ਕਿਹਾ ਆਪਣੇ ਆਪ ਨੂੰ ਵੱਡੇ ਕੱਦ ਦਾ ਲੀਡਰ ਦਸ ਕੇ ਉਹ ਲੋਕਾਂ ਨੂੰ ਗੁੰਮਰਾਹ ਨਹੀ ਕਰ ਸਕਦਾ

ਬਠਿੰਡਾ 12 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅੱਜ ਕਾਂਗਰਸ ਦੇ ਪੰਜਾਬ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਆਹੜੇ ਹੱਥੀਂ ਲੈਦਿਆਂ ਕਿਹਾ ਹੈ ਕਿ ਉਹ ਪੰਜਾਬ ਕਾਂਗਰਸ ਦੇ ਤੌਰ ਤੇ ਅਤੇ ਗੁਰਦਾਸਪੁਰ ਦੇ ਮੈਂਬਰ ਪਾਰਲੀਮੈਂਟ ਹੋਣ ਦੇ ਬੁਰੀ ਤਰਾਂ ਫੇਲ ਰਹੇ ਹਨ ਜਦ ਉਹ ਆਪਣੇ ਆਪ ਨੂੰ ਵੱਡੇ ਕੱਦ ਦਾ ਲੀਡਰ ਸਾਬਤ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ, ਬਾਦਲ ਅੱਜ ਬਠਿੰਡਾ ਲੋਕ ਸਭਾ ਹਲਕੇ ਵਿਚ ਬੀਬਾ ਰਸਿਮਰਤ ਕੌਰ ਬਾਦਲ ਦੇ ਚੋਣ ਪ੍ਰਚਾਰ ਲਈ ਚੋਣ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਸ. ਬਾਦਲ ਨੇ ਕਿਹਾ ਹੈ ਕਿ ਪਰਤਾਪ ਸਿੰਘ ਬਾਜਵਾ ਨੇ ਨਾ ਤਾਂ ਪੰਜਾਬ ਲਈ ਨਾ ਹੀ ਗੁਰਦਾਸਪੁਰ ਲਈ ਕੋਈ ਕੰਮ ਕੀਤਾ ਹੈ, ਇਸ ਕਰਕੇ ਉਸ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਗੁਰਦਾਸਪੁਰ ਦੀ ਜਨਤਾ ਤੋਂ ਵੋਟਾਂ ਮੰਗਣ ਲਈ ਜਾਵੇ।ਬਾਦਲ ਨੇ ਕਿਹਾ ਹੈ ਕਿ ਉਹ ਦਮਗਜੇ ਮਾਰਦੇ ਰਹੇ ਹਨ ਕਿ ਤਿੰਨ ਸਾਲ ਪਹਿਲਾਂ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਸੀ ਕਿ ਕਾਦੀਆਂ ਰੇਲਵੇ ਲਾਇਨ ੩੮ ਕਿਲੋਮੀਟਰ ਪਾਈ ਜਾਵੇਗੀ ਪਰ ਅੱਜ ਤੱਕ ਇਕ ਵੀ ਕਿਲੋਮੀਟਰ ਰੇਲਵੇ ਲਾਇਨ ਕਾਦੀਆਂ ਤੱਕ ਨਹੀਂ ਪੁੱਜੀ, ਇਸੇ ਤਰਾਂ ਬਾਜਵਾ ਨੇ ਗੁਰਦਾਸਪੁਰ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਗੁਰਦਾਸਪੁਰ ਵਿਚ ਸੈਂਟਰਲ ਯੂਨੀਵਰਸਿਟੀ ਤੇ ਰੇਲ ਕੋਚ ਫੈਕਟਰੀ ਲੈ ਕੇ ਆਉਣਗੇ ਉਹ ਵੀ ਝੂਠ ਦਾ ਹੀ ਪੁਲੰਦਾ ਸਾਬਤ ਹੋਇਆ, ਇਸ ਕਰਕੇ ਬਾਜਵਾ ਹੋਰ ਵੀ ਕਈ ਵਾਅਦੇ ਕਰਦੇ ਰਹੇ ਹਨ ਉਹ ਸਾਰੇ ਹੀ ਵਾਅਦੇ ਰੇਤ ਦੇ ਪੁੱਲ ਹੀ ਸਾਬਤ ਹੋਏ। ਸ. ਬਾਦਲ ਨੇ ਕਿਹਾ ਕਿ ਅਸਲ ਵਿਚ ਕਾਂਗਰਸ ਪ੍ਰਧਾਨ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਆਪ ਨੂੰ ਵੱਡਾ ਲੀਡਰ ਤੇ ਪ੍ਰਭਾਵਸ਼ਾਲੀ ਲੀਡਰ ਸਾਬਤ ਕਰਨ ਲੱਗੇ ਹੋਏ ਹਨ ਪਰ ਇਸ ਤਰਾਂ ਦਾ ਸੁਪਨਾ ਉਸ ਦਾ ਕਦੇ ਵੀ ਪੂਰਾ ਨਹੀਂ ਹੋਵੇਗਾ ਕਿਉਂਕਿ ਪੰਜਾਬ ਦੇ ਲੋਕ ਸਮਝਦੇ ਹਨ ਕਿ ਕਾਂਗਰਸ ਪ੍ਰਧਾਨ ਗਪੌੜਾਂ ਮਾਰਨ ਵਿਚ ਮਾਹਰ ਹਨ ਜਿਨਾਂ ਨੇ ਪੰਜਾਬ ਦਾ ਕਦੇ ਕੁਝ ਵੀ ਨਹੀਂ ਸੰਵਾਰਨਾ।
ਬਾਦਲ ਨੇ ਅੱਗੇ ਫੇਰ ਕਿਹਾ ਕਿ ਇਕ ਅਜਾਦ ਏਜੰਸੀ ਨੇ ਜੋ ਸਰਵੇ ਕੀਤਾ ਹੈ, ਉਸ ਵਿਚ ਬਾਜਵਾ ਦੀ ਕਾਰਗੁਜਾਰੀ ਬਿਲਕੁੱਲ ਹੀ ਕੂੜ ਦਾ ਪ੍ਰਚਾਰ ਹੀ ਹੈ, ਇਸ ਕਰਕੇ ਬਾਜਵਾ ਨੂੰ ਤਾਂ ਗੁਰਦਾਸਪੁਰ ਦੇ ਲੋਕਾਂ ਕੋਲ ਜਾਣਾ ਹੀ ਨਹੀਂ ਚਾਹੀਦਾ, ਜੇਕਰ ਉਹ ਜਾ ਰਹੇ ਹਨ ਤਾਂ ਇਹ ਤਹਿ ਹੈ ਕਿ ਬਾਜਵਾ ਦੇ ਪੱਲੇ ਜ਼ਮੀਰ ਨਾਂ ਦੀ ਕੋਈ ਵੀ ਵਸਤੂ ਹੈ ਹੀ ਨਹੀਂ ਹੈ। ਬਾਦਲ ਨੇ ਬਠਿੰਡਾ ਹਲਕੇ ਦੇ ਪਿੰਡਾਂ ਦਾਨ ਸਿੰਘ ਵਾਲਾ, ਗੰਗਾ, ਬਾਰਕੰਡੀ, ਗਿੱਲ ਪੱਤੀ, ਮਾਡਲ ਟਾਉਨ ਆਦਿ ਇਲਾਕਿਆਂ ਵਿਚ ਲੋਕ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ, ਉਨਾਂ ਦੇ ਨਾਲ ਸਥਾਨਕ ਆਗੂ ਵੀ ਹਾਜਰ ਸਨ।
Punjab Post Daily Online Newspaper & Print Media