣੀ ਬਚਾਓ ਵਿਸ਼ੇ ‘ਤੇ ਹੋਏ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਪ੍ਰੋ: ਕਪਤਾਨ ਸਿੰਘ ਸੋਲੰਕੀ ਨੇ ਕਿਹਾ ਕਿ ਰਾਸ਼ਟਰ ਦੇ ਨਿਰੋਏ ਭਵਿੱਖ ਅਤੇ ਖੁਸ਼ਹਾਲੀ ਲਈ ਜਿਵੇਂ ਸੁਰੱਖਿਆ, ਸ਼ਾਂਤੀ, ਸਮਰਿਧੀ ਅਤੇ ਸਿੱਖਿਆ ਦੀ ਜ਼ਰੂਰਤ ਹੈ, ਉਸੇ ਤਰ੍ਹਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਦੇ ਨਿਰੋਏ ਭਵਿੱਖ ਲਈ ਪਾਣੀ ਦੇ ਸਰੋਤਾਂ ਦੀ ਸੰਭਾਲ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਲ ਤੋਂ ਬਿਨਾਂ ਜੀਵਨ ਸੰਭਵ ਨਹੀਂ, ਇਸ ਕਰਕੇ ਮੁਲਕ ਦੇ ਸਮੁੱਚੇ ਵਰਗਾਂ ਨੂੰ ਦੇਸ਼ ਨੂੰ ਪਾਣੀ ਦੇ ਸੰਕਟ ਤੋਂ ਬਚਾਉਣ ਲਈ ਜਲ ਸਰੋਤਾਂ ਦੀ ਸੰਭਾਲ ਖਾਤਰ ਸਮਾਜਿਕ ਸਮਰਪਣ ਦੀ ਭਾਵਨਾ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਖੜ੍ਹਕਾਂ ਅਤੇ ਜਹਾਨਖੇਲ੍ਹਾਂ ਵਿਖੇ ਟਰੇਨਿੰਗ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਇਸ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।ਭਾਰਤ ਦੇ ਅਮੀਰ ਅਧਿਆਤਮਕ ਅਤੇ ਸਭਿਆਚਾਰਕ ਵਿਰਸੇ ਸਬੰਧੀ ਹਵਾਲਿਆਂ ਨਾਲ ਪਰੋਏ ਆਪਣੇ ਸੰਬੋਧਨ ਵਿੱਚ ਪ੍ਰੋ: ਸੋਲੰਕੀ ਨੇ ਮੁਲਕ ਦੇ ਅਮੀਰ ਵਿਰਸੇ ‘ਚ ਜਲ ਨੂੰ ਦਿੱਤੀ ਅਹਿਮੀਅਤ ਤੋਂ ਨੌਜਵਾਨਾਂ ਨੂੰ ਸੇਧ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਸਹੀ ਅਰਥਾਂ ਵਿੱਚ ਉਦੋਂ ਹੀ ਤਰੱਕੀ ਕਰ ਸਕਦਾ ਹੈ ਜਦੋਂ ਇਸ ਦਾ ਹਰ ਨੁਮਾਇੰਦਾ ਨਿੱਜ ਤੋਂ ਉਪਰ ਉਠ ਕੇ ਸਮਾਜ ਭਲਾਈ ਲਈ ਸੋਚੇ। ਉਨ੍ਹਾਂ ਪਾਣੀ ਦੀ ਸੰਭਾਲ ਲਈ ਸ੍ਰੀ ਪ੍ਰਕਾਸ਼ ਰਾਏ ਖੰਨਾ ਸ੍ਰੀਮਤੀ ਕੌਸ਼ਲਿਆ ਦੇਵੀ ਖੰਨਾ ਮੈਮੋਰੀਅਲ ਟਰੱਸਟ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਉਸਾਰੂ ਕਦਮ ਆਖਿਆ।ਉਨ੍ਹਾਂ ਪੀ.ਆਰ.ਟੀ.ਸੀ. ਜਹਾਨਖੇਲਾਂ ਵਿਖੇ ਜਲ ਸਰੋਤਾਂ ਦੀ ਸੰਭਾਲ ਲਈ ਹੋਣ ਵਾਲੇ ਕੰਮਾਂ ਖਾਤਰ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਪ੍ਰੋ: ਸੋਲੰਕੀ ਵੱਲੋਂ ਬੀ.ਐਸ.ਐਫ. ਟਰੇਨਿੰਗ ਸੈਂਟਰ ਖੜ੍ਹਕਾਂ ਅਤੇ ਪੀ.ਆਰ.ਟੀ.