
ਅੰਮ੍ਰਿਤਸਰ, 19 ਮਈ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਗੁਰਦੁਆਰਾ ਸਾਹਿਬ ਵਿਖੇ ਮੱਸਿਆ ਦੇ ਮੌਕੇ ਤੇ ਦੀਵਾਨ ਸਜਾਏ ਗਏ। ਡਾਇਰੈਕਟਰ ਐਜੂਕੇਸ਼ਨ ਅਤੇ ਪ੍ਰਿੰਸੀਪਲ ਜੀ. ਟੀ. ਰੋਡ ਸਕੂਲ ਡਾ: ਧਰਮਵੀਰ ਸਿੰਘ ਨੇ ਸੰਗਤਾਂ ਨੂੰ ਜੀ ਆਇਆਂ ਆਖਿਆ।ਭਾਈ ਜਸਵਿੰਦਰ ਸਿੰਘ ਜੀ ਬੀਬੀ ਕੌਲਾਂ ਵਾਲੇ ਦੇ ਰਾਗੀ ਜਥੇ ਨੇ ਨਾਮੁਬਾਣੀ ਦੀ ਛਹਿਬਰ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਉਨ੍ਹਾਂ ਆਪਣੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।ਉਪਰੰਤ ਬੀਬੀ ਗੁਰਨੂਰ ਕੌਰ ਦੇ ਜਥੇ ਨੇ ਗੁਰੂ ਜਸ ਗਾਇਨ ਕੀਤਾ।ਗੁਰਦੁਆਰਾ ਸਾਹਿਬ ਦੇ ਭਾਈ ਬਲਦੇਵ ਸਿੰਘ ਦੇ ਰਾਗੀ ਜਥੇ ਨੇ ਵੀ ਕੀਰਤਨ ਰਾਹੀ ਹਾਜ਼ਰੀ ਲਗਵਾਈ।ਸਮਾਗਮ ਦੌਰਾਨ ਭਾਈ ਰੇਸ਼ਮ ਸਿੰਘ ਜੀ ਅਤੇ ਸਹੋਦਯਾ ਨੰਨ੍ਹੇ ਉਸਤਾਦ ਮਨਹਰਜੀ ਸਿੰਘ ਨੂੰ ਗੁਰਦੁਆਰਾ ਇੰਚਾਰਜ ਸ. ਤਜਿੰਦਰ ਸਿੰਘ (ਸਰਦਾਰ ਪਗੜੀ ਹਾਊਸ), ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ, ਭਾਈ ਜਸਵਿੰਦਰ ਸਿੰਘ ਅਤੇ ਡਾ: ਸ਼੍ਰੀਮਤੀ ਅਮਰਪਾਲੀ ਵੱਲੋਂ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਆ । ਭਾਈ ਰੇਸ਼ਮ ਸਿੰਘ ਪਿਛਲੇ ਕਈ ਸਾਲਾਂ ਤੋਂ ਗੁਰੂ ਸਾਹਿਬਾਨ ਦੇ ਜੀਵਨ ਨਾਲ ਸੰਬੰਧਿਤ ਧਾਰਮਿਕ ਕਿਤਾਬਾਂ ਲਿਖਣ ਅਤੇ ਇਹ ਲਿਟ੍ਰੇਚਰ ਫ੍ਰੀ ਵੰਡ ਕੇ ਸਿੱਖੀ ਦਾ ਪ੍ਰਚਾਰ ਕਰਨ ਦੀ ਸੇਵਾ ਕਰ ਰਹੇ ਹਨ।ਮਨਹਰਜੀ ਸਿੰਘ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦਾ ਸਤੱਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਤਬਲਾ ਵਾਦਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਹੋਦਯਾ ਸਕੂਲਜ਼ ਕੰਪਲੈਕਸ ਵੱਲੋਂ ਨੰਨ੍ਹੇ ਉਸਤਾਦ ਦਾ ਖਿਤਾਬ ਜਿੱਤ ਚੁੱਕਾ ਹੈ ।
ਗੁਰਦੁਆਰਾ ਇੰਚਾਰਜ ਸ. ਤਜਿੰਦਰ ਸਿੰਘ ਵੱਲੋਂ ਸੰਗਤਾਂ ਨੂੰ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜੋ ਕਿ ਮਿਤੀ 22 ਮਈ ਨੂੰ ਸਵੇਰੇ 10:00 ਵਜੇ ਤੋਂ 2:00 ਵਜੇ ਤੱਕ ਮਨਾਇਆ ਜਾ ਰਿਹਾ ਹੈ, ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਬੇਨਤੀ ਕੀਤੀ ਗਈ । ਡਾ: ਧਰਮਵੀਰ ਸਿੰਘ ਨੇ ਸਮੂਹ ਹਾਜ਼ਰ ਸੰਗਤਾਂ ਦਾ ਧੰਨਵਾਦ ਕੀਤਾ । ਸਮਾਗਮ ਵਿੱਚ ਸz. ਹਰਜੀਤ ਸਿੰਘ , ਬਾਬਾ ਬਲਦੇਵ ਸਿੰਘ, ਡਾ: ਸ਼੍ਰੀਮਤੀ ਅਮਰਪਾਲੀ, ਅੰਮ੍ਰਿਤਸਰ ਸ਼ਹਿਰ ਦੇ ਕੋਟ ਖਾਲਸਾ, ਅਮਨ ਐਵਨਿਊ, ਸੰਧੂ ਕਲੌਨੀ, ਛੇਹਰਟਾ ਸਾਹਿਬ, ਪਿੰਡ ਘਨੂਪੁਰ ਕਾਲੇ ਅਤੇ ਰਣਜੀਤ ਵਿਹਾਰ ਤੋਂ ਸੰਗਤ ਬਸਾਂ ਰਾਹੀਂ ਵਿਸ਼ੇਸ਼ ਤੌਰ ਤੇ ਪਹੁੰਚੀ । ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।
Punjab Post Daily Online Newspaper & Print Media