ਭੁਲੇਖਾ ਪਾਊ ਮਨਪ੍ਰੀਤ ਸਿੰਘ ਨੂੰ ਸਾਜਿਸ਼ਨ ਸੁਖਬੀਰ ਬਾਦਲ ਨੇ ਕੀਤਾ ਖੜਾ- ਮਨਪ੍ਰੀਤ ਬਾਦਲ
ਕਿਹਾ ਚੋਣ ਨਿਸ਼ਾਨ ਪਤੰਗ ਅਤੇ ਤਖ਼ੱਲਸ ‘ਬਾਦਲ’ ਲਾਉਣ ਤੋਂ ਬਾਅਦ ਰਿਟਰਨਿੰਗ ਅਫਸਰ ਦੀ ਭੂਮਿਕਾ ਹੋਈ ਸ਼ੱਕੀ
ਬਠਿੰਡਾ, 12 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਪੀਪਲਜ਼ ਪਾਰਟੀ ਆਫ ਪੰਜਾਬ ਦਾ ਚੋਣ ਨਿਸ਼ਾਨ ਬਠਿੰਡਾ ਸੰਸਦੀ ਹਲਕੇ ਤੋਂ ਚੋਣ ਲੜ ਰਹੇ ਅਜ਼ਾਦ ਉਮੀਦਵਾਰ ਨੂੰ ਅਲਾਟ ਕਰ ਦੇਣ ਨਾਲ ਪੀ.ਪੀ.ਪੀ ਅਤੇ ਕਾਂਗਰਸੀ ਹਲਕਿਆਂ ਵਿੱਚ ਹੱਲਚੱਲ ਮੱਚ ਗਈ ਹੈ । ਜਿਉਂ ਹੀ ਬਠਿੰਡਾ ਦੇ ਰਿਟਰਨਿੰਗ ਅਫਸਰ ਕੇ.ਕੇ ਯਾਦਵ ਵਲੋਂ ਲੋਕ ਸਭਾ ਚੋਣ ਲੜ ਰਹੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਗਏ, ਉਸ ਦੇ ਤੁਰੰਤ ਬਾਅਦ ਕਾਹਲੀ ਵਿੱਚ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੀ.ਪੀ.ਪੀ ਤੇ ਕਾਂਗਰਸ ਪਾਰਟੀ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਕਿਹਾ ਕਿ ਬਠਿੰਡਾ ਦੇ ਰਿਟਰਨਿੰਗ ਅਫਸਰ ਕੇ.ਕੇ ਯਾਦਵ ਦੀ ਅਗਵਾਈ ਹੇਠ ਨਿਰਪੱਖ ਚੋਣਾਂ ਹੋਣੀਆਂ ਅਸੰਭਵ ਹਨ, ਕਿਉਂਕਿ ਉਨਾਂ ਨੂੰ ਜਿਸ ਦਾ ਖਦਸ਼ਾ ਸੀ ਉਹੀ ਭਾਣਾ ਵਾਪਰ ਗਿਆ ਹੈ।
ਪੀ.ਪੀ.ਪੀ ਦੇ ਮੁਖੀ ਨੇ ਕਿਹਾ ਕਿ ਅੱਜ ਉਮੀਦਵਾਰਾਂ ਨੂੰ ਚੋਣ ਚਿੰਨ ਅਲਾਟ ਕਰਨ ਮੌਕੇ ਰਿਟਰਨਿੰਗ ਅਫਸਰ ਨੇ ਸੁਖਬੀਰ ਸਿੰਘ ਬਾਦਲ ਵਲੋਂ ਵੋਟਰਾਂ ਨੂੰ ਭੁਲੇਖਾ ਪਾਉਣ ਲਈ ਖੜੇ ਕੀਤੇ ਮਨਪ੍ਰੀਤ ਸਿੰਘ ਜੋ ਕਿ ਬਾਦਲ ਪਿੰਡ ਦਾ ਹੀ ਵਸਨੀਕ ਹੈ ਨੂੰ ਨਾਮ ਪਿੱਛੇ ‘ਬਾਦਲ’ ਲਾਉਣ ਦੀ ਇਜਾਜ਼ਤ ਵੀ ਦਿੱਤੀ ਅਤੇ ਪਤੰਗ ਚੋਣ ਨਿਸ਼ਾਨ ਵੀ ਅਲਾਟ ਕਰ ਦਿੱਤਾ। ਜਿਸ ਦਾ ਪਹਿਲਾਂ ਤੋਂ ਹੀ ਸ਼ੰਕਾ ਜ਼ਾਹਿਰ ਕਰਦਿਆਂ ਉਨਾਂ ਨੇ ਚੋਣ ਕਮਿਸ਼ਨ ਨੂੰ ਚਿੱਠੀਆਂ ਭੇਜ ਦਿੱਤੀਆਂ ਗਈਆਂ ਸਨ।