ਸੀ. ਜਹਾਨਖੇਲਾਂ ਦੇ ਜਲ ਸਰੋਤਾਂ ਦੀ ਸੰਭਾਲ ਸਬੰਧੀ ਮੁਕਾਬਲਿਆਂ ‘ਚ ਜੇਤੂ ਕੈਡਿਟਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰੋ: ਸੋਲੰਕੀ ਨੇ ਅੱਜ ਆਪਣੇ ਦੌਰੇ ਦੌਰਾਨ ਵਣ ਚੇਤਨਾ ਪਾਰਕ, ਪੁਰਾਣੀ ਬਸੀ ਵਿਖੇ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਵੱਲੋਂ ਐਮ ਪੀ ਲੈਡ ਸਕੀਮ ਤਹਿਤ ਦਿੱਤੀ 25 ਲੱਖ ਦੀ ਰਾਸ਼ੀ ਨਾਲ ਬਣੇ ਸੋਲਰ ਫੈਸਿੰਗ ਪ੍ਰੋਜੈਕਟ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਪੰਜਾਬ ਦੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਮੰਤਰੀ ਸ੍ਰੀ ਚੂੰਨੀ ਲਾਲ ਭਗਤ ਵਿਸ਼ੇਸ਼ ਤੌਰੇ ‘ਤੇ ਪੁੱਜੇ ਹੋਏ ਸਨ। ਜਲ ਸਰੋਤਾਂ ਦੀ ਸੰਭਾਲ ਸਬੰਧੀ ਹੋਏ ਸਮਾਗਮਾਂ ਦੌਰਾਨ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਪਾਣੀ ਨੂੰ ਬਚਾਉਣ ਲਈ ਲੋਕ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਜ਼ਰੂਰਤ ਹੈ। ਸ੍ਰੀ ਸਾਂਪਲਾ ਨੇ ਪੀ.ਆਰ.ਟੀ.ਸੀ. ਜਹਾਨਖੇਲਾਂ ਵਿਖੇ ਲਗਾਏ ਜਾਣ ਵਾਲੇ ਵਾਟਰ ਰਿਚਾਰਜਿੰਗ ਯੂਨਿਟਾਂ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਨ੍ਹਾਂ ਸਮਾਗਮਾਂ ਦੌਰਾਨ ਰਾਜ ਸਭਾ ਮੈਂਬਰ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੱਖ-ਵੱਖ ਜੇਲ੍ਹਾਂ ਅੰਦਰ ਕੈਦੀਆਂ ਨੂੰ ਪਾਣੀ ਦੀ ਸੰਭਾਲ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਵੱਲੋਂ ਪੰਜਾਬ ਦੇ ਰਾਜਪਾਲ ਪ੍ਰੋ: ਕਪਤਾਨ ਸਿੰਘ ਸੋਲੰਕੀ ਦਾ ਪਾਣੀ ਦੀ ਸੰਭਾਲ ਵਰਗੇ ਸੰਵੇਦਨਸ਼ੀਲ ਵਿਸ਼ੇ ਉਪਰ ਹੋਏ ਸਮਾਗਮਾਂ ‘ਚ ਪੁੱਜਣ ‘ਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਨ੍ਹਾਂ ਸਮਾਗਮਾਂ ਦੌਰਾਨ ਪੰਜਾਬ ਦੇ ਰਾਜਪਾਲ ਵੱਲੋਂ ਪੌਦੇ ਲਗਾਏ ਗਏ। ਖੜਕਾਂ ਅਤੇ ਜਹਾਨਖੇਲਾਂ ਵਿਖੇ ਰਾਜਪਾਲ ਪੰਜਾਬ ਪ੍ਰੋ: ਕਪਤਾਨ ਸਿੰਘ ਸੋਲੰਕੀ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਸਹਾਇਕ ਮੀਡੀਆ ਸਲਾਹਕਾਰ ਸ੍ਰੀ ਵਨੀਤ ਜੋਸ਼ੀ, ਸੀਨੀਅਰ ਭਾਜਪਾ ਆਗੂ ਮਹਿੰਦਰ ਭਗਤ, ਆਈ.ਜੀ. ਬੀ.ਐਸ.ਐਫ. ਪੰਜਾਬ ਫਰੰਟੀਅਰ ਸ੍ਰੀ ਅਨਿਲ ਪਾਲੀਵਾਲ, ਡੀ.ਆਈ.ਜੀ. ਬੀ.ਐਸ.ਐਫ. ਸ੍ਰੀ ਐਚ ਐਸ ਢਿੱਲੋਂ, ਜਿਲ੍ਹਾ ਪੁਲਿਸ ਮੁੱਖੀ ਸ੍ਰੀ ਰਾਜਜੀਤ ਸਿੰਘ, ਕਮਾਂਡੈਂਟ ਪੀ.ਆਰ.ਟੀ.ਸੀ. ਜਹਾਨਖੇਲਾਂ ਸ੍ਰੀ ਆਰ.ਕੇ. ਬਖਸ਼ੀ, ਐਸ ਡੀ ਐਮ ਹੁਸ਼ਿਆਰਪੁਰ ਸ੍ਰੀ ਅਨੰਦ ਸਾਗਰ ਸ਼ਰਮਾ, ਸੰਜੀਵ ਤਲਵਾੜ ਅਤੇ ਹੋਰ ਪਤਵੰਤੇ ਹਾਜ਼ਰ ਸਨ।

Check Also

ਵਿਧਾਇਕ ਡਾ. ਅਜੇ ਗੁਪਤਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ …

Leave a Reply