Wednesday, March 25, 2026

ਘੱਲੂਘਾਰਾ ਦਿਵਸ ‘ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਕੌਮ ਦੇ ਨਾਂ ਸੰਦੇਸ਼

Jathedar Sandesh

              ਜੂਨ 1984 ਦੇ ਘੱਲੂਘਾਰੇ ਸਮੇਂ ਸਿੱਖ ਕੌਮ ਦੇ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਮਤ ਨੂੰ ਕਾਇਮ ਰੱਖਣ ਲਈ ਸ਼ਹੀਦ ਹੋਏ ਸਮੂੰਹ ਸਿੰਘਾਂ/ਸਿੰਘਣੀਆਂ ਨੂੰ ਸਤਿਕਾਰ ਭੇਟ ਕਰਦਿਆਂ ਇਕੱਤਰ ਹੋਏ ਗੁਰੂ ਪਿਆਰੇ ਖ਼ਾਲਸਾ ਜੀ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਖ਼ਾਲਸਾ ਜੀ,
ਅੱਜ ਤੋਂ ਠੀਕ 31 ਸਾਲ ਪਹਿਲਾਂ ਜੂਨ 1984 ਵਿਚ ਸਮੇਂ ਦੀ ਹਕੂਮਤ ਅਤੇ ਸਿੱਖ ਵਿਰੋਧੀ ਤਾਕਤਾਂ ਨੇ ਸਾਡੀ ਹੋਂਦ, ਹਸਤੀ, ਅਣਖ, ਗੈਰਤ ਅਤੇ ਪਹਿਚਾਣ ਨੂੰ ਮਿਟਾਉਣ ਦਾ ਘਿਨਾਉਣਾ ਯਤਨ ਕੀਤਾ ਸੀ। ਇਹ ਵੀ ਇਤਿਹਾਸਕ ਸੱਚਾਈ ਹੈ ਕਿ ਜਿਸ ਨੇ ਵੀ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਹਮਲਾ ਕੀਤਾ ਹੈ ਉਸ ਨੂੰ ਖ਼ਾਲਸੇ ਨੇ ਹਮੇਸ਼ਾਂ ਪੰਥਕ ਰਵਾਇਤਾਂ ਅਨੁਸਾਰ ਜਵਾਬ ਦਿੱਤਾ ਹੈ। ਇਸਦਾ ਮੁੱਖ ਕਾਰਨ ਸਿੱਖ ਪ੍ਰਭੂ-ਸਤਾ ਦਾ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਅਤੇ ਮੀਰੀ-ਪੀਰੀ ਦੇ ਸਿਧਾਂਤ ਦਾ ਗੌਰਵਮਈ ਇਤਿਹਾਸ ਹੈ।
ਅੱਜ ਵਿਸ਼ਵ ਭਰ ਵਿਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ 6 ਜੂਨ 1984 ਦੇ ਭਿਆਨਕ ਘੱਲੂਘਾਰੇ ਦੀ ਯਾਦ ਮਨਾਉਂਦਿਆਂ ਚਿੰਤਨ ਕਰ ਰਹੀਆਂ ਹਨ। 31 ਸਾਲ ਬੀਤ ਜਾਣ ਤੋਂ ਪਿਛੋਂ ਵੀ ਇਹ ਸਾਕਾ ਸਾਨੂੰ ਅੱਜ ਵੀ ਕਲ ਦੀ ਤਰਾਂ ਤਰੋਂ ਤਾਜਾ ਲਗਦਾ ਹੈ ਅਤੇ ਇਹ ਜਖ਼ਮ ਸਿੱਖ ਮਾਨਸਿਕਤਾ ਵਿਚ ਨਾ ਭੁੱਲਣ ਵਾਲੇ ਜਖ਼ਮ ਹਨ। ਇਹ ਪੀੜ ਸਾਡੇ ਲਈ ਇਸ ਕਰਕੇ ਵਧੇਰੇ ਦੁਖਦਾਈ ਅਤੇ ਨਾ ਸਹੀ ਜਾਣ ਵਾਲੀ ਪੀੜ ਹੈ ਕਿਉਕਿ ਜਿਸ ਹਿੰਦੂਸਤਾਨ ਦੇ ਹਾਕਮਾਂ ਨੇ ਸਾਡੇ ਮਹਾਨ ਧਾਰਮਿਕ ਕੇਂਦਰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਆਪਣੀਆਂ ਫੋਜਾਂ, ਤੋਪਾਂ, ਟੈਕਾਂ ਚਾੜ ਕੇ ਸਾਡੀ ਹੋਂਦ ਹਸਤੀ ਨੂੰ ਨੇਸਤੋ-ਨਾਬੂਦ ਕਰਨ ਦਾ ਯਤਨ ਕੀਤਾ ਹੈ, ਉਸਦੇ ਲਈ ਸਾਡੇ ਵੱਡੇ-ਵਡੇਰਿਆਂ ਅਤੇ ਸੂਰਬੀਰਾਂ, ਯੋਧਿਆਂ ਨੇ ਮਹਾਨ ਕੁਰਬਾਨੀਆਂ ਕਰਕੇ ਇਸ ਮੁਲਕ ਨੂੰ ਅਜਾਦ ਕਰਵਾਇਆ ਸੀ। ਪਰ ਜੇ 15 ਅਗਸਤ ਦਾ ਦਿਨ ਭਾਰਤੀ ਲੋਕਾਂ ਲਈ ਖੁਸ਼ੀ ਦਾ ਦਿਨ ਮੰਨਿਆ ਗਿਆ, ਉਥੇ 6 ਜੂਨ ਸਿੱਖ ਕੌਮ ਲਈ ਵੱਡੇ ਦੁੱਖ ਦਾ ਦਿਨ ਕਿਹਾ ਜਾਵੇਗਾ। ਅਜਾਦ ਭਾਰਤ ਵਿਚ ਅਸੀ ਇੰਝ ਲੁੱਟੇ-ਕੁੱਟੇ ਅਤੇ ਮਾਰੇ ਗਏ ਜਿਵੇ ਅਸੀ ਕਿਸੇ ਦੁਸ਼ਮਣ ਦੇਸ਼ ਦੇ ਬਸ਼ਿੰਦੇ ਹਾਂ।
ਖ਼ਾਲਸਾ ਜੀ! ਹਜਾਰਾਂ ਸਿੱਖ ਸੰਗਤਾਂ ਦੀ ਸ਼ਹਾਦਤ ਨੇ ਇਸ ਹਫਤੇ ਨੂੰ ਉਹ ਸ਼ਹੀਦੀ ਹਫਤਾ ਬਣਾ ਦਿੱਤਾ ਜਿਸ ਦੀ ਚੀਸ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਦੇ ਸੀਨੇ ਵਿਚ ਉਠਦੀ ਰਹੇਗੀ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਭਾਰਤੀ ਫੌਜਾਂ ਦੇ ਟੈਕਾਂ, ਤੋਪਾਂ ਦੇ ਗੋਲਿਆਂ ਨਾਲ ਢਹਿ-ਢੇਰੀ ਹੋਣਾ, ਸੰਤ ਜਰਨੈਲ ਸਿੰਘ ਖ਼ਾਲਸਾ ਅਤੇ ਉਹਨਾਂ ਦੇ ਸਾਥੀਆਂ ਦੀ ਸ਼ਹਾਦਤ, ਹਜ਼ਾਰਾ ਬੇਦੋਸ਼ੀਆਂ ਸਿੱਖ ਸੰਗਤਾਂ ਦੇ ਭਿਆਨਕ ਦਰਦਨਾਕ ਕਤਲੇਆਮ ਨੇ ਇਸ ਜਾਲਮਾਨਾਂ ਵਰਤਾਰੇ ਨੂੰ ਸਾਕਾ ਸ੍ਰੀ ਦਰਬਾਰ ਸਾਹਿਬ ਬਣਾ ਦਿੱਤਾ। ਅਜਿਹੇ ਸਾਕੇ ਕੌਮੀ ਵਿਰਸੇ ਦਾ ਅੰਗ ਬਣ ਜਾਂਦੇ ਹਨ ਜੋ ਭੁੱਲਣਯੋਗ ਨਹੀਂ ਹੁੰਦੇ। ਇਹ ਸਿੱਖ ਕੌਮ ਨਾਲ ਅੱਜ ਦੇ ਜਾਗਰੂਕ ਅਤੇ ਵਿਕਸਤ ਯੁੱਗ ਵਿਚ ਵਾਪਰਿਆ ਬਹੁਤ ਵੱਡਾ ਘੱਲੂਘਾਰਾ ਸੀ।

PPN0606201504
ਅੱਜ ਲੋੜ ਹੈ ਸੁਘੜ ਪੰਥਕ ਹਿਤੈਸ਼ੀ ਮਿਲ ਬੈਠ ਕੇ ਵਰਤਮਾਨ ਢਾਂਚੇ ਦੀ ਡੂੰਘੀ ਘੋਖ-ਪੜਤਾਲ ਕਰਨ ਅਤੇ ਸੁਧਾਰ ਹਿਤ ਗੁਣਾਂ ਦੀ ਸਾਂਝ ਵਧਾਉਣ ਲਈ ਆਪਣੇ ਉਸਾਰੂ ਅਤੇ ਸੁਚਾਰੂ ਸੁਝਾਅ ਪੇਸ਼ ਕਰਨ।
ਖ਼ਾਲਸਾ ਜੀ! ਇਸੇ ਮਹੀਨੇ ਵਿਚ ਹੀ ਸਮੁੱਚਾ ਪੰਥ ਸ੍ਰੀ ਅਨੰਦਪੁਰ ਸਾਹਿਬ ਜੀ ਦੇ 350 ਸਾਲਾ ਸਥਾਪਨਾਂ ਦਿਵਸ ਨੂੰ ਉਤਸ਼ਾਹ ਨਾਲ ਮਨਾ ਰਿਹਾ ਹੈ। ਇਨਾਂ ਸਮਾਗਮਾਂ ਵਿਚ ਕੌਮ ਨੂੰ ਦਰਪੇਸ਼ ਇਨਾਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸਮੱਸਿਆਵਾਂ ਦਾ ਸਾਰਥਿਕ ਹੱਲ ਲੱਭਣ ਦਾ ਯਤਨ ਕਰੀਏ।
ਸਤਿਕਾਰਤ ਸ਼ਹੀਦਾਂ ਦੀ ਯਾਦ ਵਿਚ ਇਕੱਤਰ ਹੋਏ ਕੌਮੀ ਵਿਰਾਸਤ ਤੇ ਸ਼ਹੀਦਾਂ ਦੇ ਵਾਰਸੋ! ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕਰਦਿਆਂ ਕੁਝ ਅਹਿਮ ਫੈਸਲੇ ਤੇ ਪ੍ਰਣ ਕਰਨ ਦੀ ਮੁੱਖ ਲੋੜ ਹੈ ਜਿਵੇ:-

                 ਇਹ ਵੀ ਵੀਚਾਰਨ ਵਾਲੀ ਗੱਲ ਹੈ ਕਿ ਪਹਿਲਾਂ ਸਾਡੀ ਨੌਜਵਾਨ ਪੀੜੀ ਸਰਕਾਰੀ ਤੰਤਰ ਨੇ ਨਿਗਲ ਲਈ ਅਤੇ ਹੁਣ ਨਸ਼ਿਆਂ ਨੇ ਸਾਡੀ ਕੌਮ ਦੀ ਵੱਡੀ ਬਰਬਾਦੀ ਕੀਤੀ ਹੈ। ਅਸੀਂ ਲਾਮਬੰਦ ਹੋਈਏ, ਨਸ਼ਿਆਂ ਦੀ ਰੋਕਥਾਮ ਲਈ ਅਵਾਜ਼ ਬੁਲੰਦ ਕਰੀਏ, ਨਸ਼ਾ ਛੁਡਾਊ ਕੈਂਪਾਂ ਪ੍ਰਤੀ ਜਾਗ੍ਰਤੀ ਪੈਦਾ ਕਰੀਏ ਅਤੇ ਆਪਣੇ ਘਰਾਂ ਤੋਂ ਲੈ ਕੇ ਹਰ ਸਮਾਗਮਾਂ ਵਿਚ ਨਸ਼ਿਆਂ ਨੂੰ ਬੰਦ ਕਰਨ ਦਾ ਪ੍ਰਣ ਕਰੀਏ ਤਾਂ ਹੀ ਪੰਜਾਬ ਨਸ਼ਿਆਂ ਦੀ ਬਰਬਾਦੀ ਤੋਂ ਬਚ ਸਕਦਾ ਹੈ।
ਗੁਰਦੁਆਰਾ ਸਾਹਿਬਾਨ ਵਿਚ ਸਿੱਖ ਜਾਗ੍ਰਤੀ ਦੀ ਲਹਿਰ ਚਲਾਈਏ, ਛੋਟੇ-ਛੋਟੇ ਕੈਂਪ, ਗੁਰਬਾਣੀ ਸੰਥਿਆ ਅਤੇ ਸਿੱਖ ਇਤਿਹਾਸ ਤੇ ਫਲਸਫ਼ੇ ਨਾਲ ਜੋੜਨ ਲਈ ਸਕੂਲਾਂ, ਕਾਲਜਾਂ ਤੱਕ ਗੁਰਮਤਿ ਵਿਦਿਆ ਪ੍ਰਦਾਨ ਕਰਨ ਦਾ ਪ੍ਰਬੰਧ ਕਰੀਏ। ਇਸ ਵਿਚ ਹੀ ਪਤਿਤਪੁਣੇ ਦਾ ਹੱਲ ਹੈ। ਇਸ ਦੇ ਨਾਲ ਆਪੋ ਆਪਣੇ ਪਰਿਵਾਰਾਂ ਵਿਚ ਸਿੱਖੀ ਦੀ ਖੁਸ਼ਬੋ ਪੈਦਾ ਕਰੀਏ। ਇਸੇ ਤਰਾਂ ਧੀਆਂ ਦਾ ਸਤਿਕਾਰ ਕਰੀਏ ਤਾਂ ਭਰੂਣ ਹੱਤਿਆ ਵਰਗੀਆਂ ਅਲਾਮਤਾਂ ਕਿਧਰੇ ਨਹੀਂ ਰਹਿਣਗੀਆਂ।
