
ਖਾਲੜਾ, 28 ਜੂਨ (ਰਣਬੀਰ ਸਿੰਘ ਰਿੰਪਲ, ਲਖਵਿੰਦਰ ਸਿੰਘ ਗੋਲਣ, ਹਰਦਿਆਲ ਸਿੰਘ ਭੈਣੀ) ਅੱਜ ਸਥਿਤੀ ਉਸ ਵਕਤ ਹਾਸੋਹੀਣੀ ਹੋ ਗਈ ਜਦੋਂ ਸਤਿਕਾਰ ਕਮੇਟੀ ਦੇ ਸਿੰਘਾਂ ਦੇ ਆਉਣ ਦੀ ਸੂਚਨਾ ਪ੍ਰਾਪਤ ਹੋਣ ‘ਤੇ ਪਾਖੰਡੀ ਬਾਬਾ ਸੰਗਤਾਂ ਨੂੰ ਰੱਬ ਆਸਰੇ ਛੱਡ ਕੇ ਫਰਾਰ ਹੋ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸਰਕਲ ਪ੍ਰਧਾਨ ਭਾਈ ਚਾਨਣ ਸਿੰਘ ਦਰਾਜਕੇ, ਧਰਮ ਪ੍ਰਚਾਰ ਕਮੇਟੀ ਦੇ ਭਾਈ ਜਸਬੀਰ ਸਿੰਘ ਖਾਲਸਾ ਅਤੇ ਭਾਈ ਰਣਜੀਤ ਸਿੰਘ ਖਾਲਸਾ ਉਧੋਕੇ ਨੇ ਦੱੱਸਿਆ ਕਿ ਉਨਾਂ ਨੂੰ ਪਿਛਲੇ ਕੁੱਝ ਦਿਨਾਂ ਤੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਪਿੰਡ ਅਮਰਕੋਟ ਦੇ ਨੇੜੇ ਪੈਂਦੇ ਪਿੰਡ ਕਲੰਜਰ ਵਿੱਚ ਇੱਕ ਪਾਖੰਡੀ ਬਾਬਾ ਜਿਸ ਦਾ ਨਾਮ ਸਵਰਨ ਸਿੰਘ ਦੋਧੀ ਹੈ, ਆਪਣੇ ਘਰ ਦੇ ਚੁਬਾਰੇ ਉਪਰ ਗੱਦੀ ਲਗਾ ਕੇ ਲੋਕਾਂ ਨੂੰ ਵਹਿਮਾਂ-ਭਰਮਾਂ ਵਿੱਚ ਪਾਉਂਦਾ ਹੈ, ਇਥੋ ਤੱਕ ਕਿ ਉਹ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਧਾਗੇ-ਤਵੀਤ, ਫੂਕਾਂ ਮਾਰਨੀਆਂ ਅਤੇ ਜੰਤਰ-ਮੰਤਰ ਕਰਕੇ ਦੇਣ ਤੋਂ ਇਲਾਵਾ ਕਹਿੰਦਾ ਸੀ ਕਿ ਮੇਰੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਭਾਈ ਲਖੀਆ ਜੀ ਦਾ ਪਹਿਰਾ ਆਉਂਦਾ ਹੈ।ਜੋ ਕਿ ਇੱਕ ਗੁਰਸਿੱਖ ਲਈ ਨਾ ਮੰਨਣਯੋਗ ਸੀ ਤੇ ਨਾਲ ਹੀ ਇਹ ਸਾਰਾ ਪਾਖੰਡ ਗੁਰਮਿਤ ਦੇ ਬਿਲਕੁੱਲ ਹੀ ਉਲਟ ਸੀ।ਉਕਤ ਸਿੰਘਾਂ ਨੇ ਦੱਸਿਆ ਕਿ ਜਦ ਉਹ ਪਿੰਡ ਕਲੰਜਰ ਵਿਖੇ ਪੁੱਜੇ ਤਾਂ ਜਥੇਬੰਦੀਆਂ ਦੇ ਆਉਣ ਦੀ ਸੂਚਨਾ ਮਿਲਦੇ ਸਾਰ ਹੀ ਬਾਬਾ ਉਥੋਂ ਰਫੂ-ਚੱਕਰ ਹੋ ਗਿਆ।
ਕੁੱਝ ਲੋਕਾਂ ਨੇ ਦੱਸਿਆ ਕਿ ਬਾਬਾ ਸਿੰਘਾਂ ਨੂੰ ਵੇਖ ਕੇ ਖੇਤਾਂ ਦੇ ਵਾਹਨਾਂ ਵਿਚੋਂ ਦੀ ਭੱਜ ਗਿਆ ਹੈ, ਜਦ ਕਿ ਬਾਬੇ ਨੂੰ ਮੱਥਾ ਟੇਕਣ ਆਈਆਂ ਸੰਗਤਾਂ ਜਿਹਨਾਂ ਨੂੰ ਬਾਬੇ ਨੇ ਗੁੰਮਰਾਹ ਕੀਤਾ ਸੀ, ਉਹ ਵੀ ਕਿਸੇ ਰਿਸ਼ਤੇਦਾਰ ਘਰ ਆਉਣ ਦਾ ਬਹਾਨਾ ਮਾਰ ਕੇ ਆਸੇ ਪਾਸੇ ਹੋ ਗਈਆਂ।ਇਸ ਸਮੇਂ ਕੁੱਝ ਸੂਝਵਾਨ ਲੋਕਾਂ ਨੇ ਜਥੇਬੰਦੀਆਂ ਦੇ ਸਿੰਘਾਂ ਨੂੰ ਪਾਖੰਡੀ ਬਾਬੇ ਦੀਆਂ ਕਰਤੂਤਾਂ ਬਾਰੇ ਵੀ ਦੱਸਿਆ।ਇਸ ਮੌਕੇ ਭਾਈ ਬਲਜਿੰਦਰ ਸਿੰਘ ਨੂਰਦੀ, ਭਾਈ ਦਿਲਬਾਗ ਸਿੰਘ ਕਥਾਵਾਚਕ, ਭਾਈ ਸੂਬਾ ਸਿੰਘ ਤੇ ਭਾਈ ਗੁਰਦੀਪ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media