
ਅੰਮ੍ਰਿਤਸਰ, 5 ਜੂਨ (ਪ੍ਰੀਤਮ ਸਿੰਘ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਖਾਲਸਾ ਕਾਲਜ ਪਬਲਿਕ ਸਕੂਲ ਵਿੱਚ ਵਿਸ਼ਵ ਵਾਤਾਵਰਣ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸਦਾ ਮਕਸਦ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਵੱਧ ਰਹੇ ਪ੍ਰਦੂਸ਼ਣ ਬਾਰੇ ਜਾਗਰੂਕ ਕਰਨਾ ਸੀ। ਵਿਦਿਆਰਥੀਆਂ ਨੇ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਅਤੇ ਪ੍ਰਸਿੱਧ ਵਾਤਾਵਰਣ ਮਾਹਿਰ ਤੇ ਖਾਲਸਾ ਕਾਲਜ ਵਿੱਚ ਬੋਟਨੀ ਦੇ ਪ੍ਰੋ: ਡਾ. ਪ੍ਰਵੀਨ ਕੁਮਾਰ ਅਹੂਜਾ ਦੀ ਪ੍ਰਧਾਨਗੀ ਵਿੱਚ ਸਕੂਲ ਦੇ ਵਿਹੜੇ ਵਾਤਾਵਰਣ ਦੀ ਸਾਂਭ-ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਪੌਦੇ ਲਗਾਏ।
ਇਸ ਮੌਕੇ ਰੰਗਾਰੰਗ ਪ੍ਰੋਗਰਾਮ ਦੌਰਾਨ ਕਵਿਤਾ ਗਾਇਨ, ਨਾਟਕ ਵੀ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵਾਤਾਵਰਣ ਦੇ ਮੁੱਦੇ ‘ਤੇ ਇਕ ਵਿਸ਼ੇਸ਼ ਸਕਿੱਟ ਪੇਸ਼ ਕੀਤੀ ਗਈ। ਪ੍ਰਿੰਸੀਪਲ ਡਾ. ਬਰਾੜ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਧਰਤੀ ‘ਤੇ ਜੀਵਨ ਨੂੰ ਬਚਾਉਣ ਲਈ ਮਨੁੱਖ ਨੂੰ ਵਾਤਾਵਰਣ ਦੀ ਸਾਂਭ-ਸੰਭਾਲ ਰੱਖਣਾ ਅਤਿ ਜਰੂਰੀ ਹੈ। ਕਿਉਂਕਿ ਜੇਕਰ ਇਨਸਾਨ ਵਾਤਾਵਰਣ ਪ੍ਰਤੀ ਲਾਪ੍ਰਵਾਹੀ ਵਰਤਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਹਵਾ, ਪਾਣੀ ਤੇ ਮੌਸਮ ਦੇ ਵਿਗੜਦੇ ਹਾਲਾਤਾਂ ਵਰਗੇ ਕਈ ਭਿਆਨਕ ਨਤੀਜ਼ਿਆਂ ਦਾ ਸਾਹਮਣਾ ਕਰਨਾ ਪਵੇਗਾ।
ਡਾ. ਅਹੂਜਾ ਨੇ ਇਸ ਮੌਕੇ ‘ਤੇ ਕਿਹਾ ਕਿ ਅਜੋਕੇ ਸਮੇਂ ਵਿੱਚ ਮੌਸਮ ਦੇ ਅਚਾਨਕ ਬਦਲਾਅ, ਅੱਤ ਦੀ ਗਰਮੀ ਤੇ ਬੇਮੌਸਮੀ ਬਰਸਾਤ ਆਦਿ ਵਰਗੇ ਕਈ ਮਾੜੇ ਹਾਲਾਤਾਂ ਨੂੰ ਮਨੁੱਖ ਹੰਢਾ ਰਿਹਾ ਹੈ, ਜਿਸ ਕਾਰਨ ਰੁੱਖਾਂ ਦੀ ਕਟਾਈ ਅਤੇ ਵਾਤਾਵਰਣ ਪ੍ਰਤੀ ਕੀਤਾ ਜਾਂਦਾ ਕਿਨਾਰਾ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਨਾ ਤਾਂ ਹੀ ਕੀਤੀ ਜਾ ਸਕਦੀ ਹੈ ਜੇਕਰ ਅਸੀ ਆਪਣੇ ਆਲੇ-ਦੁਆਲੇ ਨੂੰ ਖੂਬਸੂਰਤ ਬਣਾਉਣ ਲਈ ਤੱਤਪਰ ਹੋਵੇਗਾ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਾਤਾਵਰਣ ਸਬੰਧੀ ਵੱਖ-ਵੱਖ ਪੋਸਟਰ ਫੜਕੇ ਰੈਲੀ ਵੀ ਕੱਢੀ।
Punjab Post Daily Online Newspaper & Print Media