
ਬਠਿੰਡਾ, 1 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਵੀ.ਵੀ.ਆਈ.ਪੀ. ਏਰੀਏ ਵਿੱਚ ਸਥਿਤ ਏ.ਡੀ.ਸੀ ਸੁਮਿਤ ਕੁਮਾਰ ਜਾਰੰਗਲ ਉਹਨਾਂ ਦੀ ਪਤਨੀ ਏ.ਡੀ.ਸੀ ਈਸ਼ਾ ਕਾਲੀਆ ਦੀ ਸਰਕਾਰੀ ਕੋਠੀ ਨੰ: ਡੀ 12 ਵਿੱਚ ਨੌਕਰ ਵੱਲੋਂ ਹੀ ਲੱਖਾਂ ਰੁਪਏ ਦੀ ਨਕਦੀ ਅਤੇ ਗਹਿਣਿਆਂ ਨੂੰ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ।ਸੂਚਨਾ ਮਿਲਦਿਆਂ ਹੀ ਮੌਕੇ ਤੇ ਕਵਰੇਜ ਕਰਨ ਲਈ ਸਮੂਹ ਪੱਤਰਕਾਰ ਪਹੁੰਚੇ, ਪਰ ਮਾਹੌਲ ਉਸ ਸਮੇਂ ਟਕਰਾਅ ਵਾਲਾ ਬਣ ਗਿਆ ਜਦੋਂ ਘਟਨਾ ਦੀ ਜਾਂਚ ਕਰਨ ਆਏ ਡੀਐਸਪੀ ਸਿਟੀ-2 ਜਨਕ ਸਿੰਘ ਨੇ ਪ੍ਰੈਸ ਫੋਟੋਗ੍ਰਾਫਰਾਂ ਅਤੇ ਇਲੈਕਟ੍ਰੋਨਿਕ ਕਰਮਚਾਰੀਆਂ ਨੂੰ ਕਵਰੇਜ ਕਰਨ ਤੋਂ ਰੋਕਿਆ ਤੇ ਜੀ ਨਿਊਜ਼ ਦੇ ਪੱਤਰਕਾਰ ਗੋਵਿੰਦ ਸੈਣੀ ਨਾਲ ਦੁਰਵਿਵਹਾਰ ਕੀਤਾ। ਘਟਨਾ ਦੀ ਸੂਚਨਾ ਤੁਰੰਤ ਬਠਿੰਡਾ ਪ੍ਰੈਸ ਕਲੱਬ ਰਜਿ. ਦੇ ਪ੍ਰਧਾਨ ਕਮਲਦੀਪ ਸਿੰਘ ਬਰਾੜ ਨੂੰ ਦਿੱਤੀ ਤਾਂ ਉਹਨਾਂ ਨੇ ਇਸ ਘਟਨਾ ਤੇ ਡੀਐਸਪੀ ਖਿਲਾਫ ਕਾਰਵਾਈ ਕਰਨ ਲਈ ਪੁਲਿਸ ਪ੍ਰਸਾਸ਼ਨ ਦੇ ਉਚ ਅਧਿਕਾਰੀਆਂ ਤੇ ਤੁਰੰਤ ਦਬਾਅ ਬਣਾਇਆ ਅਤੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਯਸ਼ਪਾਲ ਵਰਮਾ, ਦਫਤਰ ਸੈਕਟਰੀ ਅਨਿਲ ਵਰਮਾ, ਐਗਜੈਕਟਿਵ ਕਮੇਟੀ ਦੇ ਮੈਂਬਰ ਅਮਿਤ ਸ਼ਰਮਾ, ਅਨੁਸ਼ਾਸਨ ਕਮੇਟੀ ਦੇ ਮੈਂਬਰ ਅਸ਼ੋਕ ਵਰਮਾ ਨੂੰ ਮਾਮਲੇ ਦੀ ਜਾਣਕਾਰੀ ਲੈਕੇ ਅਗਲੀ ਕਾਰਵਾਈ ਕਰਨ ਲਈ ਭੇਜਿਆ। ਉਕਤ ਅਹੁੱਦੇਦਾਰਾਂ ਦੀ ਹਾਜਰੀ ਵਿੱਚ ਡੀਐਸਪੀ ਵੱਲੋਂ ਕੁੱਝ ਸਮੇਂ ਬਾਅਦ ਹੀ ਆਪਣੀ ਗਲਤੀ ਮੰਨਦਿਆਂ ਬਠਿੰਡਾ ਪ੍ਰੈਸ ਕਲੱਬ ਵਿਖੇ ਪਹੁੰਚ ਕੇ ਘਟਨਾ ਤੇ ਅਫਸੋਸ ਪ੍ਰਗਟ ਕਰਦੇ ਹੋਏ ਮੁਆਫੀ ਮੰਗੀ ਅਤੇ ਅੱਗੇ ਤੋਂ ਪੱਤਰਕਾਰਾਂ ਦਾ ਮਾਣ ਸਨਮਾਨ ਯਕੀਨੀ ਬਨਾਉਣ ਦਾ ਭਰੋਸਾ ਦਿੱਤਾ। ਕਲੱਬ ਅਹੁੱਦੇਦਾਰਾਂ ਅਤੇ ਮੈਂਬਰਾਂ ਦੀ ਮੌਜੂਦਗੀ ਵਿੱਚ ਡੀਐਸਪੀ ਵੱਲੋਂ ਜਿੰਮੇਵਾਰੀ ਵਾਲਾ ਰੋਲ ਨਿਭਾਉਂਦਿਆਂ ਮੰਗੀ ਗਈ ਮੁਆਫੀ ਤੇ ਮਾਮਲਾ ਸ਼ਾਂਤ ਕੀਤਾ ਗਿਆ। ਪ੍ਰਧਾਨ ਕਮਲਦੀਪ ਸਿੰਘ ਬਰਾੜ ਨੇ ਕਿਹਾ ਕਿ ਬਠਿੰਡਾ ਪ੍ਰੈਸ ਕਲੱਬ ਦੇ ਏਕੇ ਦੀ ਹੀ ਵੱਡੀ ਪ੍ਰਾਪਤੀ ਹੈ। ਉਹਨਾ ਵਿਸ਼ਵਾਸ ਦਵਾਇਆ ਕਿ ਕਿਸੇ ਵੀ ਪੱਤਰਕਾਰ ਨਾਲ ਕਵਰੇਜ ਮੌਕੇ ਹੁੰਦੇ ਦੁਰਵਿਵਹਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Punjab Post Daily Online Newspaper & Print Media