
ਅੰਮ੍ਰਿਤਸਰ, 21 ਮਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਸੰਦਰਭ ਵਿਚ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਅਕਾਦਮਿਕ ਪੱਧਰ ਤੇ ਯਾਦ ਕੀਤਾ ਗਿਆ।ਇਸ ਵਿੱਚ ਸਿੱਖ ਧਰਮ ਦੇ ਪ੍ਰਬੁੱਧ ਵਿਦਵਾਨ ਪ੍ਰੋ. ਬਲਕਾਰ ਸਿੰਘ ਜੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਵਿਸ਼ੇਸ਼ ਲੈਕਚਰ ਸ਼ਹੀਦੀ ਸ੍ਰੋਤ ਤੇ ਸ਼ਹਾਦਤ ਦਾ ਧਰੋਹਰ ਪੰਜਵਾਂ ਨਾਨਕ ਵਿਸ਼ੇ ਤੇ ਦਿੱਤਾ ਗਿਆ। ਮਾਨਯੋਗ ਵਾਈਸ ਚਾਂਸਲਰ ਸਾਹਿਬ ਪ੍ਰੋ. ਅਜਾਇਬ ਸਿੰਘ ਬਰਾੜ ਜੀ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਕੇਂਦਰ ਦੇ ਫਾਉਂਡਰ ਡਾਇਰੈਕਟਰ ਪ੍ਰੋ. ਬਲਵੰਤ ਸਿੰਘ ਢਿੱਲੋਂ ਨੇ ਮੁਖ ਵਕਤਾ ਡਾ. ਬਲਕਾਰ ਸਿੰਘ, ਪ੍ਰਧਾਨਗੀ ਲਈ ਪ੍ਰੋ. ਅਜਾਇਬ ਸਿੰਘ ਬਰਾੜ, ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ,ਰਜਿਸਰਾਰ ਸਾਹਿਬ ਅਤੇ ਆਏ ਵਿਦਵਾਨ ਮਹਿਮਾਨਾਂ ਨੂੰ ਜੀ ਆਇਆਂ ਕਿਹਾ।
ਪ੍ਰੋ. ਬਲਕਾਰ ਸਿੰਘ ਜੀ ਨੇ ਆਪਣੇ ਵਿਖਿਆਨ ਵਿਚ ਇਹ ਦ੍ਰਿੜ ਕੀਤਾ ਕਿ ਸਿੱਖ ਧਰਮ ਵਿਚ ਸ਼ਹਾਦਤ ਨੂੰ ਰੂਹਾਨੀਅਤ ਜਿਨ੍ਹਾਂ ਉੱਚਾ ਤੇ ਪਵਿੱਤਰ ਦਰਜਾ ਦਿੱਤਾ ਗਿਆ ਹੈ। ਇਹ ਮਨੁੱਖੀ ਹਸਤੀ ਨੂੰ ਰੱਬੀ ਸੁਹਜ ਵਿਚ ਕੇਂਦਰਿਤ ਕਰਨ ਦਾ ਨਾਮ ਹੈ। ਆਪਣੀ ਸ਼ਹਾਦਤ ਦੇ ਕੇ ਗੁਰੂ ਅਰਜਨ ਪਾਤਿਸ਼ਾਹ ਨੇ ਸੱਚ ਨੂੰ ਦੋਹੀ ਜਹਾਨੀ ਪ੍ਰਤੱਖ ਕਰ ਦਿੱਤਾ।
ਆਪਣੀ ਪ੍ਰਧਾਨਗੀ ਭਾਸ਼ਣ ਵਿਚ ਵਾਈਸ-ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਨੇ ਗੁਰੂ ਅਰਜਨ ਦੇਵ ਜੀ ਸ਼ਹਾਦਤ ਤੋਂ ਸੇਧ ਲੈਂਦੇ ਹੋਏ ਸੱਚ ਤੇ ਦ੍ਰਿੜ ਹੋ ਕੇ ਪਹਿਰਾ ਦੇਣ ਲਈ ਕਿਹਾ ਅਤੇ ਇਸ ਸ਼ਹਾਦਤ ਨੂੰ ਅਕਾਦਮਿਕ ਪੱਧਰ ਸਮਝਣ ਦੀ ਲੋੜ ਤੇ ਜੋਰ ਦਿੱਤਾ। ਪ੍ਰੋ. ਅਮਰਜੀਤ ਸਿੰਘ, ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਨੇ ਸਮਾਗਮ ਵਿਚ ਸ਼ਾਮਲ ਸਭਨਾਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਪ੍ਰੋ. ਗੁਲਜ਼ਾਰ ਸਿੰਘ ਕੰਗ ਨੇ ਨਿਭਾਈ।
ਇਸ ਸਮਾਗਮ ਵਿਚ ਯੂਨੀਵਰਸਿਟੀ ਦੇ ਅਧਿਕਾਰੀ, ਅਧਿਆਪਕ ਪ੍ਰੋ. ਅਮਰ ਸਿੰਘ ਅਤੇ ਖੋਜ ਵਿਦਿਆਰਥੀ ਤੇ ਇਲਾਕੇ ਦੇ ਨਾਮਵਰ ਵਿਦਵਾਨ ਸ਼ਾਮਿਲ ਹੋਏ ਜਿਨ੍ਹਾਂ ਵਿਚ ਪ੍ਰੋ. ਕੇਹਰ ਸਿੰਘ ਜੀ ਪਟਿਆਲਾ, ਡਾ. ਸ਼ਸ਼ੀ ਬਾਲਾ, ਡਾ. ਜਸਬੀਰ ਸਿੰਘ ਸਾਬਰ, ਡਾ. ਗੁਰਬਚਨ ਸਿੰਘ ਬਚਨ, ਡਾ. ਬਿਕਰਮ ਸਿੰਘ ਘੁੰਮਣ, ਸ. ਵਰਿਆਮ ਸਿੰਘ ਜੀ, ਡਾ. ਕੁਲਵੰਤ ਸਿੰਘ ਜੀ, ਡਾ. ਇੰਦਰਜੀਤ ਸਿੰਘ, ਡਾ. ਧਰਮ ਸਿੰਘ, ਡਾ. ਹਰਭਜਨ ਸਿੰਘ ਭਾਟੀਆ, ਪ੍ਰਿੰਸੀਪਲ,ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅਤੇ ਗੁਰੂ ਅੰਗਦ ਦੇ ਇੰਸੀਚਿਊਟ ਫਾਰ ਰਿਲੀਜਸ ਸਟੱਡੀਜ਼ ਦੇ ਵਿਦਿਆਰਥੀ ਅਧਿਆਪਕ ਸ਼ਾਮਿਲ ਹੋਏ।
Punjab Post Daily Online Newspaper & Print Media