Saturday, July 18, 2026

ਗਜਲ਼ਗੋ ਖੁਸ਼ਵੰਤ ਕੰਵਲ ਦੀ ਯਾਦ ਵਿੱਚ ਹੋਇਆ ਸੋਗ ਸਮਾਗਮ

ਖੁਸ਼ਵੰਤ ਕੰਵਲ ਦੀ ਚੋਣਵੀਂ ਸ਼ਾਇਰੀ ਸੰਪਾਦਿਤ ਕਰੇਗਾ ਵਿਰਸਾ ਵਿਹਾਰ

PPN2906201506

ਅੰਮ੍ਰਿਤਸਰ, 29 ਜੂਨ (ਗੁਰਚਰਨ ਸਿੰਘ) – ਪੰਜਾਬੀ ਜੁਬਾਨ ਦੇ ਨਾਮਵਰ ਗਜ਼ਲਗੋ ਸ੍ਰੀ ਖੁਸ਼ਵੰਤ ਕੰਵਲ ਜਿਹੜੇ ਪਿਛਲੇ ਦਿਨੀਂ ਚਲ ਵਸੇ ਸਨ, ਉਨ੍ਹਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਸੋਗ ਸਮਾਗਮ ਵਿਰਸਾ ਵਿਹਾਰ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਕਥਾਕਾਰ ਦੀਪ ਦਵਿੰਦਰ ਸਿੰਘ ਨੇ ਮੰਚ ਸੰਚਾਲਣ ਕਰਦਿਆਂ ਸ੍ਰੀ ਕੰਵਲ ਦੀਆਂ ਪੁਸਤਕਾਂ ‘ਸੋਚਾਂ ਤੇ ਸੁਪਨੇ’, ‘ਕਾਮਨਾ’, ‘ਆਪਣਾ ਸ਼ਹਿਰ ਪਰਾਈਆਂ ਰੁੰਤਾਂ’, ‘ਧੁੱਪ ਦੀ ਕਾਤਰ’, ‘ਅਲਵਿਦਾ ਤੋਂ ਪਹਿਲਾਂ’, ਅਤੇ ‘ਨਕਸ਼ ਪੌਣਾਂ ਸੰਭਾਲੇ’ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਸ੍ਰੀ ਕੰਵਲ ਪੰਜਾਬੀ ਸ਼ਾਇਰੀ ਵਿੱਚ ਵੱਖਰੇ ਮੁਹਾਂਦਰੇ ਵਾਲਾ ਸ਼ਾਇਰ ਸੀ। ਸ੍ਰੀ ਕੇਵਲ ਧਾਲੀਵਾਲ ਨੇ ਖੁਸ਼ਵੰਤ ਕੰਵਲ ਹੋਰਾਂ ਦੇ ਸੰਘਰਸ਼ਮਈ ਜੀਵਨ ਦੇ ਹਵਾਲੇ ਨਾਲ ਦੱਸਿਆ ਕਿ ਕੰਵਲ ਦੀ ਸ਼ਾਇਰੀ ਅਤੇ ਸਖਸ਼ੀਅਤ ਦੀ ਕਦਰ ਕਰਦਿਆਂ ਵਿਰਸਾ ਵਿਹਾਰ ਸੋਸਾਇਟੀ ਨੇ ਉਨ੍ਹਾਂ ਦੀ ਆਰਥਿਕ ਮਦਦ ਵੀ ਕੀਤੀ ਸੀ ਅਤੇ ਉਨ੍ਹਾਂ ਦੀਆਂ ਸਮੁੱਚੀਆਂ ਗਜ਼ਲਾਂ ਨੂੰ ਇੱਕ ਥਾਂ ਤੇ ਛਾਪਣ ਦਾ ਉਪਰਾਲਾ ਵੀ ਕੀਤਾ ਸੀ।