Wednesday, October 14, 2026

ਆਈ. ਆਈ. ਐਮ ਗੁਰੂ ਨਗਰੀ ਵਿੱਚ ਸਥਾਪਿਤ ਕਰਨ ‘ਤੇ ਸ: ਛੀਨਾ ਨੇ ਜੇਤਲੀ ਤੇ ਬਾਦਲ ਦਾ ਕੀਤਾ ਧੰਨਵਾਦ

ਇਲਾਕਾ ਨਿਵਾਸੀਆਂ ਲਈ ਆਈ. ਆਈ. ਐਮ. ਹੋਵੇਗੀ ਸੰਜੀਵਨੀ ਬੂਟੀ – ਸ: ਛੀਨਾ

Rajinder Mohan Singh Chhina

ਅੰਮ੍ਰਿਤਸਰ, 19 ਜੂਨ (ਪ੍ਰੀਤਮ ਸਿੰਘ) – ਗੁਰੂ ਨਗਰੀ ਦੇ ਸਥਾਨਕ ਮਾਨਾਂਵਾਲਾ ਵਿੱਚ ਭਾਰਤੀ ਇੰਸਟੀਚਿਊਟ ਆਫ਼ ਮੈਨੇਜ਼ਮੈਂਟ (ਆਈ. ਆਈ. ਐੱਮ.) ਦੀ ਸਥਾਪਨਾ ਕੀਤੇ ਜਾਣ ‘ਤੇ ਅੱਜ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਅਤੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਇਸ ਕੇਂਦਰੀ ਉੱਚ ਵਿੱਦਿਅਕ ਸੰਸਥਾ ਦੇ ਖੋਲ੍ਹਣ ਨਾਲ ਇਲਾਕੇ ਦੇ ਵਿਕਾਸ ਨੂੰ ਇਕ ਨਵੀਂ ਦਿਸ਼ਾ ਮਿਲੇਗੀ।
ਸ: ਛੀਨਾ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਲਈ ਆਈ. ਆਈ. ਐੱਮ. ਸੰਜੀਵਨੀ ਬੂਟੀ ਵਾਂਗੂੰ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਸ੍ਰੀ ਜੇਤਲੀ ਨੇ ਆਈ. ਆਈ. ਐੱਮ. ਦੇ ਪ੍ਰਸਤਾਵ ਨੂੰ ਕੇਂਦਰੀ ਬਜ਼ਟ ਵਿੱਚ ਰੱਖਿਆ ਸੀ, ਪਰ ਪਿਛਲੇ ਕੁਝ ਸਮੇਂ ਤੋਂ ਇਸ ਉੱਚ ਪੱਧਰੀ ਵਿੱਦਿਅਕ ਸੰਸਥਾ ਦੀ ਸਥਾਪਨਾ ਨੂੰ ਲੈ ਕੇ ਭਰਮ-ਭੁਲੇਖੇ ਸਾਹਮਣੇ ਆ ਰਹੇ ਸਨ। ਉਨ੍ਹਾਂ ਕਿਹਾ ਕਿ ਸ: ਬਾਦਲ ਦੀ ਸੂਬਾ ਸਰਕਾਰ ਨੇ ਸਹੀ ਸਮੇਂ ‘ਤੇ ਇਸ ਪ੍ਰੋਜੈਕਟ ਲਈ ਲੋੜੀਂਦੀ ਜ਼ਮੀਨ ਹਾਸਲ ਕਰਵਾਕੇ ਸਹੀ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਆਉਣ ਵਾਲੇ ਵਿੱਦਿਅਕ ਸ਼ੈਸ਼ਨ ਤੋਂ ਆਈ. ਆਈ. ਐੱਮ. ਕਲਾਸਾਂ ਦੀ ਸ਼ੁਰੂਆਤ ਹੋ ਰਹੀ ਹੈ।
ਵਰਨਣਯੋਗ ਹੈ ਕਿ ਸ: ਛੀਨਾ ਨੇ ਪਿਛਲੇ ਦਿਨੀਂ ਇਸ ਪ੍ਰੋਜੈਕਟ ਲਈ ਜ਼ਮੀਨ ਹਾਸਲ ਕਰਨ ਵਿੱਚ ਆ ਰਹੀਆਂ ਮੁਸ਼ਕਿਲਾਂ ‘ਤੇ ਟਿੱਪਣੀ ਕਰਦਿਆਂ ਇਸਨੂੰ ਸ਼ਹਿਰ ਤੋਂ ਬਾਹਰ ਕਿਸੇ ਦੂਸਰੇ ਸਥਾਨ ‘ਤੇ ਸਥਾਪਿਤ ਕਰਨ ਦਾ ਪੁਰਜ਼ੋਰ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਉਪਰੋਕਤ ਪ੍ਰੋਜੈਕਟ ਦੇ ਸਥਾਪਿਤ ਹੋਣ ਨਾਲ ਗੁਰੂ ਨਗਰੀ ਵਿੱਦਿਅਕ ਹੱਬ ਦੇ ਤੌਰ ‘ਤੇ ਸੂਬੇ ਵਿੱਚ ਇਕ ਅਗਾਂਹਵਧੂ ਕੇਂਦਰ ਵਜੋਂ ਉਭਰੇਗਾ। ਉਨ੍ਹਾਂ ਕਿਹਾ ਕਿ ਇਸ ਸਰਹੱਦੀ ਖ਼ੇਤਰ ਵਿੱਚ ਕੋਈ ਵੀ ਰਾਸ਼ਟਰੀ ਪੱਧਰ ਦੀ ਵਿੱਦਿਅਕ ਸੰਸਥਾ ਉਪਲਬੱਧ ਨਹੀਂ ਹੈ ਅਤੇ ਪਹਿਲਾ ਇਕ ਕੇਂਦਰੀ ਯੂਨੀਵਰਸਿਟੀ ਨੂੰ ਇੱਥੋਂ ਬਦਲਕੇ ਬਠਿੰਡਾ ਵਿਖੇ ਉਸਾਰਿਆ ਗਿਆ, ਜਿਸ ਦੀ ਵਿਆਪਕ ਪੱਧਰ ‘ਤੇ ਵਿਰੋਧਤਾ ਵੀ ਹੋਈ ਸੀ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply