Friday, March 13, 2026

ਦਿੱਲੀ ਕਮੇਟੀ ਵਲੋਂ ਵਿਦੇਸ਼ੀ ਸਿੱਖਾਂ ਦੀਆਂ ਮੁਸ਼ਕਲਾਂ ਜਾਨਣ ਵੱਲ ਵਧਾਏ ਕਦਮ ਦਾ ਸਵਾਗਤ-ਰਾਣਾ

Paramjit Singh Rana

ਨਵੀਂ ਦਿੱਲੀ, 29 ਜੂਨ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲੀ ਵਾਰ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਨਾਲ ਸਿੱਧਾ ਸੰਪਰਕ ਕਰ, ਉਨ੍ਹਾਂ ਦੀਆਂ ਭਾਵਨਾਵਾਂ ਸਮਝਣ, ਸਮਸਿਆਵਾਂ ਅਤੇ ਮੁਸ਼ਕਲਾਂ ਨੂੰ ਜਾਨਣ ਦੇ ਨਾਲ ਹੀ ਉਨ੍ਹਾਂ ਦੇ ਹੱਲ ਵਿੱਚ ਸਹਿਯੋਗ ਕਰਨ ਵਲ ਜੋ ਕਦਮ ਵਧਾਇਆ ਹੈ, ਉਸ ਦਾ ਵਿਦੇਸ਼ੀਂ ਵੱਸਦੇ ਸਿੱਖਾਂ ਵਲੋਂ ਹਾਰਦਿਕ ਸੁਆਗਤ ਕੀਤਾ ਜਾ ਰਿਹਾ ਹੈ।ਇਹ ਦਾਅਵਾ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰ. ਕਮੇਟੀ) ਨੇ ਕਨੇਡਾ ਯਾਤਰਾ ਤੋਂ ਵਾਪਸੀ ਤੇ ਜਾਰੀ ਕੀਤੇ ਇੱਕ ਬਿਆਨ ਵਿੱਚ ਕੀਤਾ।
ਸ. ਰਾਣਾ ਨੇ ਦਸਿਆ ਕਿ ਇਸ ਯਾਤਰਾ ਦੌਰਾਨ ਟੋਰਾਂਟੋ ਸਥਿਤ ਗੁਰਦੁਆਰਾ ਡਿਸਕੀ ਵਿਖੇ ਉਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਸਿਰੋਪਉ ਦੀ ਬਖਸ਼ਿਸ਼ ਕਰ ਸਨਮਾਨਤ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਇਹ ਸਨਮਾਨ ਉਨ੍ਹਾਂ ਦਾ ਨਿੱਜੀ ਨਾ ਹੋ ਕੇ ਸਮੁੱਚੇ ਰੂਪ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਦੇ ਉਨ੍ਹਾਂ ਮੁਖੀਆਂ ਦਾ ਹੈ, ਜਿਨ੍ਹਾਂ ਵਲੋਂ ਧਰਮ ਪ੍ਰਚਾਰ, ਵਿਦਿਆ ਪ੍ਰਸਾਰ ਆਦਿ ਦੇ ਖੇਤਰ ਵਿੱਚ ਪ੍ਰਸ਼ੰਸਾਯੋਗ ਕੰਮ ਕੀਤੇ ਜਾ ਰਹੇ ਹਨ।
ਸ. ਰਾਣਾ ਨੇ ਦਸਿਆ ਕਿ ਟੋਰਾਂਟੋ ਦੇ ਬੀਬੀਸੀ ਰੇਡਿਉ ਤੋਂ ਉਨ੍ਹਾਂ ਨਾਲ ਹੋਈ ਇੱਕ ਵਾਰਤਾ ਪ੍ਰਸਾਰਿਤ ਕੀਤੀ ਗਈ ਸੀ, ਜਿਸ ਵਿੱਚ ਉਨ੍ਹਾਂ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਕੀਤੇ ਜਾ ਰਹੇ ਕੰਮਾਂ ਦੇ ਸੰਬੰਧ ਵਿੱਚ ਵਿਸਥਾਰ ਨਾਲ ਜਾਣਕਾਰੀ ਦਿੱਤੀ।ਇਸ ਵਾਰਤਾ ਦੌਰਾਨ ਉਨ੍ਹਾਂ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜ. ਮਨਜੀਤ ਸਿੰਘ ਜੀ.ਕੇ ਦੀ ਅਗਵਾਈ ਅਤੇ ਗੁਰਦੁਆਰਾ ਕਮੇਟੀ ਦੇ ਹੋਰ ਮੁਖੀਆਂ ਦੇ ਸਹਿਯੋਗ ਨਾਲ ਨਾ ਕੇਵਲ ਧਰਮ ਪ੍ਰਚਾਰ ਅਤੇ ਸਿਖਿਆ ਦੇ ਪ੍ਰਸਾਰ ਦੇ ਖੇਤ੍ਰ ਵਿੱਚ ਹੀ ਜ਼ਿਮੇਂਦਾਰੀ ਭਰੀ ਭੂਮਿਕਾ ਨਿਬਾਹੀ ਜਾ ਰਹੀ ਹੈ, ਸਗੋਂ ਪੰਥਕ ਦੇ ਹਿਤਾਂ-ਅਧਿਕਾਰਾਂ ਲਈ ਵੀ ਉਸ ਵਲੋਂ ਸੰਘਰਸ਼ ਵਿਢਿਆ ਗਿਆ ਹੋਇਆ ਹੈ।ਇਸ ਸੰਬੰਧੀ ਵੇਰਵੇ ਦਿੰਦਿਆਂ ਉਨ੍ਹਾਂ ਦਸਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਵੰਬਰ-84 ਦੇ ਸਿੱਖ ਕਤਲੇਆਮ ਦੀ ਯਾਦਗਾਰ ਸਥਾਪਤ ਕਰਨ ਦਾ ਕਾਰਜ ਅਰੰਭ ਦਿੱਤਾ ਗਿਆ ਹੋਇਆ ਹੈ, ਇਸਦੇ ਨਾਲ ਹੀ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਵਾਣ ਅਤੇ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਲਈ ਵੀ ਉੱਚ ਪਧਰੀ ਤੇ ਸਾਰਥਕ ਜਤਨ ਕੀਤੇ ਜਾ ਰਹੇ ਹਨ।ਉਨ੍ਹਾਂ ਦਸਿਆ ਕਿ ਇਸ ਸੰਬੰਧ ਵਿੱਚ ਸੁਪ੍ਰੀਮ ਕੋਰਟ ਅਤੇ ਮਨੁਖੀ ਅਧਿਕਾਰ ਕਮਸ਼ਿਨ ਤਕ ਵੀ ਪਹੁੰਚ ਕੀਤੀ ਗਈ ਹੈ।ਉਨ੍ਹਾਂ ਇਹ ਵੀ ਦਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੀ ਅਗਲੇ ਵਰ੍ਹੇ (2016 ਵਿੱਚ) ਆ ਰਹੀ ਤੀਜੀ ਸ਼ਤਾਬਦੀ ਮੰਨਾਣ ਲਈ ਗੁਰਦੁਆਰਾ ਕਮੇਟੀ ਵਲੋਂ ਸਾਲ ਭਰ ਚਲਣ ਵਾਲੇ ਉਲੀਕੇ ਗਏ ਪ੍ਰੋਗਰਾਮਾਂ ਦੀ ਵੀ ਅਰੰਭਤਾ ਕਰ ਦਿੱਤੀ ਗਈ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply