ਭਾਰਤੀ ਸੈਨਾ ਤੇ ਖੇਡਾਂ ਵਿੱਚ ਸੂਬੇ ਦੇ ਘੱਟ ਰਹੇ ਪੰਜਾਬੀਆਂ ‘ਤੇ ਬ੍ਰਿਗੇਡੀਅਰ ਹਰਚਰਨ ਸਿੰਘ ਨੇ ਪ੍ਰਗਟਾਈ ਚਿੰਤਾ
ਅੰਮ੍ਰਿਤਸਰ, 29 ਜੂਨ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਨੈਸ਼ਨਲ ਕੌਂਸਲ ਫ਼ਾਰ ਟੀਚਰ ਐਜ਼ੂਕੇਸ਼ਨ ਦੇ ਸਹਿਯੋਗ ਨਾਲ ਨਵੇਂ ਨਿਯਮਾਂ ਅਨੁਸਾਰ ਸਰੀਰਿਕ ਸਿੱਖਿਆ ਅਧਿਆਪਨ ਦੇ ਨਵੇਂ ਪਾਠ-ਕ੍ਰਮ ਸਬੰਧੀ ਕਰਵਾਈ ਗਈ 3 ਰੋਜ਼ਾ ‘ਰਾਸ਼ਟਰੀ ਵਰਕਸ਼ਾਪ’ ਅੱਜ ਸੰਪੰਨ ਹੋ ਗਈ। ਵਰਕਸ਼ਾਪ ਵਿੱਚ ਸਰੀਰਿਕ ਸਿੱਖਿਆ ਅਧਿਆਪਨ ਦੇ ਪਾਠ-ਕ੍ਰਮ ਨੂੰ ਵਿੱਦਿਅਕ ਮਾਹਿਰਾਂ ਨੇ ਸਮੇਂ ਦੇ ਬਦਲਾਅ ਨਾਲ ਹੋ ਰਹੀਆਂ ਤਬਦੀਲੀਆਂ ਮੁਤਾਬਕ ਢਾਲਣ ‘ਤੇ ਜ਼ੋਰ ਦਿੱਤਾ।
ਅੱਜ ਦੇ ਅਖ਼ਰੀਲੇ ਵਿਦਾਇਗੀ ਸਮਾਰੋਹ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਕਰਦਿਆਂ ਵਰਕਸ਼ਾਪ ਵਿੱਚ ਪੁੱਜੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਜੀ ਆਇਆ ਕਿਹਾ। ਸਮਾਗਮ ਵਿੱਚ ਅਰਜੁਨ ਐਵਾਰਡੀ ਬ੍ਰਿਗੇਡੀਅਰ ਹਰਚਰਨ ਸਿੰਘ ਨੇ ਖਾਸ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਭਾਰਤੀ ਸੈਨਾ ਅਤੇ ਖੇਡਾਂ ਵਿੱਚ ਰਾਸ਼ਟਰੀ ਪੱਧਰ ‘ਤੇ ਪੰਜਾਬੀਆਂ ਦੀ ਘੱਟ ਰਹੀ ਗਿਣਤੀ ‘ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਐੱਨ. ਸੀ. ਟੀ. ਈ. ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਨਵੇਂ ਪਾਠ-ਕ੍ਰਮ ਵਿੱਚ ਇਸ ਘੱਟ ਰਹੀ ਗਿਣਤੀ ਨੂੰ ਵਧਾਉਣ ਲਈ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਵਰਕਸ਼ਾਪ ਮੌਕੇ ਡਾ. ਐੱਨ. ਐੱਸ. ਮਾਨ ਅਤੇ ਡਾ. ਜਤਿਨ ਸੋਨੀ ਨੇ ਖੇਡਾਂ ਨਾਲ ਸਬੰਧਿਤ ਹੋਰ ਵੀ ਕਿੱਤਿਆਂ ਲਈ ਅਧਿਆਪਕ ਤਿਆਰ ਕਰਨ ਲਈ ਦੇਸ਼ ਵਿੱਚ ਸਪੋਰਟਸ ਯੂਨੀਵਰਸਿਟੀਆਂ ਖੋਲਣ ਦੀ ਸ਼ਲਾਘਾ ਕੀਤੀ। ਡਾ. ਨੈਨਾ ਨਿਮਕਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਵਾਂ ਤਿਆਰ ਕੀਤਾ ਗਿਆ ਪਾਠ-ਕ੍ਰਮ ਵਿਦਿਆਰਥੀਆਂ ਨੂੰ ਇਕ ਸਹੀ ਸੇਧ ਪ੍ਰਦਾਨ ਕਰੇਗਾ ਅਤੇ ਪਾਠ-ਕ੍ਰਮ ਨੂੰ ਸਫ਼ਲਤਾ ਪੂਰਵਕ ਲਾਗੂ ਕਰਨ ਲਈ ਸਾਰੇ ਦੇਸ਼ ਦੀਆਂ ਯੂਨੀਵਰਸਿਟੀਆਂ ਨੂੰ ਮਿਲਕੇ ਕੰਮ ਕਰਨ ਦੀ ਜ਼ਰੂਰਤ ਹੈ। ਸੈਮੀਨਾਰ ਸਮੇਂ ਆਪਣੇ ਭਾਸ਼ਣ ਵਿੱਚ ਡਾ. ਰਾਜੀਵ ਚੌਧਰੀ ਨੇ ਡੀ. ਪੀ. ਐੱਡ. ਦੇ ਮਾਡਲ ਸਿਲੇਬਸ ਦੀ ਆਏ ਹੋਏ ਪ੍ਰਤੀਨਿਧੀਆਂ ਨਾਲ ਚਰਚਾ ਕੀਤੀ ਅਤੇ ਡਾ. ਕੰਵਲਜੀਤ ਸਿੰਘ ਨੇ ਐੱਨ. ਸੀ. ਟੀ. ਈ. ਦੀ ਇਸ ਵਰਕਸ਼ਾਪ ਨੂੰ ਲਗਾਉਣ ‘ਤੇ ਸ਼ਲਾਘਾ ਕਰਦਿਆਂ ਉਨਾਂ ਨੂੰ ਸਰੀਰਿਕ ਸਿੱਖਿਆ ਅਧਿਆਪਨ ਦਾ ਪੱਧਰ ਹੋਰ ਉਚਾ ਚੁੱਕਣ ਲਈ ਸਮੇਂ-ਸਮੇਂ ‘ਤੇ ਅਜਿਹੇ ਕਦਮ ਚੁੱਕਣ ਲਈ ਜ਼ੋਰ ਦਿੱਤਾ।
ਪ੍ਰਿੰ. ਡਾ. ਢਿੱਲੋਂ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਇਹ 2 ਰੋਜ਼ਾ ਰਾਸ਼ਟਰੀ ਵਰਕਸ਼ਾਪ ਵਿੱਦਿਅਕ ਅਤੇ ਸਰੀਰਿਕ ਅਧਿਆਪਨ ਵਿੱਚ ਆਪਣੀਆਂ ਅਮਿੱਟ ਯਾਦਾਂ ਛੱਡ ਗਈ ਹੈ। ਇਸ ਮੌਕੇ ਹਾਜ਼ਰ ਵਫ਼ਦਾਂ ਅਤੇ ਹੋਰਨਾਂ ਸਟਾਫ ਨੂੰ ਐਜ਼ੂਕੇਸ਼ਨ ਪ੍ਰਤੀ ਮਹੱਵਤਪੂਰਨ ਜਾਣਕਾਰੀ ਹਾਸਲ ਹੋਈ ਹੈ। ਜਿਸਦਾ ਉਹ ਆਪਣੀ ਅਗਾਂਹਵਧੂ ਸੋਚ ਦਾ ਇਸਤੇਮਾਲ ਕਰਦਿਆਂ ਹੋਰਨਾਂ ਨੂੰ ਇਸਦੇ ਲਾਹਾ ਦਿਵਾਉਣ ਲਈ ਤੱਤਪਰ ਰਹਿਣਗੇ। ਇਸ ਮੌਕੇ ਵੱਖ-ਵੱਖ ਯੂਨੀਵਰਸਿਟੀਆਂ ਅਤੇ ਐੱਨ. ਸੀ. ਟੀ. ਈ. ਦੇ ਉਚ ਅਧਿਕਾਰੀ ਤੋਂ ਇਲਾਵਾ ਸ੍ਰੀ ਅਨਿਲ ਸ਼ੁਕਲਾ, ਡਿਪਟੀ ਸੈਕ੍ਰੇਟਰੀ (ਐੱਨ. ਸੀ. ਟੀ. ਈ.), ਪz.ੋਫੈਸਰ ਜਤਿਨ ਸੋਨੀ, ਵਾਈਸ ਚਾਂਸਲਰ (ਗੁਜਰਾਤ ਸਪੋਰਟਸ ਯੂਨੀਵਰਸਿਟੀ), ਪ੍ਰੋਫੈਸਰ ਏ. ਐੱਮ. ਮੂਰਤੀ, ਵਾਈਸ ਚਾਂਸਲਰ (ਤਾਮਿਲਨਾਡੂ ਯੂਨੀਵਰਸਿਟੀ), ਪ੍ਰੋਫੈਸਰ ਜੀ. ਐੱਲ. ਖੰਨਾ, ਡੀਨ (ਮਾਨਵ ਰਚਨਾ ਇੰਟਰਨੈਸ਼ਨਲ ਯੂਨੀਵਰਸਿਟੀ), ਪ੍ਰੋਫੈਸਰ ਸੁਮਨ ਸ਼ਰਮਾ, ਡਾ. ਸੁਸ਼ਮਾ ਗਦਿਆਲ, ਡਾ. ਰਾਜੀਵ ਚੌਧਰੀ, ਡਾ. ਐੱਨ. ਐੱਸ. ਮਾਨ, ਪ੍ਰੋਫੈਸਰ ਨੈਨਾ ਨਿਮਕਰ, ਡਾ. ਕੰਵਲਜੀਤ ਸਿੰਘ ਅਤੇ ਡਾ. ਜੀ. ਐੱਸ. ਕੰਗ ਆਦਿ ਸ਼ਾਮਿਲ ਸਨ।
Punjab Post Daily Online Newspaper & Print Media
