ਅੰਮ੍ਰਿਤਸਰ, 15 ਜੂਨ (ਗੁਰਪ੍ਰੀਤ ਸਿੰਘ) – ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪਿੰਡ ਬੰਗੀ ਕਲਾਂ ਬਾਬਾ ਪ੍ਰੇਮ ਦਾਸ ਦੇ ਡੇਰੇ ਵਿਚ ਵਾਪਰੀ ਮੰਦਭਾਗੀ ਘਟਨਾ, ਜਿਸ ਵਿਚ 11 ਪਾਵਨ ਸਰੂਪ ਅਗਨ ਭੇਂਟ ਹੋ ਗਏ ਹਨ ਨੂੰ ਇਕ ਚਿੰਤਾ ਦਾ ਵਿਸ਼ਾ ਦੱਸਿਆ ਹੈ। ਉਨਾਂ ਕਿਹਾ ਕਿ ਆਏ ਦਿਨ ਪਾਵਨ ਸਰੂਪ ਅਗਨ ਭੇਂਟ ਹੋਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਨਾਲ ਸਿੱਖ ਪੰਥ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।
ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਕਦੇ ਮੰਦਰ ਜਾਂ ਗਿਰਜ਼ਾਘਰ ਜਾਂ ਪ੍ਰਬੰਧਕਾਂ ਦੇ ਆਪਣੇ ਘਰਾਂ ਵਿਚ ਜਾਂ ਗ੍ਰੰਥੀ ਦੇ ਨਿਜੀ ਕਮਰੇ ਵਿਚ ਕਦੀ ਵੀ ਸਰਕਟ-ਸ਼ਾਟ ਨਹੀਂ ਹੋਇਆ, ਕੇਵਲ ਗੁਰੂ ਘਰਾਂ ਵਿਚ ਹੀ ਕਿਉਂ ਹੁੰਦਾ ਹੈ?
ਸਿੰਘ ਸਾਹਿਬ ਜੀ ਨੇ ਇਸ ਘਟਨਾਂ ਦੀ ਪੁਰਜੋਰ ਨਿੰਦਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਬੰਧੀ ਡੂੰਘੀ ਘੋਖ ਪੜਤਾਲ ਕੀਤੀ ਜਾਵੇ ਕਿ ਕੇਵਲ ਗੁਰੂ-ਘਰਾਂ ਵਿਚ ਹੀ ਸਰਕਟ-ਸ਼ਾਟ ਕਿਉਂ ਹੁੰਦੇ ਹਨ। ਜਦੋਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੰਗਤਾਂ ਨੂੰ ਆਦੇਸ਼ ਕੀਤਾ ਗਿਆ ਹੈ ਕਿ ਹਰ ਗੁਰੂ ਘਰ ਵਿਚ ਪਹਿਰਾ ਹੋਣਾ ਚਾਹੀਦਾ ਹੈ। ਗ੍ਰੰਥੀ ਜਾਂ ਸੇਵਾਦਾਰ ਗੁਰੂ ਘਰ ਵਿਚ ਜਰੂਰ ਹਾਜ਼ਰ ਰਹਿਣ ਪ੍ਰੰਤੂ ਇਸ ਪੁਰ ਕੋਈ ਅਸਰ ਨਹੀਂ ਹੋਇਆ। ਸਗੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ।
ਸਿੰਘ ਸਾਹਿਬ ਜੀ ਨੇ ਸਖ਼ਤੀ ਨਾਲ ਬੋਲਦਿਆਂ ਕਿਹਾ ਕਿ ਸਾਰੇ ਗੁਰੂ ਘਰਾਂ ਨੂੰ 15 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਕਿ ਗੁਰੂ ਘਰਾਂ ਵਿਚ ਪੱਕੇ ਪਹਿਰੇਦਾਰ ਦਾ ਪ੍ਰਬੰਧ ਗੁਰੂ ਘਰਾਂ ਦੀਆਂ ਕਮੇਟੀਆਂ ਵੱਲੋਂ ਕੀਤਾ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਇੱਕ ਇਸ ਤਰ੍ਹਾਂ ਦਾ ਉਡਣ ਦਸਤਾ ਕਾਇਮ ਕਰਨ ਜੋ ਗੁਰੂ ਘਰਾਂ ਵਿਚ ਜਾ ਕੇ ਇਸ ਸਬੰਧੀ ਛਾਪੇਮਾਰੀ ਕਰੇ ਕਿ ਗੁਰਦੁਆਰਾ ਸਾਹਿਬ ਵਿਖੇ ਕੋਈ ਪਹਿਰੇਦਾਰ ਹੈ ਜਾਂ ਨਹੀਂ ਅਤੇ ਜੋ ਗੁਰਦੁਆਰਾ ਕਮੇਟੀ ਦੋਸ਼ੀ ਪਾਈ ਜਾਵੇ ਉਨ੍ਹਾਂ ਉਪਰ ਸਖ਼ਤੀ ਨਾਲ ਸ਼੍ਰੋਮਣੀ ਕਮੇਟੀ ਆਪ ਕਾਰਵਾਈ ਕਰੇ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media