ਮਨਪ੍ਰੀਤ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਸੁਖਬੀਰ ਬਾਦਲ ਨੇ ਕੇ. ਕੇ ਯਾਦਵ ਨੂੰ ਪਿਛਲੇ ੭ ਸਾਲਾਂ ਵਿੱਚ ਕਈ ਮਲਾਈਦਾਰ ਆਹੁੱਦਿਆਂ ਤੇ ਬਿਰਾਜਮਾਨ ਰੱਖਿਆ ਹੈ ਅਤੇ ਉਹ ਸੁਖਬੀਰ ਦਾ ਕਮਾਊ ਪੁੱਤ ਵੀ ਹੈ ਤੇ ਇਸਦੀ ਭੁਮਿਕਾ ਸ਼ੁਰੂ ਤੋਂ ਹੀ ਸ਼ੱਕ ਦੇ ਘੇਰੇ ਵਿੱਚ ਰਹੀ ਹੈ ਅਤੇ ਇਸਦੀ ਪੁਸ਼ਟੀ ਅੱਜ ਦੀ ਇਸ ਘਟਨਾ ਤੋਂ ਬਾਅਦ ਹੋ ਗਈ ਹੈ। ਲੋਕਾਂ ਨੂੰ ਭੁਲੇਖਾ ਪਾਉਣ ਲਈ ਸਾਜਿਸ਼ ਨਾਲ ਖੜੇ ਕੀਤੇ ਗਏ ਮਨਪ੍ਰੀਤ ਨੂੰ ‘ਬਾਦਲ’ ਤਖ਼ੱਲਸ ਲਾਉਣ ਅਤੇ ਪਤੰਗ ਦਾ ਚੋਣ ਨਿਸ਼ਾਨ ਅਲਾਟ ਕਰਕੇ ਕੇ.ਕੇ ਯਾਦਵ ਨੇ ਆਪਣੀ ਸੁਖਬੀਰ ਭਗਤੀ ਜੱਗ ਜ਼ਾਹਿਰ ਕਰ ਦਿੱਤੀ ਹੈ। ਉਹਨਾਂ ਅੱਗੇ ਕਿਹਾ ਕਿ ਅਕਾਲੀ ਦਲ ਦੇ ਦਫਤਰ ਵਿੱਚ ਅਖੌਤੀ ਮਨਪ੍ਰੀਤ ਬਾਦਲ ਦੇ ਪਤੰਗ ਵਾਲੀ ਚੋਣ ਸਮੱਗਰੀ ਜਿਸ ਵਿੱਚ ਪੋਸਟਰ ਆਦਿ ਕੱਲ ਰਾਤ ਹੀ ਪਹੁੰਚ ਚੁੱਕੇ ਸਨ।
ਮਨਪ੍ਰੀਤ ਬਾਦਲ ਨੇ ਅੱਗੇ ਕਿਹਾ ਕਿ ਉਹਨਾਂ ਨੇ ਰਿਟਰਨਿੰਗ ਅਫਸਰ ਕੋਲ ਆਪਣੇ ਨਾਮ ਮਗਰ ਲੱਗੇ ‘ਬਾਦਲ’ ਤਖੱਲਸ ਦੇ ਸਬੂਤਾਂ ਵਜੋਂ ਪਾਸਪੋਰਟ, ਰਾਸ਼ਨ ਕਾਰਡ, ਵਿਧਾਨ ਸਭਾ ਦੇ ਪੁਰਾਣੇ ਪਛਾਣ ਪੱਤਰ, ਅਧਾਰ ਕਾਰਡ ਅਤੇ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਉਸਨੂੰ ਬਤੌਰ ਮਨਪ੍ਰੀਤ ਸਿੰਘ ਬਾਦਲ ਵਜੋਂ ਲੋਕਾਂ ਵਿੱਚ ਬਣੀ ਪਛਾਣ ਦੇ ਅਹਿਮ ਅਤੇ ਪੁਖਤਾ ਸਬੂਤ ਪੇਸ਼ ਕੀਤੇ ਸਨ ਪਰ ਇਸਨੂੰ ਰਿਟਰਨਿੰਗ ਅਫਸਰ ਨੇ ਸੁਖਬੀਰ ਸਿੰਘ ਬਾਦਲ ਦੇ ਦਬਾਅ ਹੇਠ ਚਲਦਿਆਂ ਅਣਗੋਲਿਆ ਕਰ ਦਿੱਤਾ। ਜਿਸ ਕਰਕੇ ਲੋਕਾਂ ਵਿੱਚ ਨਾ ਕੇਵਲ ਭੁਲੇਖਾ ਪਵੇਗਾ ਬਲਕਿ ਨਿਰਪੱਖ ਚੋਣਾਂ ਨੇਪਰੇ ਚੜਨ ਤੇ ਵੀ ਕਈ ਸਵਾਲੀਆ ਨਿਸ਼ਾਨ ਲੱਗ ਗਏ ਹਨ।
ਮਨਪ੍ਰੀਤ ਨੇ ਕਿਹਾ ਕਿ ਇਹ ਚੋਣ ਕਾਂਗਰਸ ਪੀ.ਪੀ.ਪੀ. ਅਤੇ ਉਸਦੇ ਸਹਿਯੋਗੀਆਂ ਦੀ ਅਕਾਲੀ ਦਲ ਨਾਲ ਨਾ ਹੋ ਕੇ ਹੁਣ ਹਰਸਿਮਰਤ ਕੌਰ ਬਾਦਲ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਸਰਕਾਰ ਦਰਮਿਆਨ ਹੋ ਰਹੀ ਹੈ।ਉਹਨਾ ਕਿਹਾ ਕਿ ਜਿਸ ਢੰਗ ਨਾਲ ਪੰਜਾਬ ਦੀ ਅਫਸਰਸ਼ਾਹੀ ਸੁਖਬੀਰ ਬਾਦਲ ਦੇ ਦਬਾਅ ਹੇਠ ਆ ਕੇ ਇਲੈਕਸ਼ਨ ਕਮਿਸ਼ਨ ਨੂੰ ਅੱਖੋ ਪਰੋਖੇ ਕਰ ਰਹੀ ਹੈ ਉਹ ਲੋਕਤੰਤਰ ਲਈ ਘਾਤਕ ਸਿੱਧ ਹੋ ਰਹੀ ਹੈ। ਉਹਨਾ ਅੱਗੇ ਕਿਹਾ ਕਿ ਅੱਜ ਦੇ ਇਸ ਘਟਨਾਕ੍ਰਮ ਅਤੇ ਰਿਟਰਨਿੰਗ ਅਫਸਰ ਦੇ ਸ਼ੱਕੀ ਰੋਲ ਸਬੰਧੀ ਭਾਰਤ ਦੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਅਤੇ ਪਹੁੰਚ ਕੀਤੀ ਜਾਵੇਗੀ ।ਉਹਨਾ ਮੰਗ ਕੀਤੀ ਕਿ ਨਿਰਪੱਖ ਚੋਣਾਂ ਕਰਾਉਣ ਲਈ ਕੇ.ਕੇ ਯਾਦਵ ਨੂੰ ਪੰਜਾਬ ਵਿੱਚੋਂ ਬਾਹਰ ਤਬਦੀਲ ਕੀਤਾ ਜਾਵੇ।ਇਸ ਮੌਕੇ ਉਹਨਾਂ ਨਾਲ ਬਠਿੰਡਾ ਦਿਹਾਤੀ ਦੇ ਉੱਘੇ ਕਾਂਗਰਸੀ ਨੇਤਾ ਮੱਖਣ ਸਿੰਘ ਵੀ ਮੌਜ਼ੂਦ ਸਨ। ਦੂਸਰੇ ਪਾਸੇ ਬਠਿੰਡਾ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ, ਭੁੱਚੋ ਦੇ ਵਿਧਾਇਕ ਅਜਾਇਬ ਸਿੰਘ ਭੱਟੀ, ਹਲਕਾ ਸਰਦੂਲਗੜ ਦੇ ਅਜੀਤ ਇੰਦਰ ਸਿੰਘ ਮੋਫਰ ਨੇ ਕਿਹਾ ਕਿ ਅੱਜ ਦੀ ਇਸ ਘਟਨਾ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਉਧਰ ਸ਼੍ਰੋਮਣੀ ਅਕਾਲੀ ਦਲ ਵਲੋਂ ਇਸ ਮਾਮਲੇ ਸਬੰਧੀ ਅਜਤ ਤੱਕ ਕੋਈ ਵੀ ਪ੍ਰਤੀਕਿਰਿਆ ਜ਼ਾਹਰ ਨਹੀ ਕੀਤੀ ਗਈ ਹੈ।