ਖਾਲਸਾ ਪੰਥ ਇੱਕ ਬਾਗ ਦੀ ਨਿਆਈਂ ਹੈ। ਇਸ ਲਈ ਸਮੁੂੰਹ ਸੰਪਰਦਾਵਾਂ, ਟਕਸਾਲਾਂ, ਨਿਰਮਲੇ, ਉਦਾਸੀ, ਨਿਹੰਗ ਸਿੰਘ, ਸਟੱਡੀ ਸਰਕਲ, ਮਿਸ਼ਨਰੀ ਵੀਰ, ਸਿੰਘ ਸਭਾਵਾਂ, ਸਭਾ ਸੁਸਾਇਟੀਆਂ ਆਪਸੀ ਸਾਂਝ ਨੂੰ ਵਧਾਉਣ, ਤਾਂ ਹੀ ਅਸੀਂ ਪੰਥ ਦੋਖੀ ਸ਼ਕਤੀਆਂ, ਨਾਸਤਕਵਾਦੀ ਸੋਚ ਤੇ ਵਾਦ-ਵਿਵਾਦੀ ਮੁੱਦਿਆਂ ਤੋਂ ਉਪਰ ਉੱਠ ਕੇ ਆਪਣੇ ਧਰਮ ਲਈ ਉਸਾਰੂ ਕਾਰਜ ਕਰ ਸਕਦੇ ਹਾਂ।
ਇਸੇ ਤਰਾਂ ਜੋ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਅਜੇ ਵੀ ਜੇਲਾਂ ਵਿਚ ਬੰਦ ਹਨ, ਉਨਾਂ ਦੀ ਰਿਹਾਈ ਲਈ ਸਾਨੂੰ ਰਲ ਕੇ ਉਦਮ ਕਰਨਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਦਲਿਤ ਭਾਈਚਾਰਾ, ਵਣਜਾਰੇ ਤੇ ਸਿਕਲੀਗਰ ਸਿੱਖ ਭਾਈਚਾਰੇ ਲਈ ਵੀ ਹਰ ਪੱਖੋਂ ਮਦਦ ਕਰੀਏ ਤੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਪ੍ਰੇਰੀਏ, ਇਹ ਸਾਡੀ ਕੌਮੀ ਸ਼ਕਤੀ ਹੈ।
ਖ਼ਾਲਸਾ ਜੀ! ਇਹਨਾਂ ਸਾਰੇ ਮਸਲਿਆਂ ਦਾ ਮੁੱਖ ਹੱਲ -ਗੁਰੂ ਗ੍ਰੰਥ ਤੇ ਗੁਰੂ ਪੰਥ ਪ੍ਰਤੀ ਸਮਰਪਿਤ ਸੋਚ ਪੈਦਾ ਕਰਨਾ ਹੈ।ਜਿਸ ਨਾਲ ਨਸ਼ੇ, ਪਤਿਤਪੁਣਾ, ਭਰੂਣ ਹੱਤਿਆ, ਦੇਹਧਾਰੀ ਗੁਰੂ ਡੰਮ, ਪੰਥ ਦੋਖੀਆਂ ਦੀਆਂ ਚਾਲਾਂ ਤੇ ਹੋਰ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਬੁਰਾਈਆਂ ਸਭ ਦੂਰ ਹੋ ਜਾਣਗੀਆਂ। ਜੂਨ 1984 ਦਾ ਘੱਲੂਘਾਰਾ ਦਿਵਸ ‘ਤੇ ਸਮੂੰਹ ਸ਼ਹੀਦਾਂ ਦੀ ਯਾਦ ਨੂੰ ਆਪਣੇ ਸੀਨੇ ਵਿਚ ਵਸਾ ਕੇ ਆਪਣੇ ਅੰਦਰ ਕੌਮੀ ਸਵੈਮਾਣ ਦਾ ਜ਼ਜ਼ਬਾ ਪੈਦਾ ਕਰੀਏ। ਇਸ ਸੰਕਲਪ ਸਦਕਾ ਹੀ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਨਕਲਾਬੀ ਸਪਿਰਟ ਨੂੰ ਕਾਇਮ ਕੀਤਾ ਜਾ ਸਕਦਾ ਹੈ। ਅੰਤ ਸਮੂੰਹ ਸੰਗਤਾਂ ਦਾ ਧੰਨਵਾਦ ਕਰਦਾ ਹੋਇਆ ਦਾਸ ਫ਼ਤਹਿ ਬੁਲਾਉਂਦਾ ਹੈ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply