ਜੰਮੂ ਵਿੱਚ ਸਿੱਖ ਨੌਜਵਾਨ ਦੇ ਕਾਤਲ ਨੂੰ ਸਖ਼ਤ ਸਜ਼ਾ ਮਿਲੇ

ਅੰਮ੍ਰਿਤਸਰ, 6 ਜੂਨ (ਗੁਰਚਰਨ ਸਿੰਘ) – ਸਰਬੱਤ ਦਾ ਭਲਾ ਲੋਚਣ ਵਾਲੀ ਅਤੇ ਮਨੁੱਖਤਾ ਤੇ ਹੁੰਦੇ ਜੁਲਮਾਂ ਖਿਲਾਫ਼ ਡਟਣ ਅਤੇ ਆਪਾ ਕੁਰਬਾਨ ਕਰਨ ਵਾਲੀ ਸਿੱਖ ਕੌਮ ਆਪਣੇ ਧਾਰਮਿਕ ਮਾਮਲਿਆਂ ਵਿੱਚ ਕੋਈ ਵੀ ਬਾਹਰੀ ਦਖ਼ਲ ਬਰਦਾਸ਼ਤ ਨਹੀਂ ਕਰਦੀ।ਇਹ ਵਿਚਾਰ ਜੂਨ 84 ਦੇ ਸ਼ਹੀਦਾਂ ਦੀ ਯਾਦ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਮਨਾਏ ਜਾ ਰਹੇ ਸਮਾਗਮ ਵਿੱਚ ਸਾਥੀਆਂ ਸਮੇਤ ਸ਼ਾਮਿਲ ਹੋਣ ਆਏ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਮੌਜੂਦਾ ਸਮੇਂ ਕੌਮ ਦੇ ਮਹਾਨ ਸ਼ਹੀਦਾਂ ਦੇ ਬਾਰੇ ਕੀਤੀ ਜਾ ਰਹੀ ਅਪਮਾਨਜਨਕ ਕਾਰਵਾਈ ਖਿਲਾਫ਼ ਪ੍ਰਗਟ ਕੀਤੇ।ਭਾਈ ਗਰੇਵਾਲ ਨੇ ਕਿਹਾ ਕਿ ਸਿੱਖ ਕੌਮ ਦੀ ਇਹ ਪ੍ਰੰਪਰਾ ਰਹੀ ਹੈ ਕਿ ਉਹ ਗੁਰੂ ਸਾਹਿਬਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਕੌਮ ਦੇ ਮਹਾਨ ਸ਼ਹੀਦਾਂ ਦੇ ਸਤਿਕਾਰ ਵਿਚ ਕੋਈ ਵੀ ਕੁਤਾਹੀ ਜਾਂ ਕਿਸੇ ਵੀ ਤਰ੍ਹਾਂ ਦੀ ਸ਼ਰਾਰਤੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰਦੀ। ਹਮੇਸ਼ਾਂ ਉਸ ਦਾ ਮੂੰਹ ਤੋੜਵਾਂ ਜਵਾਬ ਦਿੰਦੀ ਰਹੀ ਹੈ ਅਤੇ ਅੱਜ ਵੀ ਦੇਣਾ ਜਾਣਦੀ ਹੈ।ਅੱਜ ਦੇ ਸਮੇਂ ਕੁੱਝ ਲੋਕ ਆਪਣੀ ਫੋਕੀ ਸ਼ੋਹਰਤ ਅਤੇ ਸਿੱਖ ਵਿਰੋਧੀ ਸ਼ਕਤੀਆਂ ਦੀ ਸ਼ਹਿ ‘ਤੇ ਘਿਨੌਣੀਆਂ ਹਰਕਤਾਂ ਵਿੱਚ ਰੁਝੇ ਹੋਏ ਹਨ ਜਿਨ੍ਹਾਂ ਨਾਲ ਪੰਜਾਬ ਦੇ ਮਾਹੌਲ ਅੰਦਰ ਅਸ਼ਾਂਤੀ ਅਤੇ ਭਾਈਚਾਰਕ ਸਾਂਝ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ ।ਪਰ ਫ਼ੈਡਰੇਸ਼ਨ ਦੇ ਵਰਕਰ ਇਨ੍ਹਾਂ ਸਾਜਿਸ਼ਾਂ ਨੂੰ ਕਦਾਚਿਤ ਬਰਦਾਸ਼ਤ ਨਹੀਂ ਕਰਨਗੇ ਅਤੇ ਇਸਦਾ ਮੂੰਹ ਤੋੜਵਾਂ ਜਵਾਬ ਦੇਣਗੇ।ਉਨ੍ਹਾਂ ਸਮੁੱਚੇ ਭਾਈਚਾਰੇ ਅਤੇ ਰਾਜਨੀਤਕ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਮੂੰਹ ਨਾ ਲਾਉਣ ਸਗੋਂ ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰਨ।ਫ਼ੈਡਰੇਸ਼ਨ ਆਗੂਆਂ ਨੇ ਜੰਮੂ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਿੱਖ ਨੌਜਵਾਨਾਂ ‘ਤੇ ਲਾਠੀਆਂ ਗੋਲੀਆਂ ਚਲਾਉਣ ਦਾ ਤਿੱਖਾ ਵਿਰੋਧ ਕੀਤਾ ਉੱਥੇ ਇਕ ਸਿੱਖ ਨੌਜਵਾਨ ਦੇ ਸ਼ਹੀਦ ਹੋਣ ਦੀ ਘਟਨਾ ਦੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਪ੍ਰਸ਼ਾਸਨ ਨੂੰ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਆਖਿਆ।
ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਫ਼ੈਡਰੇਸ਼ਨ ਆਗੂ ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਬਖਸ਼ ਸਿੰਘ ਖਾਲਸਾ, ਮੈਂਬਰ ਬਲਾਕ ਸੰਮਤੀ ਸੁਖਵਿੰਦਰ ਸਿੰਘ ਗਿੱਦੜਵਿੰਡੀ, ਮਨਜੀਤ ਸਿੰਘ ਅੰਮ੍ਰਿਤਸਰ, ਦਵਿੰਦਰ ਸਿੰਘ ਮਰਦਾਨਾ, ਸੁਖਦੀਪ ਸਿੰਘ ਸਿੱਧਵਾਂ, ਜ਼ਿਲਾ ਪ੍ਰਧਾਨ ਦਿਸ਼ਾਦੀਪ ਸਿੰਘ ਵਾਰਿਸ, ਕੰਵਲਜੀਤ ਸਿੰਘ ਲਾਲੀ, ਜ਼ਿਲਾ ਪ੍ਰਧਾਨ ਬਟਾਲਾ ਗੁਰਵਿੰਦਰ ਸਿੰਘ ਖਹਿਰਾ, ਜਗਵਿੰਦਰ ਸਿੰਘ ਲਾਡੀ, ਪ੍ਰਧਾਨ ਰਾਮ ਸਿੰਘ ਦੁਧਾਲਾ, ਅਜਮੇਰ ਸਿੰਘ ਭਾਰਾਪੁਰ, ਚੂਹੜ ਸਿੰਘ ਰਾਮਰਾਏਪੁਰ, ਪ੍ਰਭਜੀਤ ਸਿੰਘ ਕਾਹਲੋਂ, ਬਲਵਿੰਦਰ ਸਿੰਘ ਸੰਧੂ, ਸਰਵਣ ਸਿੰਘ ਮਾਹਲ, ਬਿਕਰਮ ਸਿੰਘ ਅੰਮ੍ਰਿਤਸਰ, ਭੁਪਿੰਦਰ ਸਿੰਘ, ਰਣਧੀਰ ਸਿੰਘ ਰਾਣਾ, ਮਨਜੋਤ ਸਿੰਘ ਬਾਜਵਾ, ਅੰਮ੍ਰਿਤਪਾਲ ਸਿੰਘ ਮਠਾੜੂ, ਸਨਦੀਪ ਸਿੰਘ ਚੀਮਾਂ, ਸੁਖਵਿੰਦਰ ਸਿੰਘ ਅੱਬੂਪੁਰਾ, ਮਨਜਿੰਦਰ ਸਿੰਘ ਚੀਮਨਾ ਆਦਿ ਹਾਜ਼ਰ ਸਨ।
Punjab Post Daily Online Newspaper & Print Media