ਸੂਸਾਈਡ ਨੋਟ ‘ਚ ਹਰਬੰਸ ਸਿੰਘ ਨੇ ਆਪਣੀ ਮੌਤ ਲਈ ਖੁਦ ਨੂੰ ਦੱਸਿਆ ਜਿੰਮੇਵਾਰ

ਬਠਿੰਡਾ, 13 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਬਰਨਾਲਾ ਬਾਈਪਾਸ ਤੇ ਸਥਿਤ ਹੋਟਲ ਹਾਈਵੇ ਇੰਨ ਦੇ ਕਮਰਾ ਨੰ:203 ਵਿੱਚ ਮਹਿਰਾਜ ਨਿਵਾਸੀ ਐਨ ਆਰ ਆਈ ਹਰਬੰਸ ਸਿੰਘ ਪੁੱਤਰ ਜਰਨੈਲ ਸਿੰਘ ਉਮਰ 40 ਸਾਲ ਨੇ ਪੱਖੇ ਨਾਲ ਫਾਹਾ ਲੈਕੇ ਆਤਮ ਹੱਤਿਆ ਕਰ ਲਈ ਜਿਸ ਦਾ ਪਤਾ ਅੱਜ ਸਵੇਰੇ ਮ੍ਰਿਤਕ ਦੇ ਕਿਸੇ ਰਿਸ਼ਤੇਦਾਰ ਦੇ ਮਿਲਣ ਆਉਣ ਮੌਕੇ ਕਮਰੇ ਦਾ ਦਰਵਾਜਾ ਖੜਕਾਉਣ ਤੇ ਨਾ ਖੋਲ੍ਹਣ ਤੋਂ ਹੋਟਲ ਦੇ ਕਰਿੰਦਿਆਂ ਵੱਲੌਂ ਦਰਵਾਜਾ ਖੋਲ੍ਹਣ ਤੇ ਲੱਗਿਆ ਲਾਸ਼ ਪੱਖੇ ਨਾਲ ਲਟਕ ਰਹੀ ਸੀ।ਘਟਨਾ ਦੀ ਸੂਚਨਾ ਤੁਰੰਤ ਥਾਣਾ ਸਿਵਲ ਲਾਈਨ ਨੂੰ ਦਿੱਤੀ ਗਈ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੂੰ ਮ੍ਰਿਤਕ ਦੀ ਤਲਾਸ਼ੀ ਦੌਰਾਨ ਚਾਰ ਪੇਜ਼ਾਂ ਦਾ ਸੂਸਾਈਡ ਨੋਟ ਮਿਲਿਆ ਜਿਸ ਵਿੱਚ ਮ੍ਰਿਤਕ ਹਰਬੰਸ ਸਿੰਘ ਨੇ ਆਪਣੀ ਮੌਤ ਲਈ ਖੁਦ ਨੂੰ ਜਿੰਮੇਵਾਰ ਦੱਸਿਆ ਤੇ ਪੁਲਿਸ ਤੋਂ ਮੰਗ ਕੀਤੀ ਕਿ ਆਤਮ ਹੱਤਿਆ ਲਈ ਉਸਦੇ ਕਿਸੇ ਵੀ ਰਿਸ਼ਤੇਦਾਰ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ।
ਆਤਮ ਹੱਤਿਆ ਕਰਨ ਦੇ ਕਾਰਨ ਬਾਰੇ ਦੱਸਦਿਆਂ ਹਰਬੰਸ ਸਿੰਘ ਨੇ ਲਿਖਿਆ ਹੈ ਉਹ ਆਪਣੇ ਪਰਿਵਾਰ ਨੂੰ ਛੱਡ ਕੇ ਵਿਦੇਸ਼ ਇੱਕਲਾ ਨਹੀਂ ਰਹਿ ਸਕਦਾ ਜਿਸ ਕਰਕੇ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹੈ। ਉਕਤ ਐਨ ਆਰ ਆਈ ਨੇ ਆਈਜੀ, ਡੀਆਈਜੀ, ਐਸਐਸਪੀ ਅਤੇ ਐਸਐਚਓ ਦੇ ਨਾਮ ਲਿਖੇ ਖਤ ਵਿੱਚ ਇਹ ਵੀ ਦੱਸਿਆ ਕਿ ਉਹ 1998 ਵਿੱਚ ਇੰਗਲੈਂਡ ਚਲਾ ਗਿਆ ਜਿੱਥੇ ਉਹ ਸਾਲ 2014 ਵਿੱਚ ਇੰਗਲੈਂਡ ਦਾ ਪੱਕਾ ਨਿਵਾਸੀ ਬਣ ਗਿਆ। 4 ਮਈ 2014 ਨੂੰ ਉਸਦਾ ਵਿਆਹ ਹਰਚਰਨ ਕੌਰ ਪੁੱਤਰੀ ਮਾ. ਨੇਕ ਸਿੰਘ ਨਿਵਾਸੀ ਕੈਰੋ ਜਿਲ੍ਹਾ ਬਰਨਾਲਾ ਦੇ ਨਾਲ ਹੋਇਆ ਤੇ 20 ਦਿਨ ਪਹਿਲਾਂ ਉਸਦੇ ਘਰ ਬੇਟੇ ਹਸਨਦੀਪ ਸਿੰਘ ਨੇ ਜਨਮ ਲਿਆ।ਮ੍ਰਿਤਕ ਨੇ ਆਪਣੇ ਸੂਸਾਈਡ ਨੋਟ ਵਿੱਚ ਜਿੱਥੇ ਪਤਨੀ ਦੇ ਨਾਮ ਸੰਦੇਸ਼ ਲਿਖਦਿਆਂ ਆਪਣੇ ਪੁੱਤਰ ਨੂੰ ਚੰਗਾ ਇਨਸਾਨ ਬਨਾਉਣ ਦੀ ਮੰਗ ਕੀਤੀ ਉਥੇ ਹੀ ਆਪਣੀ ਜਾਇਦਾਦ ਦਾ ਅੱਧਾ ਹਿੱਸਾ ਪਤਨੀ ਦੇ ਨਾਂ, ਅੱਧਾ ਬੇਟੇ ਦੇ ਨਾਂ ਅਤੇ ਕੁੱਝ ਹਿੱਸਾ ਆਪਣੇ ਛੋਟੇ ਭਰਾ ਹਰਪ੍ਰੀਤ ਦੇ ਨਾਮ ਕਰਨ ਦੀ ਵੀ ਗੱਲ ਲਿਖੀ। ਥਾਣਾ ਥਰਮਲ ਵੱਲੋਂ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ ਇਸ ਘਟਨਾ ਨਾਲ ਮਹਿਰਾਜ ਪਿੰਡ ਵਿੱਚ ਸ਼ੋਗ ਦੀ ਲਹਿਰ ਪਾਈ ਜਾ ਰਹੀ ਹੈ। ਹੌਲਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਬੰਸ ਸਿੰਘ 11 ਜੂਨ ਨੂੰ ਅੰਮ੍ਰਿਤਸਰ ਵਿਖੇ ਗਿਆ ਸੀ ਤੇ ਦੇਰ ਰਾਤ ਵਾਪਸ ਆਕੇ ਉਸਨੇ ਉਕਤ ਕਮਰਾ ਕਿਰਾਏ ਤੇ ਲਿਆ ਸੀ ਤੇ 15 ਜੂਨ ਨੂੰ ਵਾਪਸ ਇੰਗਲੈਂਡ ਜਾਣਾ ਸੀ।
Punjab Post Daily Online Newspaper & Print Media