ਅਰਦਾਸ ਤੋਂ ਬਾਅਦ ਅਗਲੇ ਪੜਾਅ ਛੋਟੇ ਘੱਲੂਘਾਰੇ ਲਈ ਰਵਾਨਾ ਹੋਈ ਯਾਤਰਾ
ਬਟਾਲਾ, 27 ਮਈ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੇ ਸਾਂਝੇ ਉੱਦਮ ਨਾਲ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਪੰਜਾਬ ਭਰ ਵਿਚ ਸੰਗਤਾਂ ਨੂੰ ਦਰਸ਼ਨ ਦੀਦਾਰ ਕਰਵਾ ਰਹੀ ਯਾਤਰਾ ਬਟਾਲਾ ਤੋਂ ਚੱਲ ਕੇ ਬੀਤੀ ਰਾਤ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਦਮਦਮਾ ਸਾਹਿਬ, ਸ੍ਰੀ ਹਰਗੋਬਿੰਦਪੁਰ ਵਿਖੇ ਪਹੁੰਚੀ, ਜਿਥੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਦੇ ਸੈਲਾਬ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ, ਪਾਲਕੀ ਸਾਹਿਬ ਦੇ ਪਿੱਛੇ ਗੁਰੂ ਦੀਆਂ ਨਿਸ਼ਾਨੀਆਂ ਵਾਲੀ ਵਿਸ਼ੇਸ਼ ਬਸ ਅਤੇ ਸੰਗਤ ਦੀ ਅਥਾਹ ਸ਼ਰਧਾ ਕਾਰਨ ਨਗਰ ਕੀਰਤਨ ਨੁਮਾ ਇਸ ਯਾਤਰਾ ਨੇ ਪੂਰਾ ਮਾਹੌਲ ਹੀ ਖ਼ਾਲਸਾਈ ਰੰਗ ਵਿਚ ਰੰਗ ਦਿੱਤਾ।
ਬੀਤੀ ਦੇਰ ਰਾਤ ਜਿਉਂ ਹੀ ਯਾਤਰਾ ਸ੍ਰੀ ਹਰਗੋਬਿੰਦਪੁਰ ਪਹੁੰਚੀ ਤਾਂ ਇਲਾਕੇ ਦੀਆਂ ਹਜ਼ਾਰਾਂ ਸੰਗਤਾਂ ਵੱਲੋਂ ਆਕਾਸ਼ ਗੁੰਜਾਊ ਜੈਕਾਰਿਆਂ ਨਾਲ ਸਵਾਗਤ ਕਰਦਿਆਂ ਫੁੱਲਾਂ ਦੀ ਵਰਖਾ ਕੀਤੀ ਗਈ। ਸਵੇਰੇ ਤੜਕੇ ਹੀ ਸੰਗਤਾਂ ਦਰਸ਼ਨਾਂ ਲਈ ਮੁੜ ਉਮੜ ਪਈਆਂ। ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਸਵੰਤ ਸਿੰਘ ਨੇ ਅਰਦਾਸ ਕਰਕੇ ਯਾਤਰਾ ਨੂੰ ਅਗਲੇ ਪੜਾਅ ਛੋਟੇ ਘੱਲੂਘਾਰੇ ਲਈ ਰਵਾਨਾ ਕੀਤਾ। ਇਸ ਮੌਕੇ ਪੰਜਾਬ ਪੁਲਿਸ ਦੇ ਦਸਤੇ ਵੱਲੋਂ ਸਲਾਮੀ ਦਿੱਤੀ ਗਈ। ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ: ਸੁੱਚਾ ਸਿੰਘ ਲੰਗਾਹ ਅਤੇ ਮੁੱਖ ਸੰਸਦੀ ਸਕੱਤਰ ਸ. ਦੇਸ ਰਾਜ ਸਿੰਘ ਧੁੱਗਾ ਨੇ ਇਸ ਮੌਕੇ ਯਾਤਰਾ ਵਿਚ ਸੇਵਾ ਕਰਨ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ। ਜਥੇ: ਸੁੱਚਾ ਸਿੰਘ ਨੇ ਲੰਗਾਹ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਨੌਜਵਾਨ ਪੀੜ੍ਹੀ ਨੂੰ ਕੌਮੀ ਇਤਿਹਾਸ ਅਤੇ ਅਮੀਰ ਵਿਰਸੇ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਉਨਾਂ੍ਹ ਸਮਾਜਿਕ ਬੁਰਾਈਆਂ ਖ਼ਿਲਾਫ਼ ਇੱਕਜੁੱਟ ਹੋਣ ਅਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਗਏ ਸੱਚ ਦੇ ਮਾਰਗ ‘ਤੇ ਚਲਣ ਦੀ ਸਭ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਵਡਭਾਗੇ ਹਾਂ, ਜਿਨ੍ਹਾਂ ਨੂੰ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਨ ਦਾ ਆਪਣੇ ਇਲਾਕੇ ਵਿਚ ਹੀ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦਾ 350 ਸਾਲਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਥਾਪਨਾ ਦਿਵਸ ਸਮਾਗਮ ਵਿਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣ। ਉਪਰੰਤ ਇਹ ਯਾਤਰਾ ਸ਼ਹਿਰ ਵਿਚੋਂ ਹੁੰਦੀ ਹੋਈ ਅਗਲੇ ਪੜਾਅ ਛੋਟੇ ਘੱਲੂਘਾਰੇ ਲਈ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਈ ਜਿਥੇ ਰਾਤ ਨੂੰ ਠਹਿਰਾਅ ਤੋਂ ਬਾਅਦ ਇਹ ਭਲਕੇ ਸਵੇਰੇ ਮੁਕੇਰੀਆਂ ਲਈ ਰਵਾਨਾ ਹੋਵੇਗੀ।ਇਸ ਦੌਰਾਨ ਸ਼ਰਧਾਲੂਆਂ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਯਾਤਰਾ ਦੇ ਸਵਾਗਤ ਲਈ ਸ਼ਾਨਦਾਰ ਸਵਾਗਤੀ ਗੇਟ ਬਣਾਏ ਗਏ ਅਤੇ ਕੇਸਰੀ ਝੰਡੇ ਲਗਾਏ ਜਾਣ ਤੋਂ ਇਲਾਵਾ ਥਾਂ-ਥਾਂ ਠੰਡੇ ਮਿੱਠੇ ਪਾਣੀਆਂ ਦੀਆਂ ਛਬੀਲਾਂ ਲਗਾਈਆਂ ਅਤੇ ਲੰਗਰ ਅਤੁੱਟ ਵਰਤਾਏ ਗਏ। ਪੂਰੇ ਰਸਤੇ ਦੌਰਾਨ ਸ਼ਰਧਾਲੂ ਸੰਗਤਾਂ ਵੱਲੋਂ ਗੁਰਬਾਣੀ ਅਤੇ ਗੁਰੂ ਜਸ ਦਾ ਅਟੁੱਟ ਪ੍ਰਵਾਹ ਚਲਾਇਆ ਗਿਆ।
Punjab Post Daily Online Newspaper & Print Media