Saturday, March 21, 2026

ਡਿਪਟੀ ਕਮਿਸ਼ਨਰ ਵੱਲੋਂ ਸ਼ਿਵ ਬਟਾਲਵੀ ਆਡੀਟੋਰੀਅਮ ਦੇ ਕੰਮ ਦਾ ਜਾਇਜਾ

PPN0307201502ਬਟਾਲਾ, 3 ਜੁਲਾਈ (ਨਰਿੰਦਰ ਬਰਨਾਲ) – ਬਿਰਹਾ ਦੇ ਸੁਲਤਾਨ ਤੇ ਪ੍ਰਸਿੱਧ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਬਟਾਲਾ ਸ਼ਹਿਰ ‘ਚ ਬਣੇ ਸ਼ਿਵ ਆਡੀਟੋਰੀਅਮ ਦੇ ਮੁਰੰਮਤ ਕਾਰਜ ਅੰਤਿਮ ਪੜ੍ਹਾਅ ‘ਤੇ ਪਹੁੰਚ ਗਏ ਹਨ ਅਤੇ ਛੇਤੀ ਹੀ ਇਹ ਆਡੀਟੋਰੀਅਮ ਸ਼ਿਵ ਤੇ ਸਾਹਿਤ ਪ੍ਰੇਮੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਨੇ ਅੱਜ ਬਟਾਲਾ ਵਿਖੇ ਸ਼ਿਵ ਆਡੀਟੋਰੀਅਮ ਦੇ ਮੁਰੰਮਤ ਕਾਰਜਾਂ ਦਾ ਜਾਇਜਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਡੀਟੋਰੀਅਮ ਨੂੰ ਪੂਰੀ ਤਰ੍ਹਾਂ ਨਵੀਂ ਤੇ ਆਧੁਨਿਕ ਦਿੱਖ ਦਿੱਤੀ ਜਾ ਰਹੀ ਹੈ ਅਤੇ ਆਡੀਟੋਰੀਅਮ ਦੀ ਮੁਰੰਮਤ ‘ਤੇ 2 ਕਰੋੜ ਤੋਂ ਵੱਧ ਦਾ ਖਰਚਾ ਆਉਣ ਦਾ ਅਨੁਮਾਨ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਡੀਟੋਰੀਅਮ ਦੇ ਵਿਹੜੇ ‘ਚ ਇੰਟਰਲਾਕ ਟਾਈਲਾਂ ਲਗਾਈਆਂ ਗਈਆਂ ਹਨ ਅਤੇ ਇਮਾਰਤ ਦੇ ਬਾਹਰੀ ਭਾਗ ਵਿੱਚ ਰੰਗ-ਰੋਗਨ ਤੇ ਸਜਾਵਟ ਦਾ ਕੰਮ ਚੱਲ ਰਿਹਾ ਹੈ। ਆਡੀਟੋਰੀਅਮ ਦੇ ਅੰਦਰੂਨੀ ਭਾਗ ਨੂੰ ਪੂਰੀ ਤਰਾਂ ਨਵੀਂ ਦਿੱਖ ਦਿੱਤੀ ਗਈ ਹੈ ਤਾਂ ਜੋ ਇਹ ਆਡੀਟੋਰੀਅਮ ‘ਚ ਆਧੁਨਿਕ ਯੁੱਗ ਦੀਆਂ ਸਾਰੀਆਂ ਸਹੂਲਤਾਂ ਉਪਲੱਬਧ ਹੋਣ। ਉਨ੍ਹਾਂ ਕਿਹਾ ਕਿ ਸਟੇਜ ਦੀ ਫਲੋਰਿੰਗ, ਪਰਦੇ ਆਦਿ ਦਾ ਕੰਮ ਵੀ ਮੁਕੰਮਲ ਹੋਣ ਦੇ ਨੇੜੇ ਹੈ ਅਤੇ ਹਾਲ ਦੀਆਂ ਅੰਦਰੂਨੀ ਦੀਵਾਰਾਂ ਦੀ ਮੁਰੰਮਤ ਤੇ ਸਜਾਵਟ ਦਾ ਕੰਮ ਤਕਰੀਬਨ ਮੁਕੰਮਲ ਹੋ ਗਿਆ ਹੈ। ਆਡੀਟੋਰੀਅਮ ਦੇ ਸਾਰੇ ਹਾਲ ਨੂੰ ਵਾਤਾਅਨਕੂਲ ਕੀਤਾ ਗਿਆ ਹੈ ਅਤੇ ਹਾਲ ਵਿੱਚ ਉੱਚ ਤਕਨੀਕ ਦਾ ਲਾਈਟ ਤੇ ਸਾਊਂਡ ਸਿਸਟਮ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲ ਵਿੱਚ ਮੈਟਿੰਗ ਤੇ ਕੁਰਸੀਆਂ ਲਲਗਾਉਣ ਦਾ ਕੰਮ ਬਾਕੀ ਰਹਿ ਗਿਆ ਹੈ ਜੋ ਕਿ ਛੇਤੀ ਹੀ ਪੂਰਾ ਕਰ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਿਵ ਬਟਾਲਵੀ ਆਡੀਟੋਰੀਅਮ ਨੂੰ ਛੇਤੀ ਹੀ ਸਾਹਿਤਕ ਸਰਮਗਰਮੀਆਂ ਲਈ ਖੋਲ੍ਹ ਦਿੱਤਾ ਜਾਵੇਗਾ।
ਇਸਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਆਡੀਟੋਰੀਅਮ ਦੇ ਹਾਲ ਅੰਦਰ ਜਾ ਕੇ ਮੁਰੰਮਤ ਕਾਰਜਾਂ ਦੀ ਗੁਣਵਤਾ ਦਾ ਜਾਇਜਾ ਲਿਆ ਅਤੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਉਨ੍ਹਾਂ ਆਡੀਟੋਰੀਅਮ ਦੇ ਬਾਹਰਵਾਰ ਪਿਛਲੇ ਪਾਸੇ ਖਾਲੀ ਪਈ ਥਾਂ ‘ਚ ਬਾਗਬਾਨੀ ਵਿਭਾਗ ਵੱਲੋਂ ਕੀਤੀ ਜਾਣ ਵਾਲੀ ਲੈਂਡਸਕੇਪਿੰਗ ਦਾ ਜਾਇਜਾ ਵੀ ਲਿਆ ਅਤੇ ਬਾਗਬਾਨੀ ਵਿਭਾਗ ਨੂੰ ਹਦਾਇਤ ਕੀਤੀ ਕਿ ਆਡੀਟੋਰੀਅਮ ਨੇ ਪਿਛਲੇ ਹਿੱਸੇ ‘ਚ ਖੂਬਸੂਰਤ ਪਾਰਕ ਬਣਾ ਕੇ ਫੁੱਲਦਾਰ ਬੂਟਿਆਂ ਰਾਹੀਂ ਆਡੀਟੋਰੀਅਮ ਦੀ ਖੂਬਸੂਰਤੀ ਨੂੰ ਹੋਰ ਵਧਾਇਆ ਜਾਵੇ। ਇਸ ਮੌਕੇ ਉਨ੍ਹਾਂ ਨਾਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply