ਅੰਮ੍ਰਿਤਸਰ, 7 ਜੁਲਾਈ (ਗੁਰਚਰਨ ਸਿੰਘ) – ਗੁਰੂ ਨਗਰੀ ਵਿਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੌ ਅੰਮ੍ਰਿਤਸਰ ਦੇ ਅੰਦਰੂਨੀ ਸ਼ਹਿਰ ਦੀ ਸੁੱਰਖਿਆ ਲਈ ਆਪਣੇ ਰਾਜਕਾਲ ਵਿਚ 12 ਮਜ਼ਬੂਤ ਦਰਵਾਜੇ ਦਿੱਲੀ (ਸੁਲਤਾਨਵਿੰਡ) ਦਰਵਾਜ਼ਾ, ਸ਼ੇਰਾਂ ਵਾਲਾ ਦਰਵਾਜ਼ਾ, ਮਹਾਂ ਸਿੰਘ ਦਰਵਾਜ਼ਾ, ਸਿਕੰਦਰੀ ਦਰਵਾਜਾ, ਹਾਥੀ ਦਰਵਾਜ਼ਾ, ਲੋਹਗੜ ਦਰਵਾਜ਼ਾ, ਬੇਰੀ ਦਰਵਾਜ਼ਾ, ਲਹੌਰੀ ਦਰਵਾਜ਼ਾ, ਖਜਾਨਾ ਦਰਵਾਜ਼ਾ, ਹਕੀਮਾਂ ਦਰਵਾਜ਼ਾ, ਭਗਤਾਂ ਵਾਲਾ ਦਰਵਾਜ਼ਾ, ਗਿਲਵਾਲੀ ਦਰਵਾਜ਼ਾ ਦਾ ਨਿਰਮਾਣ ਕੀਤਾ ਗਿਆ ਅਤੇ ਇਹਨਾਂ ਦਰਵਾਜਿਆਂ ਨੂੰ ਆਪਸ ਵਿਚ ਮਿਲਾਉਣ ਲਈ ਗੂੜੇ ਲਾਲ ਰੰਗ ਵਾਲੀ ਮਜਬੂਤ ਕੰਧ ਦੀ ਉਸਾਰੀ ਕੀਤੀ ਗਈ ਸੀ, ਪਰ ਅੱਜ ਅੱਠ ਇਹ ਕਿਲੋਮੀਟਰ ਦੇ ਘੇਰੇ ਵਿਚ ਬਣੇ 12 ਦਰਵਾਜ਼ਿਆਂ ਨੂੰ ਮਿਲਾਉਣ ਵਾਲੀ ਕੰਧ ਨੂੰ ਵੱਡਾ ਖੋਰਾ ਲੱਗਣ ਨਾਲ ਇਸ ਦਾ ਵਜੂਦ ਖ਼ਤਮ ਹੋਣ ਕੰਢੇ ਹੈ।ਇਸ ਇਤਿਹਾਸਕ ਕੰਧ ਦੀ ਜਗਾ ਤੇ ਅੱਜ ਜਿਆਦਾਤਰ ਇਮਾਰਤਾਂ ਅਤੇ ਦੁਕਾਨਾਂ ਹੀ ਦੇਖਣ ਨੂੰ ਮਿਲਦੀਆਂ ਹਨ।ਅਗਰ ਕੁੱਝ ਕੁੂ ਥਾਵਾਂ ‘ਤੇ ਇਹ ਕੰਧ ਦੇਖਣ ਨੂੰ ਮਿਲਦੀ ਹੈ ਤਾਂ ਬਹੁਤ ਹੀ ਖਸਤਾਹਾਲ ਵਿਚ ਹੈ।ਨਾਨਕਸ਼ਾਹੀ ਇੱਟਾਂ ਨਾਲ ਬਣੀ ਇਹ ਇਤਿਹਾਸਕ ਦੀਵਾਰ ਦੀ ਸਾਂਭ ਸੰਭਾਲ ਨਾ ਹੋਣ ਅਤੇ ਜਿਲਾ ਪ੍ਰਸਾਸ਼ਨ ਦੀ ਬੇਰੁਖੀ ਦਾ ਸਦਕਾ ਆਉਣ ਵਾਲੀ ਪੀੜੀ ਇਤਿਹਾਸ ਤੋਂ ਵਾਂਝੀ ਹੋ ਰਹੀ ਹੈ। ਇਸ ਸਬੰਧੀ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਇੰਜ: ਦਲਜੀਤ ਸਿੰਘ ਕੋਹਲੀ ਦਾ ਕਹਿਣਾ ਹੈ ਕਿ ਮੰਚ ਵਲੋਂ ਪ੍ਰਸਾਸ਼ਨ ਨੂੰ ਸ਼ਹਿਰ ਦੀ ਵਿਰਾਸਤ ਨੂੰ ਸਾਂਭਣ ਲਈ ਸਮੇ ਸਮੇਂ ‘ਤੇ ਸੁਚੇਤ ਕੀਤਾ ਜਾਂਦਾ ਹੈ, ਪ੍ਰੰਤੂ ਉਹ ਡੂੰਘੀ ਨੀਂਦਰ ਸੁੱਤਾ ਲੱਗਦਾ ਹੈ। ਸ੍ਰ. ਕੋਹਲੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਥੇ ਕਿਤੇ ਵੀ ਇਸ ਇਤਿਹਾਸਕ ਕੰਧ ਦਾ ਸਰੂਪ ਮੌਜੂਦ ਹੈ ਉਸਦੀ ਪਹਿਲ ਦੇ ਅਧਾਰ ‘ਤੇ ਮੁੰਰਮਤ ਕੀਤੀ ਜਾਵੇ ਤਾਂ ਕਿ ਅੰਮ੍ਰਿਤਸਰ ਸ਼ਹਿਰ ਦਾ ਪੁਰਾਤਨ ਇਤਿਹਾਸ ਤੇ ਵਿਰਾਸਤ ਕਾਇਮ ਰਹਿ ਸਕੇ।ਇਥੇ ਜਿਕਰਯੋਗ ਹੈ ਕਿ ਸ਼ਹਿਰ ਦੇ ਪ੍ਰਮੁੱਖ ਪ੍ਰਵੇਸ਼ ਦੁਆਰਾ ‘ਤੇ ਬਣਿਆ ਦਰਵਾਜਾ ਤੱੱਤਕਾਲੀਨ ਡਿਪਟੀ ਕਮਸ਼ਿਨਰ ਅੰਗ੍ਰੇਜ ਅਫਸਰ ਸਰ ਹਾਲ ਦੇ ਨਾਮ ‘ਤੇ ਹਾਲ ਗੇਟ ਜਾਣਿਆ ਜਾਣ ਲੱਗਾ। ਅਜ਼ਾਦੀ ਤੋਂ ਬਾਅਦ ਇਸ ਦਾ ਨਾਮ ਗਾਂਧੀ ਦਰਵਾਜਾ ਕਰ ਦਿੱਤਾ ਗਿਆ, ਪ੍ਰੰਤੂ ਅਜੇ ਵੀ ਇਸ ਦਰਵਾਜ਼ੇ ਦਾ ਨਾਂ ਹਾਲ ਗੇਟ ਵਜੋਂ ਹੀ ਪ੍ਰਚੱਲਤ ਹੈ।
Check Also
ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ
ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …
Punjab Post Daily Online Newspaper & Print Media