Sunday, June 14, 2026

ਗੁਰਦਾਸਪੁਰ ਦੀਆਂ ਸੰਗਤਾਂ ਨੂੰ ਨਿਹਾਲ ਕਰਨ ਉਪਰੰਤ ਦਰਸ਼ਨ ਯਾਤਰਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਰਵਾਨਾ

ਜ਼ਿਲ੍ਹੇ ਦੀਆਂ ਸੰਗਤਾਂ ਨੇ ਕੀਤੇ ਗੁਰੂ ਸਾਹਿਬਾਨ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਖੁੱਲੇ ਦਰਸ਼ਨ

PPN2805201504

ਬਟਾਲਾ, 27 ਮਈ (ਨਰਿੰਦਰ ਸਿੰਘ ਬਰਨਾਲ) – ਤਿੰਨ ਦਿਨ ਜ਼ਿਲ੍ਹਾ ਗੁਰਦਾਸਪੁਰ ਦੀਆਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨਾਂ ਨਾਲ ਨਿਹਾਲ ਕਰਨ ਤੋਂ ਬਾਅਦ ਅੱਜ ਸ਼ਾਮ ਧਾਰਮਿਕ ਦਰਸ਼ਨ ਯਾਤਰਾ ਆਪਣੇ ਅਗਲੇ ਪੜਾਅ ਜ਼ਿਲ੍ਹਾ ਹੁਸ਼ਿਆਰਪੁਰ ਲਈ ਰਵਾਨਾ ਹੋ ਗਈ। ਤਿੰਨ ਦਿਨ ਲਗਾਤਾਰ ਜ਼ਿਲ੍ਹੇ ਦੀਆਂ ਹਜ਼ਾਰਾਂ ਸੰਗਤਾਂ ਨੇ ਗੁਰੂ ਸਾਹਿਬਾਨ ਦੇ ਪਾਵਨ ਸ਼ਸ਼ਤਰਾਂ, ਬਸਤਰਾਂ ਤੇ ਹੋਰ ਨਿਸ਼ਾਨੀਆਂ ਦੇ ਦਰਸ਼ਨ ਕੀਤੇ ਅਤੇ ਤਿੰਨੇ ਦਿਨ ਜ਼ਿਲ੍ਹਾ ਪੂਰੇ ਰੂਹਾਨੀ ਰੰਗ ਵਿੱਚ ਰੰਗਿਆ ਰਿਹਾ।
ਧਾਰਮਿਕ ਦਰਸ਼ਨ ਯਾਤਰਾ ਅੰਮ੍ਰਿਤਸਰ ਤੋਂ ਹੁੰਦੀ ਹੋਈ 24 ਮਈ ਸ਼ਾਮ ਨੂੰ ਪਿੰਡ ਸ਼ੇਖੂਪੁਰਾ ਤੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਦਾਖਲ ਹੋਈ ਸੀ ਜਿਥੇ ਜ਼ਿਲ੍ਹੇ ਦੀਆਂ ਹਜ਼ਾਰਾਂ ਸੰਗਤਾਂ ਵੱਲੋਂ ਧਾਰਮਿਕ ਯਾਤਰਾ ਨੂੰ ‘ਜੀ ਆਇਆਂ ਨੂੰ’ ਕਿਹਾ ਗਿਆ ਅਤੇ ਜੈਕਾਰਿਆਂ ਦੀ ਗੂੰਝ ਵਿੱਚ ਯਾਤਰਾ ਦਾ ਲਾ-ਮਿਸਾਲ ਸਵਾਗਤ ਕੀਤਾ। 24 ਮਈ ਸ਼ਾਮ ਨੂੰ ਧਾਰਮਿਕ ਯਾਤਰਾ ਗੁਰੂ ਨਾਨਕ ਦੇਵ ਜੀ ਦੇ ਸੁਹਰੇ ਨਗਰ ਬਟਾਲਾ ਸ਼ਹਿਰ ਵਿਖੇ ਪਹੁੰਚੀ ਜਿਥੇ ਯਾਤਰਾ ਦਾ ਰਾਤਰੀ ਠਹਿਰਾਅ ਕੀਤਾ ਗਿਆ। ਬਟਾਲਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੀਆਂ ਸੰਗਤਾਂ ਧਾਰਮਿਕ ਯਾਤਰਾ ਦੇ ਖੁੱਲੇ ਦਰਸ਼ਨ ਦੀਦਾਰ ਕਰਕੇ ਨਿਹਾਲ ਹੋਈਆਂ। 25 ਮਈ ਸਵੇਰ ਨੂੰ ਯਾਤਰਾ ਬਟਾਲਾ ਸ਼ਹਿਰ ਤੋਂ ਚੱਲ ਕੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵੱਖ-ਵੱਖ ਪਿੰਡਾਂ ਪ੍ਰਤਾਪਗੜ੍ਹ, ਪੰਜਗਰਾਈਆਂ, ਹਰਪੁਰਾ, ਊਧਨਵਾਲ, ਚੀਮਾ ਖੁੱਡੀ ਵਿਖੇ ਹਜ਼ਾਰਾਂ ਸੰਗਤਾਂ ਨੂੰ ਸ਼ਸ਼ਤਰਾਂ ਦੇ ਦਰਸ਼ਨ ਕਰਾਉਂਦੀ ਹੋਈ ਸ਼ਾਮ ਨੂੰ ਧਾਰਮਿਕ ਨਗਰੀ ਸ੍ਰੀ ਹਰਗੋਬਿੰਦਪੁਰ ਵਿਖੇ ਪਹੁੰਚੀ। ਸ੍ਰੀ ਹਰਗੋਬਿੰਦਪੁਰ ਵਿਖੇ ਵੀ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਯਾਤਰਾ ਦਾ ਰਾਤਰੀ ਠਹਿਰਾਅ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਕੀਤਾ ਗਿਆ। 26 ਮਈ ਨੂੰ ਯਾਤਰਾ ਸ੍ਰੀ ਹਰਗੋਬਿੰਦਪੁਰ ਤੋਂ ਸ਼ੁਰੂ ਹੋ ਕੇ ਪਿੰਡ ਭਾਮ, ਹਰਚੋਵਾਲ, ਤੁਗਲਵਾਲ, ਸਠਿਆਲੀ ਪੁੱਲ, ਕਾਹਨੂੰਵਾਨ ਹੁੰਦੀ ਹੋਈ ਸ਼ਾਮ ਨੂੰ ਗੁਰਦੁਆਰਾ ਛੋਟਾ ਘੱਲੂਘਾਰਾ ਵਿਖੇ ਰਾਤਰੀ ਪੜਾਅ ਲਈ ਪਹੁੰਚੀ। 27 ਮਈ ਨੂੰ ਧਾਰਮਿਕ ਦਰਸ਼ਨ ਯਾਤਰਾ ਛੋਟਾ ਘੱਲੂਘਾਰਾ ਤੋਂ ਸ਼ੁਰੂ ਹੋ ਕੇ ਪਿੰਡ ਨਵਾਂ ਸ਼ਾਲਾ, ਪੁੱਲ ਤਿਬੜੀ, ਭੁੱਲੇਚੱਕ, ਬੱਬੇਹਾਲੀ ਮੋੜ, ਪਾਹੜਾ, ਘੁਰਾਲਾ ਹੁੰਦੀ ਹੋਈ ਗੁਰਦਾਸਪੁਰ ਸ਼ਹਿਰ ਪਹੁੰਚੀ ਜਿਥੇ ਵੱਡੀ ਗਿਣਤੀ ‘ਚ ਸੰਗਤਾਂ ਨੇ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕੀਤੇ। ਗੁਰਦਾਸਪੁਰ ਦੀਆਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਾਉਂਦੀ ਹੋਈ ਅਤੇ ਨਾਮਬਾਣੀ ਨਾਲ ਜੋੜਦੀ ਹੋਈ ਇਹ ਧਾਰਮਿਕ ਦਰਸ਼ਨ ਯਾਤਰਾ ਸ਼ਾਮ ਨੂੰ ਆਪਣੇ ਅਗਲੇ ਪੜਾਅ ਜ਼ਿਲ੍ਹਾ ਹੁਸ਼ਿਆਰਪੁਰ ਲਈ ਰਵਾਨਾ ਹੋ ਗਈ।
ਯਾਤਰਾ ਦੇ ਜ਼ਿਲ੍ਹਾ ਗੁਰਦਾਸਪੁਰ ਵਿਚਲੇ ਸਫਰ ਦੌਰਾਨ ਹਰ ਪੜਾਅ, ਮੋੜ ‘ਤੇ ਸੰਗਤਾਂ ਵੱਲੋਂ ਪੂਰਾ ਉਤਸ਼ਾਹ ਦਿਖਾਇਆ ਗਿਆ ਅਤੇ ਸੰਗਤਾਂ ਲਈ ਗੁਰੂ ਕੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਜ਼ਿਲ੍ਹੇ ਦੀਆਂ ਸੰਗਤਾਂ ਨੇ ਇਸ ਧਾਰਮਿਕ ਦਰਸ਼ਨ ਯਾਤਰਾ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਦੇ ਸਾਂਝੇ ਉਪਰਾਲੇ ਨਾਲ ਸੰਗਤਾਂ ਨੂੰ ਆਪਣੇ ਇਲਾਕੇ ‘ਚ ਹੀ ਇਨ੍ਹਾਂ ਪਾਵਨ ਨਿਸ਼ਾਨੀਆਂ ਦੇ ਦਰਸ਼ਨ ਹੋ ਸਕੇ ਹਨ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply