
ਹੁਸ਼ਿਆਰਪੁਰ, 8 ਜੁਲਾਈ (ਸਤਵਿੰਦਰ ਸਿੰਘ) – ਗ੍ਰਾਮ ਪੰਚਾਇਤ ਅਤੇ ਨੌਜਵਾਨ ਸਭਾ ਵੱਲੋਂ ਪਿੰਡ ਪੰਡੋਰੀ ਬੀਬੀ ਵਿਖੇ ਚੌਥਾ ਸਾਈਂ ਖਾਕੀ ਸ਼ਾਹ ਯਾਦਗਾਰੀ ਕ੍ਰਿਕਟ ਕੱਪ ਆਯੋਜਿਤ ਕੀਤਾ ਗਿਆ। ਜਿਸ ਵਿੱਚ ਜ਼ਿਲੇ ਭਰ ਤੋਂ 40 ਚੋਟੀ ਦੀਆਂ ਟੀਮਾਂ ਨੇ ਭਾਗ ਲਿਆ।20 ਦਿਨ ਚੱਲੇ ਇਸ ਕ੍ਰਿਕਟ ਟੂਰਨਾਮੈਂਟ ਦੇ ਸਮਾਪਨ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਜੋਂ ਇਲਾਕੇ ਦੇ ਉੱਘੇ ਸਮਾਜ ਸੇਵੀ ਸ.ਜਸਪਾਲ ਸਿੰਘ ‘ਮੰਡੇਰ’ ਪੰਡੋਰੀ ਬੀਬੀ ਨੇ ਸ਼ਿਰਕਤ ਕੀਤੀ।ਇਸ ਮੌਕੇ ਆਪਣੇ ਸੰਬੋਧਨ ਵਿੱਚ ਸ. ਜਸਪਾਲ ਸਿੰਘ ‘ਮੰਡੇਰ’ ਨੇ ਨੌਜਵਾਨਾਂ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਦੀ ਊਰਜਾ ਸ਼ਕਤੀ ਨੂੰ ਉਸਾਰੂ ਪਾਸੇ ਲਾਉਣ ਲਈ ਇਹੋ ਜਿਹੀਆਂ ਸਰਗਰਮੀਆਂ ਅਹਿਮ ਰੋਲ ਅਦਾ ਕਰਦੀਆਂ ਹਨ।ਕਿਉਂਕਿ ਅੱਜ ਦੇ ਭਿਆਨਕ ਦੌਰ ਵਿੱਚ ਬਹੁਗਿਣਤੀ ਨੌਜਵਾਨ ਵਰਗ ਨਸ਼ਿਆਂ ਦੇ ਗੁਲਾਮ ਹੋ ਕੇ ਆਪਣਾ ਹੀਰੇ ਵਰਗਾ ਜੀਵਨ ਭੰਗ ਦੇ ਭਾੜੇ ਗੁਆ ਰਹੇ ਹਨ।ਨਸ਼ਿਆਂ ਦਾ ਗੁਲਾਮ ਹੋਇਆ ਮਨੁੱਖ ਆਪਣੀ ਸਰੀਰਕ ਅਤੇ ਮਾਨਸਿਕ ਸਮੱਰਥਾ ਗੁਆ ਬੈਠਦਾ ਹੈ, ਜਿਸ ਨਾਲ ਕਈ ਘਰ ਬਰਬਾਦ ਹੋ ਰਹੇ ਹਨ।ਅਜਿਹੇ ਹਾਲਾਤਾਂ ਵਿੱਚ ਖੇਡਾਂ ਹੀ ਇੱਕੋ-ਇੱਕ ਜ਼ਰੀਆ ਹਨ ਜਿਸ ਨਾਲ ਨੌਜਵਾਨਾਂ ਨੂੰ ਮਿਲ-ਜੁਲ ਕੇ ਟੀਮ ਵਰਕ ਦੀ ਭਾਵਨਾ ਨਾਲ ਸੰਘਰਸ਼ ਕਰਨ ਅਤੇ ਜਿੱਤ ਦੀ ਪ੍ਰੇਰਨਾ ਹਾਸਿਲ ਹੁੰਦੀ ਹੈ।ਉਨ੍ਹਾਂ ਨੌਜਵਾਨਾਂ ਨੂੰ ਕਲੱਬ ਰਜਿਸਟਰਡ ਕਰਵਾ ਕੇ ਖੇਡਾਂ ਦੇ ਨਾਲ-ਨਾਲ ਸਮਾਜ ਭਲਾਈ ਦੇ ਕਾਰਜਾਂ ਵਿੱਚ ਵੀ ਹਿੱਸਾ ਲੈਣ ਦੀ ਅਪੀਲ ਕਰਦਿਆਂ ਆਪਣੇ ਵੱਲੋਂ 11000 ਰੁਪਏ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਮਰਨਾਈਆਂ ਕਲਾਂ ਅਤੇ ਪੰਡੋਰੀ ਬੀਬੀ ਦੀਆਂ ਟੀਮਾਂ ਵਿਚਾਲੇ ਫੱਸਵਾਂ ਫਾਈਨਲ ਮੈਚ ਖੇਡਿਆ ਗਿਆ।ਜਿਸ ਵਿੱਚੋਂ ਮਰਨਾਈਆਂ ਕਲਾਂ ਦੀ ਟੀਮ ਜੇਤੂ ਰਹੀ ਅਤੇ ਪੰਡੋਰੀ ਬੀਬੀ ਦੀ ਟੀਮ ਨੂੰ ਉੱਪ ਜੇਤੂ ਕਰਾਰ ਦਿੱਤਾ ਗਿਆ।ਜੇਤੂ ਟੀਮ ਨੂੰ ਟਰਾਫੀ ਅਤੇ 5100 ਰੁਪਏ ਨਗਦ ਅਤੇ ਉੱਪ ਜੇਤੂ ਨੂੰ 4100 ਰੁਪਏ ਨਗਦ ਇਨਾਮ ਦਿੱਤਾ ਗਿਆ।ਇਸ ਮੌਕੇ ਸਾਬਕਾ ਸਰਪੰਚ ਪੰਡੋਰੀ ਬੀਬੀ ਹਰਬੰਸ ਲਾਲ, ਸਾਬਕਾ ਸਰਪੰਚ ਜੱਸਾ ਸਿੰਘ ਰਾਜਪੁਰ ਭਾਈਆਂ, ਗੁਰਦੀਪ ਸਿੰਘ ਅੱਤੋਵਾਲ, ਅਮਰ ਸਿੰਘ, ਪ੍ਰਗਟ ਸਿੰਘ, ਬਰਜੇਸ਼ ਕੁਮਾਰ, ਕੁਲਵਿੰਦਰ ਸਿੰਘ, ਰਾਜ ਕੰਵਲ ਤੋਤਾ, ਰੌਬਿਨ ਸਿੱਧੂ, ਜਸਪਾਲ ਸਿੰਘ, ਬਲਵਿੰਦਰ ਸਿੰਘ ਬਿੰਦਾ, ਹਰਪਾਲ ਸਿੰਘ ਆਦਿ ਵੀ ਮੌਜੂਦ ਸਨ।
Punjab Post Daily Online Newspaper & Print Media