
ਫਤਹਿਗੜ੍ਹ ਸਾਹਿਬ, 30 ਜੂਨ (ਪੰਜਾਬ ਪੋਸਟ ਬਿਊਰੋ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਰੂਹਾਨੀਅਤ ਦਾ ਘਰ ਹੈ।ਇਸ ਅਸਥਾਨ ਤੇ ਹਜ਼ਾਰਾਂ ਲੋਕ ਨਤਮਸਤਕ ਹੋ ਕੇ ਆਪਣੇ ਆਪ ਨੂੰ ਜਿਥੇ ਵੱਡਭਾਗਾ ਸਮਝਦੇ ਹਨ, ਉਥੇ ਸਕੂਨ ਵੀ ਮਹਿਸੂਸ ਕਰਦੇ ਹਨ।ਇਸ ਲਈ ਸੱਚਖੰਡ ਸ੍ਰੀ ਹਰਿਮੰਦਰ ਸ੍ਰੀ ਦਰਬਾਰ ਸਾਹਿਬ ਦੀ ਤਰਜ ਤੇ ਹੋਰ ਕਿਸੇ ਵੀ ਗੁਰੂ ਘਰ ਦੀ ਇਮਾਰਤ ਉਸਾਰੀ ਨਹੀਂ ਜਾ ਸਕਦੀ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਨ੍ਹਾਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਸਮੇਂ ਕਰਦਿਆਂ ਕਿਹਾ ਕਿ ਗੁਰਦੁਆਰਾ ਮਸਤੂਆਣਾ (ਸੰਗਰੂਰ) ਦੀ ਬਣ ਰਹੀ ਇਮਾਰਤ ਪਹਿਲਾਂ ਵੀ ਵਿਵਾਦਾਂ ਵਿੱਚ ਰਹੀ ਹੈ ਤੇ ਹੁਣ ਵੀ ਇਸ ਬਾਰੇ ਅਖ਼ਬਾਰਾਂ ਵਿੱਚ ਚਰਚਾ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਰਜ ਤੇ ਕਿਸੇ ਵੀ ਹੋਰ ਗੁਰੂ ਘਰ ਦੀ ਇਮਾਰਤ ਬਣਾਉਣਾ ਸਰਾਸਰ ਗਲਤ ਹੈ।ਉਨ੍ਹਾਂ ਕਿਹਾ ਕਿ ਗੁਰਦੁਆਰਾ ਮਸਤੂਆਣਾ (ਸੰਗਰੂਰ) ਦੀ ਬਣ ਰਹੀ ਇਮਾਰਤ ਨੂੰ ਤੁਰੰਤ ਰੋਕਿਆ ਜਾਵੇ।ਉਨ੍ਹਾਂ ਕਿਹਾ ਕਿ ਇਸ ਇਮਾਰਤ ਦੇ ਨਿਰੀਖਣ ਲਈ ਸ਼ੋ੍ਰਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ.ਕੇਵਲ ਸਿੰਘ ਬਾਦਲ, ਜਨਰਲ ਸਕੱਤਰ ਸ.ਸੁਖਦੇਵ ਸਿੰਘ ਭੌਰ, ਅੰਤ੍ਰਿੰਗ ਮੈਂਬਰ ਸ. ਕਰਨੈਲ ਸਿੰਘ ਪੰਜੋਲੀ, ਸ. ਰਜਿੰਦਰ ਸਿੰਘ ਮਹਿਤਾ ਤੇ ਸ. ਮੋਹਨ ਸਿੰਘ ਬੰਗੀ ਤੇ ਆਧਾਰਿਤ ਪੰਜ ਮੈਂਬਰੀ ਸਬ ਕਮੇਟੀ ਗਠਿਤ ਕੀਤੀ ਗਈ ਹੈ ਤੇ ਇਸ ਕਮੇਟੀ ਦੇ ਕੋ-ਆਰਡੀਨੇਟਰ ਸ. ਕੇਵਲ ਸਿੰਘ ਵਧੀਕ ਸਕੱਤਰ ਨੂੰ ਬਣਾਇਆ ਗਿਆ ਹੈ ਜੋ ਗੁਰਦੁਆਰਾ ਮਸਤੂਆਣਾ ਵਿਖੇ ਪਹੁੰਚ ਕੇ ਸਮੁੱਚੀ ਇਮਾਰਤ ਆਦਿ ਦਾ ਜਾਇਜ਼ਾ ਲੈਣਗੇ।ਸਬ ਕਮੇਟੀ ਵੱਲੋਂ ਕੀਤੀ ਰਿਪੋਰਟ ਦੇ ਆਧਾਰ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਬੰਧਕ ਕਮੇਟੀ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਜਿਸ ਨਾਲ ਕੌਮ ਦੁਬਿਧਾ ਵਿੱਚ ਪਵੇ।
Punjab Post Daily Online Newspaper & Print Media