
ਬਠਿਡਾ, 13 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿਘ ਕੈਂਥ)-ਸਿਹਤ ਵਿਭਾਗ ਪੰਜਾਬ ਅਤੇ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਸਥਾਨਕ ਨਰੂਆਣਾ ਰੋਡ ਤੇ ਸਥਿਤ ਮੰਦਿਰ ਵਿਖੇ ਨੈਸ਼ਨਲ ਅਰਬਨ ਹੈਲਥ ਮਿਸ਼ਨ ਤਹਿਤ ਗਰੀਬ ਔਰਤਾਂ ਅਤੇ ਬੱਚਿਆਂ ਦੀ ਸਿਹਤ ਜਾਂਚ ਲਈ ਮੁਫਤ ਆਊਟਰੀਚ ਮੈਡੀਕਲ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ ਨਰੂਆਣਾ ਰੋਡ, ਅਮਰਪੁਰਾ ਬਸਤੀ ਅਤੇ ਲਾਲ ਸਿੰਘ ਬਸਤੀ ਦੀ ਔਰਤਾਂ ਅਤੇ ਬੱਚਿਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮੁਫਤ ਸਿਹਤ ਚੈਕਅੱਪ ਦੇ ਨਾਲ ਲੈਬ ਟੈਸਟ ਕੀਤੇ ਗਏ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ ।
ਇਸ ਮੌਕੇ ਅਰਬਨ ਹੈਲਥ ਮਿਸ਼ਨ ਦੇ ਨੋਡਲ ਅਫਸਰ ਡਾ. ਪਾਮਿਲ ਬਾਂਸਲ ਨੇ ਗਰਭਵਤੀ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਰਭਵਤੀ ਔਰਤ ਨੂੰ ਘਰ ਵਿੱਚ ਜਣੇਪਾ ਕਰਵਾਉਣ ਦੀ ਥਾਂ ਹਸਪਤਾਲ ਵਿੱਚ ਜਣੇਪਾ ਕਰਵਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ, ਕਿਉਕਿ ਹਸਪਤਾਲ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਅਤੇ ਹੋਰ ਵਧੀਆ ਪ੍ਰਬੰਧ ਹੋਣ ਕਾਰਣ ਮਾਂ ਅਤੇ ਬੱਚੇ ਦੋਵਾਂ ਦੀ ਜਾਨ ਨੂੰ ਖਤਰਾ ਘੱਟ ਹੁੰਦਾ ਹੈ ।ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਹਸਪਤਾਲ ਵਿੱਚ ਔਰਤ ਦੇ ਗਰਭਧਾਰਨ ਤੋਂ ਲੈਕੇ ਜਣੇਪੇ ਤੱਕ ਸਾਰੀਆਂ ਸਹੁਲਤਾਂ ਮੁਫਤ ਦਿੱਤੀਆਂ ਜਾ ਰਹੀਆਂ ਹਨ, ਜਿਸ ਵਿੱਚ ਸਿਹਤ ਚੈਕਅੱਪ, ਸਾਰੀਆਂ ਦਵਾਈਆਂ, ਸਾਰੇ ਟੈਸਟ ਸਮੇਤ ਅਲਟਰਾਸਾਊਂਡ, ਘਰ ਤੋਂ ਲੈਕੇ ਜਾਣ ਲਈ 108 ਐਬੂਲੈਂਸ ਆਦਿ ਸਭ ਮੁਫਤ ਹਨ । ਸਰਕਾਰੀ ਹਸਪਤਾਲ ਵਿੱਚ ਸਾਧਾਰਣ ਜਾਂ ਅਪਰੇਸ਼ਨ ਨਾਲ ਜਣੇਪਾ ਹੋਣ ਦੀ ਵੀ ਕੋਈ ਫੀਸ ਨਹੀਂ ਲਈ ਜਾਂਦੀ, ਬਲਕਿ ਹਸਪਤਾਲ ਵਿੱਚ ਰਹਿਣ ਤੱਕ ਔਰਤ ਨੂੰ ਪੋਸ਼ਟਿਕ ਖਾਣਾ ਵੀ ਮੁਫਤ ਦਿੱਤਾ ਜਾਂਦਾ ਹੈ । ਡਾ. ਪਾਮਿਲ ਬਾਂਸਲ ਵੱਲੋਂ ਗਰਭਵਤੀ ਅੋਰਤਾਂ ਨੂੰ ਗਰਭ ਦੌਰਾਨ ਦਿੱਤੀ ਜਾਣ ਵਾਲੀ ਪੋਸ਼ਟਿਕ ਖੁਰਾਕ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ।ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਿੱਚ ਡਾ. ਸ਼ੈਲੀ (ਗਾਈਨੋਕੋਲੋਜਿਸਟ), ਡਾ. ਗੁਰਪ੍ਰੀਤ ਕੌਰ, ਰੁਪਿੰਦਰ ਕੌਰ ਸਟਾਫ ਨਰਸ, ਕਰਮਜੀਤ ਸਿੰਘ ਫਾਰਮਾਸਿਸਟ, ਰਾਜ ਰਾਣੀ ਏ.ਐਨ.ਐਮ., ਹਰਮਿੰਦਰ ਕੌਰ ਏ.ਐਨ.ਐਮ., ਲਖਵੀਰ ਸਿੰਘ ਅਤੇ ਰਮਨਦੀਪ ਸਿੰਘ ਲੈਬ ਟੈਕਨੀਸੀਅਨ ਵੀ ਮੌਜੂਦ ਸਨ ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media