
ਅੰਮ੍ਰਿਤਸਰ, 10 ਜੁਲਾਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਯੁਵਕ ਭਲਾਈ ਵਿਭਾਗ ਦੁਆਰਾ ਲੜਕਿਆਂ ਦਾ ਹਾਈਕਿੰਗ ਟਰੈਕਿੰਗ ਕੈਂਪ ਬੀਤੇ ਦਿਨੀਂ ਯੂਨੀਵਰਸਿਟੀ ਸਟੂਡੈਂਟਸ ਹੋਲੀਡੇ-ਹੋਮ ਡਲਹੋਜ਼ੀ ਵਿਖੇ ਲਗਾਇਆ ਗਿਆ। ਕੈਂਪ ਦੀ ਅਗਵਾਈ ਡਾਇਰੈਕਟਰ ਯੁਵਕ ਭਲਾਈ ਡਾ. ਜਗਜੀਤ ਕੌਰ ਨੇ ਕੀਤੀ। ਇਸ ਕੈਂਪ ਵਿਚ ਟੀਚਰਜ਼ ਸਮੇਤ ਯੂਨੀਵਰਸਿਟੀ ਨਾਲ ਸਬੰਧਿਤ 13 ਵੱਖ-ਵੱਖ ਕਾਲਜਾਂ ਤੋਂ 115 ਕੈਂਪਰਾਂ ਨੇ ਭਾਗ ਲਿਆ।
ਕੈਂਪ ਦੌਰਾਨ ਕੈਂਪਰਾਂ ਨੂੰ ਡਲਹੋਜ਼ੀ ਦੀਆਂ ਵੱਖ-ਵੱਖ ਇਤਿਹਾਸਕ, ਮਨਮੋਹਕ ਥਾਵਾਂ ਜਿਵੇਂ ਕਾਲਾਟੋਪ, ਪੰਚਪੁਲਾ, ਡੈਨ-ਕੁੰਡ, ਜੋਤ, ਖਜਿਆਰ, ਬਾਰਾ-ਪੱਥਰ ਆਦਿ ਦੀ ਟਰੈਕਿੰਗ ਕਰਵਾਈ ਗਈ। ਬੱਚਿਆਂ ਦੀ ਤੰਦਰੁਸਤ ਸਿਹਤ ਦਾ ਧਿਆਨ ਰੱਖਦੇ ਹੋਏ ਰੋਜ਼ਾਨਾ ਸਵੇਰੇ ਯੋਗਾ ਕਲਾਸ ਲਗਾਈ ਜਾਂਦੀ ਰਹੀ। ਕੈਂਪਰਾਂ ਅੰਦਰਲੀ ਕਲਾ ਨੂੰ ਬਾਹਰ ਕੱਢਣ ਅਤੇ ਕਲਾ ਨੂੰੰ ਪੇਸ਼ ਕਰਨ ਦਾ ਮੌਕਾ ਦੇਣ ਲਈ ਹਰ ਰੋਜ਼ ਸ਼ਾਮ ਨੂੰ ਵੱਖ-ਵੱਖ ਮੁਕਾਬਲੇ ਜਿਵੇਂ ਕਿ ਗੀਤ-ਗਜ਼ਲ, ਵਾਦ-ਵਿਵਾਦ, ਕਵਿਤਾ-ਉਚਾਰਣ, ਡਾਂਸ ਆਦਿ ਕਰਵਾਏ ਗਏ। ਇਨਾਂ ਮੁਕਾਬਲਿਆਂ ਵਿਚ ਕੈਂਪਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਕੈਂਪ ਦੌਰਾਨ ਰਿਸੋਰਸ ਪਰਸਨਜ਼ ਡਾ. ਨਰਿੰਦਰ ਸ਼ਰਮਾ ਅਤੇ ਡਾ.ਰਾਕੇਸ਼ ਮੋਹਨ ਸ਼ਰਮਾ ਨੇ ਕੈਂਪਰਾਂ ਨਾਲ ਗਿਆਨ-ਭਰਪੂਰ ਗੱਲਾਂ ਸਾਂਝੀਆਂ ਕੀਤੀਆਂ ਅਤੇ ਜੀਵਨ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਕੈਂਪ ਦੇ ਇਨਾਮ-ਵੰਡ ਸਮਾਰੋਹ ਮੌਕੇ ਮੁੱਖ-ਮਹਿਮਾਨ ਡਾ. ਮਹਿਲ ਸਿੰਘ, ਪ੍ਰਿੰਸੀਪਲ, ਖਾਲਸਾ ਕਾਲਜ ਅੰਮ੍ਰਿਤਸਰ ਸਨ। ਸਮਾਰੋਹ ਦੀ ਪ੍ਰਧਾਨਗੀ ਡਾ. ਰਾਕੇਸ਼ ਮੋਹਨ ਸ਼ਰਮਾ, ਪ੍ਰਿੰਸੀਪਲ,ਜੀ.ਐਨ.ਡੀ.ਯੂ ਕਾਲਜ,ਨਿਆੜੀ ਅਤੇ ਨਰੋਟ ਜੈਪਲ ਸਿੰਘ ਨੇ ਕੀਤੀ। ਇਸ ਮੌਕੇ ਡਾ.ਰਮਿੰਦਰ ਕੌਰ ਅਤੇ ਮਿਸਿਜ਼ ਪਿੰਕੀ ਸ਼ਰਮਾ ਨੇ ਬਤੌਰ ਗੈਸਟ ਆਫ ਆਨਰਜ਼ ਸ਼ਿਰਕਤ ਕੀਤੀ। ਮੁੱਖ-ਮਹਿਮਾਨ ਨੇ ਕੈਂਪਰ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਕਿਰਿਆਵਾਂ ਜਿਵੇਂ ਕੈਂਪਾਂ, ਯੂਥ-ਫੈਸਟੀਵਲਾਂ ਆਦਿ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕੈਂਪਰਾਂ ਨੂੰ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ ਤੇ ਕੈਂਪਾਂ ਵਿਚ ਅਨੁਸਾਸ਼ਨ ਵਿਚ ਰਹਿ ਕੇ ਅਤੇ ਮਿਹਨਤ ਕਰਦੇ ਹੋਏ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਨ ਦਾ ਆਸ਼ੀਰਵਾਦ ਦਿੱਤਾ। ਡਾ. ਰਾਕੇਸ਼ ਮੋਹਨ ਸ਼ਰਮਾ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿਚ ਇਕ ਨਿਰਧਾਰਿਤ ਕੀਤੇ ਹੋਏ ਟੀਚੇ ਨੂੰ ਲੈ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਇਨਾਮ ਵੰਡ ਸਮਾਰੋਹ ਮੌਕੇ ਕੈਂਪ ਦੀ ਬੈਸਟ ਡਿਸਿਪਲਨਡ ਟੀਮ ਦਾ ਇਨਾਮ ਲਾਇਲਪੂਰ ਖਾਲਸਾ ਕਾਲਜ ਜਲੰਧਰ , ਸੈਕੰਡ ਬੈਸਟ ਡਿਸਪਲਨਡ ਟੀਮ ਦਾ ਇਨਾਮ ਸ਼੍ਰੀ ਗੁਰੁ ਤੇਗ ਬਹਾਦੁਰ ਕਾਲਜ ,ਸਠਿਆਲਾ ਅਤੇ ਤੀਸਰਾ ਬੈਸਟ ਡਿਸਪਲਨਡ ਟੀਮ ਦਾ ਇਨਾਮ ਐਸ.ਐਲ. ਬਾਵਾ ਡੀ.ਏ.ਵੀ. ਕਾਲਜ, ਬਟਾਲਾ ਨੂੰ ਮਿਲਿਆ । ਕੈਂਪ ਦਾ ਬੈਸਟ ਕੈਂਪਰ ਦਾ ਇਨਾਮ ਲਾਇਲਪੂਰ ਖਾਲਸਾ ਕਾਲਜ ਜਲੰਧਰ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਸਿੱਧੂ , ਸੈਕੰਡ ਬੈਸਟ ਕੈਂਪਰ ਦਾ ਇਨਾਮ ਐਸ. ਆਰ. ਪੀ.ਏ .,ਏ.ਬੀ ਕਾਲਜ ਪਠਾਨਕੋਟ ਦੇ ਵਿਦਿਆਰਥੀ ਪੰਕਜ ਸੋਹਲ ਅਤੇ ਤੀਸਰਾ ਬੈਸਟ ਕੈਂਪਰ ਦਾ ਇਨਾਮ ਜਸਪਿੰਦਰ ਸਿੰਘ ਲਾਇਲਪੂਰ ਖਾਲਸਾ ਕਾਲਜ ਜਲੰਧਰ ਨੇ ਪ੍ਰਾਪਤ ਕੀਤਾ। ਡਾ. ਜਗਜੀਤ ਕੌਰ ਨੇ ਸਮਾਰੋਹ ਮੌਕੇ ਆਏ ਹੋਏ ਮੁੱਖ-ਮਹਿਮਾਨ, ਗੈਸਟਸ ਆਫ ਆਨਰਜ਼ ਅਤੇ ਹੋਰ ਮਹਿਮਾਨਾਂ ਨੂੰ ਸਨਮਾਨ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਆਏ ਮਹਿਮਾਨਾਂ ਅਤੇ ਕੈਂਪਰਾਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media