ਨਿਰਮਲ ਅਰਪਣ, ਅਜਾਇਬ ਸਿੰਘ ਹੁੰਦਲ, ਸੁਲੱਖਣ ਸਰਹੱਦੀ, ਹਰਭਜਨ ਖੇਮਕਰਨੀ, ਸ਼ੈਲਿੰਦਰਜੀਤ ਰਾਜਨ, ਭੁਪਿੰਦਰ ਸਿੰਘ ਸੰਧੂ ਅਤੇ ਜਗਜੀਤ ਸੱਚਦੇਵਾ ਆਦਿ ਵਿਦਵਾਨਾਂ ਨੇ ਖੁਸ਼ਵੰਤ ਕੰਵਲ ਨਾਲ ਆਪਣੀ ਸਾਂਝ ਦੀ ਗੱਲ ਕਰਦਿਆਂ ਦੱਸਿਆ ਕਿ ਖੁਸ਼ਵੰਤ ਕੰਵਲ ਨੇ ਸ਼ਾਇਰੀ ਦੇ ਖੇਤਰ ਵਿੱਚ ਬੇਸ਼ੁਮਾਰ ਤਰੱਕੀ ਕੀਤੀ।ਆਪਣੀ ਸ਼ਾਇਰੀ ਰਾਹੀਂ ਥੁੜਿਆਂ-ਟੁੱਟਿਆਂ ਅਤੇ ਅਣਗੋਲਿਆਂ ਦੇ ਹੱਕ ਵਿੱਚ ਭੁਗਤਣ ਵਾਲਾ ਖੁਸ਼ਵੰਤ ਕੰਵਲ ਖੁਦ ਜਿੰਦਗੀ ਹੱਥੋਂ ਥੁੜਿਆ-ਟੁੱਟਿਆ ਰਿਹਾ ਅਤੇ ਉੱਚ ਪਾਏ ਦੀ ਸ਼ਾਇਰੀ ਰਚਨ ਵਾਲਾ ਸਮਰੱਥ ਸ਼ਾਇਰ ਵਿਕਾਰੀ ਇਨਾਮਾਂ ਸਨਮਾਨਾਂ ਵੱਲੋਂ ਅਣਗੋਲਿਆ ਰਿਹਾ। ਇਸ ਸਮੇਂ ਵਿਰਸਾ ਵਿਹਾਰ ਸੋਸਾਇਟੀ ਵੱਲੋਂ ਖੁਸ਼ਵੰਤ ਕੰਵਲ ਦੀ ਚੋਣਵੀਂ ਸ਼ਾਇਰੀ ਨੂੰ ਸੰਪਾਦਿਤ ਕਰਨ ਦਾ ਨਿਰਣਾ ਵੀ ਲਿਆ।
ਹੋਰਨਾਂ ਤੋਂ ਇਲਾਵਾ ਸਰਬਜੀਤ ਸੰਧੂ, ਮਨਵਿੰਦਰ, ਕਲਿਆਣ ਅੰਮ੍ਰਿਤਸਰੀ, ਹਜ਼ਾਰਾ ਸਿੰਘ ਚੀਮਾ, ਭੁਪਿੰਦਰ ਸਿੰਘ ਮੱਟੂ, ਟੀ.ਐਸ. ਰਾਜਾ, ਸੁਮੀਤ ਸਿੰਘ, ਹਰਜੀਤ ਸੰਧੂ, ਸੁਖਬੀਰ ਅੰਮ੍ਰਿਤਸਰੀ, ਜਤਿੰਦਰ ਔਲਖ, ਅਰਤਿੰਦਰ ਸੰਧੂ, ਰਾਜ ਖੁਸ਼ਵੰਤ ਸਿੰਘ ਸੰਧੂ, ਜਗਤਾਰ ਗਿੱਲ, ਮੁਖਤਾਰ ਗਿੱਲ, ਬਲਵਿੰਦਰ ਝਬਾਲ, ਡਾ. ਮੋਹਨ, ਨਵਤੇਜ ਸਿੰਘ, ਇੰਦਰ ਮੋਹਨ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤਕਾਰ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …

Leave a Reply