
ਪਠਾਨਕੋਟ, 01 ਜੂਨ (ਪ.ਪ) – ਸਕਿਲ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਜ਼ਿਲ੍ਹਾ ਪਠਾਨਕੋਟ ਦੇ ਅਨੁਸੂਚਿਤ ਜਾਤੀ ਦੇ ਬੀ.ਪੀ.ਐਲ/ਗਰੀਬ ਪਰਿਵਾਰਾਂ ਦੇ 60 ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਨੂੰ ਉੱਤਰੀ ਭਾਰਤ ਤਕਨੀਕੀ ਸਲਾਹਕਾਰ ਸੰਗਠਨ ਚੰਡੀਗੜ੍ਹ (ਨਿਟਕੋਨ) ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਿਸ਼ੇਸ਼ ਕੇਂਦਰੀ ਸਹਾਇਤਾ ਸਕੀਮ ਤਹਿਤ ਲੜਕਿਆਂ ਨੂੰ ਇਨਵਰਟਰ, ਏ.ਸੀ. ਰਿਪੇਅਰ ਤੇ ਅਸੈਂਬਲ ਅਤੇ ਲੜਕੀਆਂ ਨੂੰ ਸਲਾਈ ਕਢਾਈ ਦੀ ਤਿੰਨ ਮਹੀਨਿਆਂ ਦੀ ਮੁਫ਼ਤ ਟ੍ਰੇਨਿੰਗ ਦਿੱਤੀ ਗਈ। ਇਹ ਜਾਣਕਾਰੀ ਸ਼੍ਰੀਮਤੀ ਰੂਪਾਂਜਲੀ ਕਾਰਥਿਕ ਵਧੀਕ ਡਿਪਟੀ ਕਮਿਸ਼ਨਰ ਨੇ ਸਥਾਨਿਕ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਟ੍ਰੇਨਿੰਗ ਪ੍ਰਾਪਤ 30 ਲੜਕਿਆਂ ਨੂੰ ਮੁਫ਼ਤ ਟੂਲ ਕਿੱਟਾਂ ਅਤੇ 30 ਲੜਕੀਆਂ ਨੂੰ ਸਿਲਾਈ ਮਸ਼ੀਨਾਂ ਅਤੇ ਸਰਟੀਫਿਕੇਟ ਦੇਣ ਸਬੰਧੀ ਆਯੋਜਿਤ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਕੁੱਲ 180 ਲੜਕੇ/ਲੜਕਿਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਇਸ ਟ੍ਰੇਨਿੰਗ ਪ੍ਰੋਗਰਾਮ ਦਾ ਵੱਧ ਤੋਂ ਵੱਧ ਲਾਭ ਉਠਾਣ ਅਤੇ ਟ੍ਰੇਨਿੰਗ ਪ੍ਰਾਪਤ ਕਰਕੇ ਆਪਣੇ ਸਵੈ ਰੋਜ਼ਗਾਰ ਦੇ ਕਾਰੋਬਾਰ ਸ਼ੁਰੂ ਕਰਨ। ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਆਪਣੇ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਘੱਟ ਵਿਆਜ ‘ਤੇ ਕਰਜ਼ੇ ਵੀ ਮੁਹਈਆ ਕੀਤੇ ਜਾਣਗੇ। ਉਨ੍ਹਾਂ ਨੇ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਇਹ ਵੀ ਕਿਹਾ ਕਿ ਉਹ ਆਪਣੇ ਕਾਰੋਬਾਰ ਸ਼ੁਰੂ ਕਰਨ ਤਾਂ ਜੋ ਉਹ ਆਪਣੇ ਕੰਮ ਵਿੱਚ ਪੂਰੀ ਤਰ੍ਹਾਂ ਮਾਹਿਰ ਹੋ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ ਅਤੇ ਚੰਗਾ ਜੀਵਨ ਬਤੀਤ ਕਰ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਸੁਖਦੇਵ ਰਾਜ ਬੀ.ਡੀ.ਪੀ.ਓ., ਸੁਨੀਲ ਕੁਮਾਰ ਮੈਨੇਜਰ ਨਿਟਕੋਨ, ਸੁਖਜਿੰਦਰ ਸਿੰਘ ਛਤਵਾਲ ਸਹਾਇਕ ਪ੍ਰਾਜੈਕਟ ਅਫ਼ਸਰ ਅਤੇ ਟ੍ਰੇਨਿੰਗ ਪ੍ਰਾਪਤ ਸਿਖਿਆਰਥੀ ਵੀ ਹਾਜ਼ਰ ਸਨ। ਸ਼੍ਰੀਮਤੀ ਕਾਰਥਿਕ ਨੇ ਇਸ ਮੌਕੇ ਟ੍ਰੇਨਿੰਗ ਪ੍ਰਾਪਤ ਨੌਜਵਾਨਾਂ ਨੂੰ ਟੂਲ ਕਿੱਟਾਂ ਅਤੇ ਸਿਲਾਈ ਮਸ਼ੀਨਾਂ ਵੰਡੀਆਂ। ਇਸ ਮੌਕੇ ਟ੍ਰੇਨਿੰਗ ਪ੍ਰਾਪਤ ਲੜਕੀਆਂ ਵੱਲੋਂ ਤਿਆਰ ਕੀਤੇ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
Punjab Post Daily Online Newspaper & Print Media