
ਨਵੀਂ ਦਿੱਲੀ, 9 ਜੁਲਾਈ (ਅੰਮ੍ਰਿਤ ਲਾਲ ਮੰਨਣ) – ਇੰਟਨੈਸ਼ਨਲ ਸੈਂਟਰ ਫਾੱਰ ਸਿੱਖ ਸੱਟਡੀਜ ਵੱਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਰਥ ਭਰਪੂਰ ਜੀਵਣ ਜੀਉਣ ਦਾ ਢੰਗ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ਼ ਅਦਾਰੇ ਵੱਲੋਂ ਹਰ ਮਹੀਨੇ ਇੱਕ ਨਵੇਂ ਵਿਸ਼ੇ ਤੇ ਸੈਮੀਨਾਰ ਕਰਵਾਉਣ ਦੀ ਚਲਾਈ ਗਈ ਲੜ੍ਹੀ ਦੇ ਤਹਿਤ ਇਸ ਵਾਰ ਡਾ. ਰੌਣਕੀ ਰਾਮ ਵੱਲੋਂ ਸ਼ਬਦ ਗੁਰੂ ਦੇ ਹਵਾਲੇ ਨਾਲ ਜੀਵਣ ਜੀਉਣ ਦਾ ਢੰਗ ਵਿਸਤਾਰ ਨਾਲ ਸਮਝਾਇਆ ਗਿਆ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅਦਾਰੇ ਨੂੰ ਕੌਮਾਂਤਰੀ ਪੱਧਰੀ ਆਧੁਨਿਕ ਤਕਨੀਕਾਂ ਨਾਲ ਲੈਸ ਕਰਨ ਵਾਸਤੇ ਕਮੇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆ ਦਾ ਹਵਾਲਾ ਦਿੰਦੇ ਹੋਏ ਅਦਾਰੇ ਲਈ ਅਮਰੀਕਾ ਦੇ ਹੋਟਲ ਕਾਰੋਬਾਰੀ ਸੰਤ ਸਿੰਘ ਛੱਤਵਾਲ ਵੱਲੋਂ ਛੇ ਕਰੋੜ ਰੁਪਏ ਦੀ ਦਿੱਤੀ ਗਈ ਸਹਾਇਤਾ ਰਾਸ਼ੀ ਦੀ ਜਾਣਕਾਰੀ ਦਿੱਤੀ।ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਂਝੀਵਾਲਤਾ, ਇਮਾਨਦਾਰੀ ਦਾ ਸੁਨੇਹਾ ਮਿਲਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਸ਼ਬਦ ਗੁਰੂ ਦੇ ਭਾਵ ਨੂੰ ਸਮਝਣ ਵਾਸਤੇ ਉਕਤ ਸੈਮੀਨਾਰ ਕਰਵਾਉਣ ਦਾ ਵੀ ਦਾਅਵਾ ਕੀਤਾ।
ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਡਾ. ਜਸਾਪਾਲ ਸਿੰਘ ਨੇ ਇਨਸਾਨ ਦੇ ਮਨ ਵਿੱਚ ਰਹਿਮ ਅਤੇ ਭਲਾਈ ਦੀ ਭਾਵਨਾ ਸਥਾਪਤ ਕਰਦੇ ਹੋਏ ਜੀਵਨ ਵਿੱਚ ਦੋਗਲਾਪੁਣਾ ਤਿਆਗਣ ਦੀ ਵੀ ਅਪੀਲ ਕੀਤੀ।ਚੰਗੇ ਜੀਵਨ ਅਤੇ ਚੰਗੇ ਸਮਾਜ ਨੂੰ ਇੱਕ ਦੂਜੇ ਦਾ ਪੂਰਕ ਦਸਦੇ ਹੋਏ ਡਾ. ਜਸਪਾਲ ਸਿੰਘ ਨੇ ਇੱਕਮਨ ਇੱਕਚਿੱਤ ਹੋ ਕੇ ਬਾਣੀ ਪੜ੍ਹਨ ਦੀ ਵੀ ਮੌਜ਼ੂਦ ਲੋਕਾਂ ਨੂੰ ਪ੍ਰੇਰਣਾ ਕੀਤੀ।ਡਾ. ਰੌਣਕੀ ਰਾਮ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਅਮੋਲਕ ਜੀਵਨ ਦੀ ਗੱਲ ਕਰਦੇ ਹੋਏ ਵਿਸਤਾਰ ਨਾਲ ਗੁਰਬਾਣੀ ਜੀਵਨ ਜਿਉਣ ਬਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜ਼ੂਦ ਵੱਖ-ਵੱਖ ਸਿਧਾਂਤਕ ਖ਼ਜਾਨੀਆਂ ਦਾ ਵੇਰਵਾ ਦਿੱਤਾ।ਰੌਣਕੀ ਰਾਮ ਨੇ ਜੀਵਨ ਕੀ ਹੈੈ ਅਤੇ ਕਿਸ ਪ੍ਰਕਾਰ ਜੀਆ ਜਾਏ? ਆਦਿਕ ਸਵਾਲਾਂ ਦੇ ਜੁਆਬ ਗੁਰਬਾਣੀ ਰਾਹੀਂ ਦਿੱਤੇ ।
ਅਦਾਰੇ ਦੇ ਡਾਇਰੈਕਟਰ ਅਤੇ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ ਨੇ ਆਏ ਪੰਤਵੰਤਿਆਂ ਨੂੰ ਜੀ ਆਇਆਂ ਕਹਿੰਦੇ ਹੋਏ ਸਿੱਖ ਧਰਮ ਦੇ ਪ੍ਰੈਕਟੀਕਲ ਧਰਮ ਹੋਣ ਦਾ ਵੀ ਦਾਅਵਾ ਕੀਤਾ। ਦਿੱਲੀ ਕਮੇਟੀ ਦੇ ਸੀਨੀਅਰ ਮੈਂਬਰ ਕੁਲਮੋਹਨ ਸਿੰਘ ਨੇ ਸਿੱਖ ਕੌਮ ਨਾਲ ਸੰਬੰਧਤ ਦਸਤਾਵੇਜ਼ਾਂ ਨੂੰ ਡਿਜ਼ੀਟਲ ਰੂਪ ਦੇਣ ਵਾਸਤੇ ਅਦਾਰੇ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦੇ ਹੋਏ ਸੰਗਤਾਂ ਕੋਲੋਂ ਮੌਜ਼ੂਦ ਇਤਿਹਾਸਕ ਦਸਤਾਵੇਜ਼ ਅਦਾਰੇ ਤਕ ਭੇਜਣ ਦੀ ਵੀ ਅਪੀਲ ਕੀਤੀ। ਇਸ ਮੌਕੇ ਤੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸਾਬਕਾ ਮੀਤ ਪ੍ਰਧਾਨ ਤਨਵੰਤ ਸਿੰਘ ਅਤੇ ਆਈ.ਟੀ. ਮੁੱਖੀ ਵਿਕਰਮ ਸਿੰਘ ਮੌਜ਼ੂਦ ਸਨ।
Punjab Post Daily Online Newspaper & Print Media