ਸੂਬੇ ਦਾ ਪਹਿਲਾ ਸਵੈਚਾਲਤ ਡਰਾਇਵਿੰਗ ਟੈਸਟ ਅਤੇ ਟ੍ਰੇਨਿੰਗ ਕੇਂਦਰ
ਹੁਣ ਤੱਕ 2876 ਪੱਕੇ ਲਾਇਸੈਂਸ, 3559 ਲਰਨਿੰਗ ਲਾਇਸੈਂਸ ਜਾਰੀ ਡੀ.ਸੀ
ਬਠਿੰਡਾ, 5 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਦੇ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸ਼ਨ ਦੇਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਦਾ ਪਹਿਲਾ ਪੰਜਾਬ ਸਵੈਚਾਲਤ ਡਰਾਇਵਿੰਗ ਟੈਸਟ ਅਤੇ ਟ੍ਰੇਨਿੰਗ ਕੇਂਦਰ ਨਰੂਆਣਾ ਵਿਖੇ ਸਥਾਪਿਤ ਕੀਤਾ ਗਿਆ ਹੈ ਜੋ ਕਿ ਥੋੜੇ ਸਮੇਂ ਵਿਚ ਹੀ ਲੋਕਾਂ ਲਈ ਵਰਦਾਨ ਬਣ ਕੇ ਉਭਰਿਆ ਹੈ। 15 ਅਪ੍ਰੈਲ 2015 ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਟਰਾਂਸਪਰੋਟ ਮੰਤਰੀ ਸ਼੍ਰੀ ਅਜੀਤ ਸਿੰਘ ਕੋਹਾੜ ਦੁਆਰਾ ਇਸਦਾ ਉਦਘਾਟਨ ਕੀਤਾ ਗਿਆ ਸੀ ਅਤੇ ਇਸ ਸਵੈਚਾਲਤ ਡਰਾਇਵਿੰਗ ਟੈਸਟ ਅਤੇ ਟ੍ਰੇਨਿੰਗ ਕੇਂਦਰਾਂ ਵਿਚ ਟੈਸਟ ਲੈਣ ਪਿੱਛੋਂ ਸਿਰਫ 40 ਮਿੰਟਾਂ ਵਿੱਚ ਲਰਨਿੰਗ ਲਾਇਸੈਂਸ ਅਤੇ 50 ਮਿੰਟਾਂ ਵਿੱਚ ਪੱਕਾ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ।ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ 15 ਅਪ੍ਰੈਲ ਤੋਂ ਹੁਣ ਤੱਕ 2876 ਪੱਕੇ ਲਾਇਸੈਂਸ ਅਤੇ 3559 ਲਰਨਿੰਗ ਲਾਇਸੈਂਸ ਜਾਰੀ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿੱਚ ਅਤਿ-ਆਧੁਨਿਕ ਉਪਕਰਨਾਂ ਦਾ ਇਸਤੇਮਾਲ ਕਰਦਿਆਂ 4 ਪਹੀਆ ਅਤੇ 2 ਪਹੀਆ ਵਾਹਨ ਚਾਲਕਾਂ ਦਾ ਟੈਸਟ ਲਿਆ ਜਾਂਦਾ ਹੈ।ਇਸ ਕੇਂਦਰ ਦੀ ਸਥਾਪਨਾ ਨਾਲ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਇਕ ਥਾਂ ‘ਤੇ ਮਿਲੀ ਹੈ ਅਤੇ ਉਨ੍ਹਾਂ ਦੀ ਖੱਜਲ ਖੁਆਰੀ ਘਟੀ ਹੈ। ਇਸ ਤੋਂ ਪਹਿਲਾਂ ਡਰਾਇਵਿੰਗ ਲਾਇਸੈਂਸ ਬਣਵਾਉਣ ਲਈ ਲੋਕਾਂ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਲਤੀਫ਼ ਅਹਿਮਦ ਨੇ ਦੱਸਿਆ ਕਿ ਬਿਨੈ ਕਰਤਾ ਨੂੰ ਸਭ ਤੋਂ ਪਹਿਲਾਂ ਆਪਣੀ ਰਜ਼ਿਸਟਰੇਸ਼ਨ ਕਰਵਾ ਕੇ ਆਨਲਾਈਨ ਫ਼ੀਸ ਭਰਨੀ ਹੈ, ਜਿਸ ਲਈ 3 ਕਾਊਂਟਰ ਬਣੇ ਹੋਏ ਹਨ। ਇਸ ਤੋਂ ਬਾਅਦ ਮੌਕੇ ‘ਤੇ ਹੀ ਬਿਨੈ ਕਰਤਾ ਦਾ ਸਿਹਤ ਨਿਰੀਖਣ ਕੀਤਾ ਜਾਂਦਾ ਹੈ। ਬਿਨੈ ਕਰਤਾਵਾਂ ਨੂੰ ਇਕ ਟੱਚ ਸਕਰੀਨ ਟੈਬਲਟ ਉਤੇ ਇਕ ਟੈਸਟ ਦੇਣਾ ਪੈਂਦਾ ਹੈ, ਜਿਸ ਵਿਚ ਗੱਡੀ ਚਲਾਉਣ ਸਬੰਧੀ ਕੁੱਝ ਸਵਾਲ ਹੁੰਦੇ ਹਨ। ਅਖੀਰ ਵਿੱਚ ਸਾਰੇ ਬਿਨੈ ਕਰਤਾ ਮੌਕੇ ‘ਤੇ ਮੌਜੂਦ ਟਰੈਕ ਉਤੇ ਡਰਾਇਵਿੰਗ ਟੈਸਟ ਦਿੰਦੇ ਹਨ। 4 ਪਹੀਆ ਵਾਹਨਾਂ ਲਈ ਟਰੈਕ ਨੂੰ ਵੱਖ-ਵੱਖ ਥਾਵਾਂ ‘ਤੇ ਪਹਾੜ੍ਹੀ ਅਤੇ ਢਲਵੀਂ ਜ਼ਮੀਨ ਦਾ ਰੂਪ ਦਿੱਤਾ ਗਿਆ ਹੈ ਤਾਂ ਜੋ ਗੱਡੀ ਚਲਾਉਣ ਵਾਲੇ ਨੂੰ ਹਰ ਪ੍ਰਕਾਰ ਦੀ ਧਰਾਤਲ ‘ਤੇ ਗੱਡੀ ਚਲਾਉਣ ਦਾ ਤਜਰਬਾ ਹੋਵੇ।ਇਹ ਟਰੈਕ 1.25 ਏਕੜ ਖੇਤਰ ਵਿੱਚ ਸਥਿਤ ਹੈ।
ਉਨ੍ਹਾਂ ਦੱਸਿਆ ਕਿ ਟੈਸਟ ਪਾਸ ਕਰਨ ਉਪਰੰਤ 40 ਮਿੰਟਾਂ ਵਿੱਚ ਲਰਨਿੰਗ ਅਤੇ 50 ਮਿੰਟਾਂ ਵਿੱਚ ਪੱਕਾ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ। ਲੋਕਾਂ ਦੀ ਸਹੂਲਤ ਲਈ ਡਰਾਇਵਿੰਗ ਲਾਇਸੈਂਸ ਦੇ ਸਮਾਰਟ ਕਾਰਡ ਵੀ ਮੌਕੇ ‘ਤੇ ਹੀ ਛਾਪ ਕੇ ਜਾਰੀ ਕੀਤੇ ਜਾਂਦੇ ਹਨ। ਇਨ੍ਹਾਂ ਸਾਰਿਆਂ ਨੂੰ ਪ੍ਰਮਾਣਿਤ ਕਰਨ ਲਈ ਸਹਾਇਕ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਕੇਂਦਰ ‘ਤੇ ਹੀ ਬੈਠਦੇ ਹਨ, ਜਿੰਨ੍ਹਾਂ ਦੇ ਹਸਤਾਖਰਾਂ ਤੋਂ ਬਾਅਦ ਇਹ ਕਾਰਡ ਜਾਰੀ ਕੀਤੇ ਜਾਂਦੇ ਹਨ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਮਸ਼ਹੂਰ ਮਾਰੂਤੀ-ਸੁਜ਼ੂਕੀ ਇਸ ਕੇਂਦਰ ਵਿਚ ਡਰਾਇਵਿੰਗ ਟ੍ਰੇਨਿੰਗ ਇੰਸਟੀਚਿਊਟ ਵੀ ਚਲਾਵੇਗੀ ਤਾਂ ਜੋ ਨੌਜਵਾਨਾਂ ਨੂੰ ਡਰਾਇਵਿੰਗ ਵਿੱਚ ਪਰਪੱਕ ਕੀਤਾ ਜਾ ਸਕੇ।
Punjab Post Daily Online Newspaper & Print Media