Monday, July 20, 2026

ਮਹਾਰਾਜਾ ਰਣਜੀਤ ਸਿੰਘ ਦਾ ਕੋਈ ਵੰਸ਼ਜ ਮੌਜੂਦ ਨਹੀਂ- ਕੋਛੜ

27 ਜੂਨ ਤੋਂ ਬਾਅਦ 29 ਜੂਨ ਨੂੰ ਵੀ ਮਨਾਈ ਗਈ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ

Surinder Kochhar

ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ ਬਿਊਰੋ) – ਮਹਾਰਾਜਾ ਰਣਜੀਤ ਸਿੰਘ ਦੇ ਅੱਠ ਪੁੱਤਰਾਂ; ਸ਼ਹਿਜ਼ਾਦਾ ਖੜਕ ਸਿੰਘ, ਇਸ਼ਰ ਸਿੰਘ, ਸ਼ੇਰ ਸਿੰਘ, ਤਾਰਾ ਸਿੰਘ, ਮੁਲਤਾਨਾ ਸਿੰਘ, ਕਸ਼ਮੀਰਾ ਸਿੰਘ, ਪਿਸ਼ੌਰਾ ਸਿੰਘ ਅਤੇ ਸ਼ਹਿਜ਼ਾਦਾ ਦਲੀਪ ਸਿੰਘ ਵਿਚੋਂ ਕਿਸੇ ਇਕ ਦਾ ਵੀ ਅਜਿਹਾ ਵਾਰਸ ਮੌਜੂਦ ਨਹੀਂ ਹੈ, ਜਿਸ ਦੀਆਂ ਰਗਾਂ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਖੂਨ ਦੌੜ ਰਿਹਾ ਹੋਵੇ।ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 176ਵੀਂ ਬਰਸੀ ‘ਤੇ ਉਪਰੋਕਤ ਜਾਣਕਾਰੀ ਦਿੰਦਿਆਂ ਇਤਿਹਾਸਕਾਰ ਤੇ ਖੋਜਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਕਿਹਾ ਕਿ 59 ਵਰ੍ਹਿਆਂ ਦਾ ਜੀਵਨ ਭੋਗਣ ਤੋਂ ਬਾਅਦ 27 ਜੂਨ 1839 ਨੂੰ ਮਹਾਰਾਜਾ ਦਾ ਦੇਹਾਂਤ ਹੋਇਆ।ਉਹਨਾਂ ਦੱਸਿਆ ਕਿ ਮਹਾਰਾਜਾ ਨੇ 23 ਹਿੰਦੂ, ਸਿੱਖ ਤੇ ਮੁਸਲਿਮ ਔਰਤਾਂ ਨਾਲ ਰਸਮੀ ਵਿਆਹ ਕੀਤੇ, ਜਦੋਂਕਿ ਸ਼ੇਰੇ-ਪੰਜਾਬ ਦੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਨੇ ਆਪਣੀ ਨਿੱਜੀ ਡਾਇਰੀ ਵਿਚ ਲਿਖਿਆ ਹੈ ਕਿ ਉਸ ਨੂੰ ਮਾਨ ਹੈ ਕਿ ਉਹ 42 ਰਾਣੀਆਂ ਦਾ ਪੁੱਤਰ ਹੈ।
ਸ਼੍ਰੀ ਕੋਛੜ ਨੇ ਕਿਹਾ ਕਿ ਮੌਜੂਦਾ ਸਮੇਂ ਮੁਝ ਲੋਕਾਂ ਦੁਆਰਾ ਖ਼ੁਦ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ਜ ਦਸ ਕੇ ਕਰਕੇ ਮਹਾਰਾਜਾ ਦੀ ਜਾਇਦਾਦ ਹਥਿਆਉਣ ਦੇ ਇਰਾਦੇ ਨਾਲ ਜਿਸ ਪ੍ਰਕਾਰ ਇਤਿਹਾਸ ਨੂੰ ਤੋੜ-ਮਰੋੜ ਕੇ ਲੋਕਾਂ ਨੂੰ ਗੁਮਰਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਇਹ ਸਿੱਖ ਇਤਿਹਾਸ ਲਈ ਕੋਈ ਚੰਗੇ ਸੰਕੇਤ ਨਹੀਂ ਹਨ।ਉਹਨਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਸਿੱਖ ਰਾਜ ਅਤੇ ਵਿਸ਼ੇਸ਼ ਤੌਰ ‘ਤੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਸਮੁੱਚੇ ਸਿੱਖ ਇਤਿਹਾਸ ‘ਤੇ ਸਵਾਲੀਆ ਨਿਸ਼ਾਨ ਲੱਗਣ ਵਿੱਚ ਵਧੇਰੇ ਸਮਾਂ ਨਹੀਂ ਲੱਗੇਗਾ।ਸ਼੍ਰੀ ਕੋਛੜ ਨੇ ਕਿਹਾ ਕਿ ਸਿੱਖ ਵਿਦਵਾਨਾਂ, ਸਿੱਖ ਸੰਸਥਾਵਾਂ ਅਤੇ ਵਿਸ਼ੇਸ਼ ਤੌਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜਾਬ ਸਰਕਾਰ ਨੂੰ ਅਜਿਹੇ ਲੋਕਾਂ ਵਿਰੁਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

ਸਾਲ ਵਿਚ ਦੋ-ਦੋ ਵਾਰ ਮਨਾਈ ਜਾ ਰਹੀ ਹੈ ਬਰਸੀ ਤੇ ਜਨਮ ਦਿਹਾੜੇ

ਇਤਿਹਾਸਕਾਰ ਸ੍ਰੀ ਕੋਛੜ ਨੇ ਕਿਹਾ ਕਿ ਜਾਣਕਾਰੀ ਦੀ ਕਮੀ ਦੇ ਚਲਦਿਆਂ ਪਿਛਲੇ ਕੁਝ ਵਰ੍ਹਿਆਂ ਤੋਂ ਹਰ ਸਾਲ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ 2 ਤੇ 13 ਨਵੰਬਰ ਨੂੰ ਮਨਾਉਣ ਦੇ ਨਾਲ-ਨਾਲ ਉਹਨਾਂ ਦੀ ਬਰਸੀ ਵੀ 27 ਤੇ 29 ਜੂਨ ਨੂੰ ਤੋ ਦਿਨ ਮਨਾਈ ਜਾ ਰਹੀ ਹੈ।ਸ਼੍ਰੀ ਕੋਛੜ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਜਾਤਿ ਸਾਂਸੀ ਸੀ, ਸਾਂਹਸੀ ਸੀ, ਵੜੈਚ ਸੀ ਜਾਂ ਭੱਟੀ, ਉਹਨਾਂ ਦਾ ਜਨਮ ਗੁਜਰਾਂਵਾਲਾ ਵਿਚ ਹੋਇਆ ਜਾਂ ਬਢਰੁਖਾ ਵਿਚ, ਉਹਨਾਂ ਦੀ ਜਨਮ ਮਿਤੀ 2 ਨਵੰਬਰ ਸੀ ਜਾਂ 13 ਨਵੰਬਰ, ਉਹਨਾਂ ਦਾ ਦੇਹਾਂਤ 27 ਜੂਨ ਨੂੰ ਹੋਇਆ ਜਾਂ 29 ਜੂਨ ਨੂੰ; ਇਹ ਸਾਰੇ ਅਜਿਹੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਪ੍ਰਮਾਣਿਕ ਦਸਤਾਵੇਜ਼ਾਂ ਸਹਿਤ ਸਾਡੇ ਸਾਹਮਣੇ ਹੈ।ਜ਼ਰੂਰਤ ਸਿਰਫ਼ ਸਿੱਖ ਵਿਦਵਾਨਾਂ ਦੇ ਇਕਮਤ ਹੋ ਕੇ ਇਨ੍ਹਾਂ ਸਵਾਲਾਂ ਦੇ ਸਹੀ ਜਵਾਬ ‘ਤੇ ਮੋਹਰ ਲਗਾਉਣ ਦੀ ਹੈ।ਸ਼੍ਰੀ ਕੋਛੜ ਨੇ ਕਿਹਾ ਕਿ ਜਦੋਂ ਤੱਕ ਇਨ੍ਹਾਂ ਸਵਾਲਾਂ ਦੇ ਜਵਾਬ ਸਾਹਮਣੇ ਨਹੀਂ ਆ ਜਾਂਦੇ ਤਦ ਤੱਕ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਇਤਿਹਾਸ ਨੂੰ ਸੰਪੂਰਨ ਨਹੀਂ ਮੰਨਿਆ ਜਾ ਸਕਦਾ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply