Friday, May 22, 2026

ਸ: ਛੀਨਾ ਭਾਰਤ ਦੀ ਨਾਮਵਰ ਪੰਜਾਬ ਨੈਸ਼ਨਲ ਬੈਂਕ ਦੇ ਡਾਇਰੈਕਟਰ ਨਿਯੁੱਕਤ

ਕੇਂਦਰੀ ਵਿੱਤ ਮੰਤਰੀ ਸ੍ਰੀ ਜੇਤਲੀ ਵੱਲੋਂ ਨਿਵਾਜ਼ੇ ਅੁਹੱਦੇ ‘ਤੇ ਤਨਦੇਹੀ ਨਾਲ ਸੇਵਾ ਨਿਭਾਵਾਂਗਾ – ਛੀਨਾ

Rajinder Mohan S Chhina

ਅੰਮ੍ਰਿਤਸਰ, 1 ਜੁਲਾਈ (ਪ੍ਰੀਤਮ ਸਿੰਘ) – ਪੰਜਾਬ ਦੀ ਸਿਆਸਤ ਵਿੱਚ ਅਗਾਂਹਵਧੂ ਸੋਚ ਦੇ ਧਾਰਨੀ ਅਤੇ ਉੱਘੇ ਪ੍ਰਸ਼ਾਸ਼ਕ ਤੇ ਸਮਾਜ ਸੇਵਕ ਸ: ਰਜਿੰਦਰ ਮੋਹਨ ਸਿੰਘ ਛੀਨਾ ਅੱਜ ਭਾਰਤ ਦੀ ਨਾਮਵਰ ‘ਪੰਜਾਬ ਨੈਸ਼ਨਲ ਬੈਂਕ’ ਦੇ ਡਾਇਰੈਕਟਰ ਵਜੋਂ ਚੁਣੇ ਗਏ। ਬੈਂਕ ਦੇ ਸ਼ੇਅਰ ਹੋਲਡਰਾਂ ਵੱਲੋਂ ਪਾਈਆਂ ਵੋਟਾਂ ਦੇ ਅਧਾਰ ‘ਤੇ ਹੋਈ ਇਸ ਚੋਣ ਵਿੱਚ ਸ: ਛੀਨਾ ਨੇ 28 ਕਰੋੜ ਵੋਟਾਂ ਹਾਸਲ ਕੀਤੀਆਂ ਅਤੇ ਆਪਣੇ ਨੇੜਲੇ ਉਮੀਦਵਾਰ ਗੋਪਾਲ ਸ਼ਰਮਾ ਨੂੰ ਜਿਸਨੇ 19 ਲੱਖ ਵੋਟਾਂ ਹਾਸਲ ਕੀਤੀਆਂ, ਨੂੰ ਵੱਡੇ ਫ਼ਰਕ ਨਾਲ ਹਰਾਕੇ ਇਹ ਅਹੁੱਦਾ ਪ੍ਰਾਪਤ ਕੀਤਾ।
ਇਸ ਮੌਕੇ ਸ: ਛੀਨਾ ਨੇ ਸ੍ਰੀ ਜੇਤਲੀ ਦੁਆਰਾ ਨਿਵਾਜੇ ਗਏ ਇਸ ਅਹੁੱਦੇ ਸਬੰਧੀ ਸ਼ੁਕਰਾਨਾ ਕਰਦਿਆਂ ਕਿਹਾ ਕਿ ਬੈਂਕ ਸਬੰਧੀ ਜੋ ਸੇਵਾ ਉਨ੍ਹਾਂ ਨੂੰ ਸੌਂਪੀ ਗਈ ਹੈ ਉਹ ਉਸ ਸਬੰਧੀ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਅਕਸਰ ਵੇਖਣ ਨੂੰ ਆਇਆ ਹੈ ਕਿ ਕਈ ਲੋਕ ਸਰਕਾਰ ਦੁਆਰਾ ਜਾਰੀ ਕੀਤੀਆਂ ਗਈਆਂ ਸਕੀਮਾਂ ਅਤੇ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ, ਜਿਸਦਾ ਕਾਰਨ ਲੋਕਾਂ ਨੂੰ ਜਾਗਰੂਕਤਾ ਦਾ ਨਾ ਹੋਣਾ ਹੈ। ਇਸ ਲਈ ਉਹ ਜਿੱਥੇ ਬੈਂਕਿੰਗ ਨਾਲ ਸਬੰਧਿਤ ਕਾਰਵਾਈਆਂ ਨੂੰ ਸੁਚੱਜੇ ਢੰਗ ਨਾਲ ਨਿਭਾਉਣ ਦਾ ਯਤਨ ਕਰਨਗੇ, ਉੱਥੇ ਆਮ ਲੋਕਾਂ ਨੂੰ ਬੈਂਕ ਦੁਆਰਾ ਜਾਰੀ ਸਕੀਮਾਂ, ਸਹੂਲਤਾਂ ਅਤੇ ਹੋਰ ਗਤੀਵਿਧੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਗੇ।
ਬੈਂਕ ਦੇ ਰਾਸ਼ਟਰੀ ਹੈੱਡ ਕੁਆਟਰ ਤੋਂ ਜਾਰੀ ਐਲਾਨ ਮੁਤਾਬਕ ਸ: ਛੀਨਾ ਜਲਦ ਹੀ ਅਹੁੱਦੇ ‘ਤੇ ਬਿਰਾਜਮਾਨ ਹੋਣਗੇ। ਸ: ਛੀਨਾ ਜੋ ਕਿ ਪੰਜਾਬ ਸਰਕਾਰ ਲਘੂ ਉਦਯੋਗ ਅਤੇ ਅਯਾਤ ਕਾਰਪੋਰੇਸ਼ਨ ਦੇ ਚੇਅਰਮੈਨ ਰਹਿ ਚੁੱਕੇ ਹਨ, ਭਾਰਤੀ ਜਨਤਾ ਪਾਰਟੀ ਪੰਜਾਬ ਦੇ ਇਸ ਵਕਤ ਮੀਤ ਪ੍ਰਧਾਨ ਦੇ ਤੌਰ ‘ਤੇ ਸਰਗਰਮ ਹਨ। ਇਸ ਤੋਂ ਇਲਾਵਾ ਉਹ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਜੋਂ ਸੇਵਾ ਨਿਭਾਅ ਚੁੱਕੇ ਹਨ ਅਤੇ ਇਸ ਵੇਲੇ ਸਿਰਮੌਰ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਿਖੇ ਬਤੌਰ ਆਨਰੇਰੀ ਸਕੱਤਰ ਵਜੋਂ ਅਹੁੱਦੇ ‘ਤੇ ਬਿਰਾਜਮਾਨ ਹਨ। ਸ: ਛੀਨਾ ਦੇਸ਼-ਵਿਦੇਸ਼ ਵਿੱਚ ਨਾਮਣਾ ਖੱਟਣ ਵਾਲੇ ਨਾਮਵਰ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਵਾਲੀ ਉੱਚ ਸੋਸਾਇਟੀ ‘ਇੰਡੀਅਨ ਅਕੈਡਮੀ ਆਫ਼ ਫਾਈਨ ਆਰਟ’ ਦੇ ਪ੍ਰਧਾਨ ਵਜੋਂ ਤੱਤਪਰ ਹਨ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …

Leave a Reply