

ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ ਬਿਊਰੋ)- ਖਾਲਸਾ ਦੇ ਹਜ਼ਾਰਾਂ ਸਿੰਘਾਂ ਵਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਹੱਥਾਂ ਵਿਚ ਫੜ ਕੇ ਸ਼ਹਿਰ ਦੇ ਪ੍ਰਮੁੱਖ ਸੜਕਾਂ ‘ਤੇ ਘੱਲੂਘਾਰਾ ਰੋਸ ਮਾਰਚ ਕੱਢਿਆ ਗਿਆ।ਇਸ ਮਾਰਚ ਵਿੱਚ ਸ਼ਾਮਲ ਸਿੱਖ ਨੌਜਵਾਨ ਸੰਤ ਭਿੰਡਰਾਂਵਾਲਿਆਂ ਦੀਆਂ ਫੋਟੋਆਂ ਵਾਲੀਆਂ ਟੀ-ਸ਼ਰਟਾਂ ਪਾ ਕੇੇ ਹੱਥਾਂ ਵਿੱਚ ਫੜੇ ਕੇਸਰੀ ਝੰਡੇ ਲਹਿਰਾ ਰਹੇ ਸਨ।ਨੌਜਵਾਨਾਂ ਨੇ ਸੰਤ ਭਿੰਡਰਾਂ ਵਾਲਿਆਂ ਤੇ ਹੋਰ ਸ਼ਹੀਦਾਂ ਦੇ ਪੋਸਟਰਾਂ ਦੇ ਨਾਲ ਜੰਮੂ ਵਿਖੇ ਪੁਲਿਸ ਗੋਲੀ ਨਾਲ ਮਾਰੇ ਗਏ ਜਗਜੀਤ ਸਿੰਘ ਦੇ ਪੋਸਟਰ ਫੜੇ ਹੋਏ ਸਨ।
ਜੂਨ 1984 ਨੂੰ ਸਿਖ ਧਰਮ ਲਈ ਜਾਨਾਂ ਵਾਰਨ ਵਾਲਿਆਂ ਯੋਧਿਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਦਲ ਖਾਲਸਾ ਮੁਖੀ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਸਾਡੇ ਸਭ ਤੋਂ ਪਵਿਤਰ ਧਰਮ-ਸਥਾਨ ਤੇ ਹਮਲਾ ਕੀਤਾ ਅਤੇ ਸਾਡੇ ਸਵੈ-ਮਾਣ ਨੂੰ ਰੋਲਿਆ ਤੇ ਹਜਾਰਾਂ ਬੇਦੋਸ਼ੇ ਸਿੱਖ ਕਤਲ ਕੀਤੇ।ਦਲ ਖਾਲਸਾ ਦੇ ਸੀਨੀਅਰ ਆਗੂ ਸਤਨਾਮ ਸਿੰਘ ਪਾਉਂਟਾ ਸਾਹਿਬ ਨੇ ਹਜ਼ਾਰਾਂ ਸਿਖ ਸ਼ਰਧਾਲੂਆਂ ਦੇ ਕਤਲ, ਸਿਖ ਰੈਫਰੈਂਸ ਲਾਇਬਰੇਰੀ ਤੇ ਹੋਰ ਦੁਰਲੱਭ ਲਿਖਤਾਂ ਨੂੰ ਸਾੜਨ ਦੀ ਅੰਤਰਰਾਸ਼ਟਰੀ ਜਾਂਚ ਦੀ ਮੰਗ ਕੀਤੀ ।
ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਸਿੱਖ ਕੌਮ ਦੀ ਸਮੂਹਿਕ ਚੇਤਨਾ ਦਾ ਹਿੱਸਾ ਹਨ।ਉਹਨਾ ਕਿਹਾ ਕਿ ਜੂਨ 1984 ਮੌਕੇ ਲੱਗੇ ਜ਼ਖਮ ਹਰੇ ਹਨ ਅਤੇ ਪੀੜ ਸੱਜਰੀ ਹੈ।ਜੰਮੂ ਪੁਲੀਸ ਵਲੋਂ ਸਿੱਖ ਨੌਜਵਾਨ ਜਗਜੀਤ ਸਿੰਘ ਨੂੰ ਗੋਲੀ ਮਾਰਨ ਦੀ ਦੁਖਦਾਈ ਘਟਨਾ ਲਈ ਉਨਾਂ ਨੇ ਸੁਰਖਿਆ ਦਸਤਿਆਂ ਨੂੰ ਆਫਸਪਾ ਕਾਨੂੰਨ ਹੇਠ ਮਿਲੀਆਂ ਅੰਨੀਆਂ ਤਾਕਤਾਂ ਦਾ ਨਤੀਜਾ ਦੱਸਿਆ।ਦਲ ਖਾਲਸਾ ਨੇ ਜਗਜੀਤ ਸਿੰਘ ਨੂੰ ਚੱਲਦੇ ਸਿੱਖ ਸੰਘਰਸ਼ ਦਾ ਸ਼ਹੀਦ ਕਰਾਰ ਦਿਤਾ।
ਰੋਸ ਮਾਰਚ ਦਲ ਖਾਲਸਾ ਦਫਤਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਾਹਰੀ ਪੌਸ਼ ਇਲਾਕਿਆਂ ਰਣਜੀਤ ਐਵੇਨਿਉ, ਗਰੀਨ ਐਵੇਨਿਉ, ਲਾਰੈਂਸ ਰੋਡ ਚੌਕ, ਮਜੀਠਾ ਰੋਡ ਬਾਈਪਾਸ, ਫੌਰ ਐਸ ਚੌਕ, ਹੂਸੈਨਪੁਰਾ ਬੱਸ ਸਟੈਂਡ, ਜੀ.ਟੀ ਰੋਡ, 100 ਫੁੱਟੀ ਸੜਕ, ਸੁਲਤਾਨਵਿੰਡ ਰੋਡ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ, ਹਾਲ ਗੇਟ, ਕੋਤਵਾਲੀ ਚੌਕ, ਚੌਕ ਫਵਾਰਾ, ਜਲਿਆਂਵਾਲਾ ਬਾਗ ਹੁੰਦਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਸਮਾਪਤ ਹੋਇਆ। ਇਸ ਮਾਰਚ ਵਿਚ ਅਖੰਡ ਕੀਰਤਨੀ ਜਥਾ, ਦਮਦਮੀ ਟਕਸਾਲ ਮਹਿਤਾ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ, ਯੂਨਾਈਟਿਡ ਅਕਾਲੀ ਦਲ, ਜਥਾ ਨੀਲੀਆਂ ਫੌਜਾਂ ਦੇ ਪ੍ਰਤੀਨਿਧਾਂ ਜਿੰਨਾਂ ਵਿੱਚ ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਅਜੈਬ ਸਿੰਘ ਅਭਿਆਸੀ, ਬਲਦੇਵ ਸਿੰਘ ਸਿਰਸਾ, ਸੁਰਜੀਤ ਸਿੰਘ ਖਾਲਿਸਤਾਨੀ, ਬਾਬਾ ਸੁਖਵੰਤ ਸਿੰਘ ਬਲੂ, ਹਰਜਿੰਦਰ ਸਿੰਘ ਜਥਾ ਨੀਲੀਆਂ ਫੌਜਾਂ, ਅਰਵਿੰਦਰ ਸਿੰਘ, ਡਾ. ਮਨਜਿੰਦਰ ਸਿੰਘ ਜੰਡੀ, ਸਰਬਜੀਤ ਸਿੰਘ ਘੁਮਾਣ ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਅਾਿਦ ਵੀ ਸ਼ਾਮਿਲ ਸਨ ।
Punjab Post Daily Online Newspaper & Print Media